ਅਕਾਲੀਆਂ ਦਾ ਕਿਸਾਨ ਮੁਜ਼ਾਹਰਾ ਇੱਕ ਸਿਆਸੀ ਸਟੰਟ : ਮੁੱਖ ਮੰਤਰੀ

ਚੰਡੀਗੜ੍ਹ, 12 ਫਰਵਰੀ (ਸ.ਬ.) ਮੁੱਠੀ ਭਰ ਕਿਸਾਨਾਂ ਦੇ ਨਾਲ ਵਿਧਾਨ ਸਭਾ ਨੇੜੇ ਅਕਾਲੀਆਂ ਦੇ ਮੁਜ਼ਾਹਰੇ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਸਿਆਸੀ ਸਟੰਟ ਦੱਸਿਆ ਹੈ|
ਬਜਟ ਸਮਾਗਮ ਦੇ ਪਹਿਲੇ ਦਿਨ ‘ਰਾਜਪਾਲ ਦੇ ਭਾਸ਼ਣ ਮੌਕੇ ਵਿਧਾਨ ਸਭਾ ਵਿਚੋਂ ਵਾਕਆਉਟ ਕਰਨ ਲਈ ਵੀ ਮੁੱਖ ਮੰਤਰੀ ਨੇ ਅਕਾਲੀਆਂ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਦੀ ਤਿੱਖੀ ਆਲੋਚਨਾ ਕੀਤੀ| ਉਨ੍ਹਾਂ ਕਿਹਾ ਕਿ ਅਕਾਲੀ ਆਪਣੇ 10 ਸਾਲ ਦੇ ਸ਼ਾਸਨ ਦੌਰਾਨ ਕਿਸਾਨਾਂ ਲਈ ਕੁਝ ਵੀ ਕਰਨ ਵਿੱਚ ਨਾਕਾਮ ਰਹੇ ਅਤੇ ਹੁਣ ਕਿਸਾਨ ਕਰਜ਼ਾ ਮੁਆਫੀ ਦੇ ਮੁੱਦੇ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਘਟੀਆ ਕਿਸਮ ਦੇ ਸਾਰੇ ਦਾਅ ਪੇਚਾਂ ਦੇ ਰਾਹੀਂ ਨਿਰਾਸ਼ਾਜਨਕ ਕੋਸ਼ਿਸ਼ ਕਰ ਰਹੇ ਹਨ|
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੀ ਕਰਜ਼ਾ ਰਾਹਤ ਸਕੀਮ ਦੇ ਨਾਲ ਪਹਿਲਾ ਹੀ 5.83 ਲੱਖ ਕਿਸਾਨਾਂ ਦੀ ਮਦਦ ਕੀਤੀ ਹੈ ਅਤੇ ਛੇਤੀਂ ਹੀ 10.25 ਲੱਖ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਇਸ ਸਕੀਮ ਹੇਠ ਲਿਆਂਦਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕਾਰਨ ਅਕਾਲੀਆਂ ਨੂੰ ਮੂੰਹ ਦੀ ਖਾਣੀ ਪਵੇਗੀ| ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਇਹੋ ਸਮੱਸਿਆ ਹੈ ਕਿ ਇਸ ਕੋਲ ਸਦਨ ਵਿਚ ਉਠਾਉਣ ਲਈ ਕੋਈ ਵੀ ਮੁੱਦਾ ਨਹੀਂ ਹੈ ਅਤੇ ਇਹ ਬਿਨਾ ਕਿਸੇ ਮੁੱਦੇ ਤੋਂ ਰੌਲਾ-ਰੱਪਾ ਪਾ ਕੇ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ|
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਣਾਈ ਰੱਖਣ ਵਾਸਤੇ ਵਿਰੋਧੀ ਧਿਰ ਨੂੰ ਉਨ੍ਹਾਂ ਜਮਹੂਰੀ ਸਿਧਾਂਤਾਂ ਦੀ ਲੀਹ ਤੇ ਕੰਮ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਤੇ ਸੰਸਦੀ ਸੰਸਥਾਵਾਂ ਦੀ ਬੁਨਿਆਦ ਹੈ| ਉਨ੍ਹਾਂ ਨੇ ਸੂਬੇ ਦੇ ਲੋਕਾਂ ਦੇ ਹੱਕ ਵਿਚ ਅਕਾਲੀਆਂ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ਠੋਸ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ| ਇੱਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਬਹਿਬਲ ਕਲਾਂ ਗੋਲੀਬਾਰੀ ਦੀ ਘਟਨਾ ਦੀ ਜਾਂਚ ਲਈ ਸਦਨ ਦੀਆਂ ਸਿਫਾਰਸ਼ਾਂ ਤੇ ਐਸ.ਆਈ.ਟੀ ਦੀ ਸਥਾਪਨਾ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਸਰਕਾਰ ਦੀ ਕੋਈ ਵੀ ਕਾਰਵਾਈ ਜਾਂਚ ਤੋਂ ਨਿਕਲਣ ਵਾਲੇ ਨਤੀਜੇ ਤੇ ਨਿਰਭਰ ਕਰਦੀ ਹੈ| ਬੇਗੁਨਾਹ ਲੋਕਾਂ ਵਿਰੁੱਧ ਅਪਰਾਧ ਲਈ ਜ਼ਿੰਮੇਵਾਰਾਂ ਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਜਾਵੇਗੀ| ਉਨ੍ਹਾਂ ਕਿਹਾ ਕਿ ਰੁਤਬੇ ਅਤੇ ਸਿਆਸੀ ਸਬੰਧਿਤਤਾ ਦਾ ਬਿਨਾ ਲਿਹਾਜ ਕੀਤੇ ਇਸ ਮਾਮਲੇ ਵਿੱਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ| ਲੁਧਿਆਣਾ ਬਲਾਤਕਾਰ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕੁਝ ਸ਼ੱਕੀਆਂ ਨੂੰ ਫੜਿਆ ਗਿਆ ਹੈ|

Leave a Reply

Your email address will not be published. Required fields are marked *