ਅਕਾਲੀਆਂ ਦੀਆਂ ਧੱਕੇਸ਼ਾਹੀਆਂ ਦੇ ਕੈਪਟਨ ਸਰਕਾਰ ਆਉਣ ‘ਤੇ ਦਿਆਂਗੇ ਜਵਾਬ : ਗਰਚਾ

ਕੁਰਾਲੀ, 9 ਅਗਸਤ : ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਦੇ ਲੋਕ ਪੁਲਿਸ ਥਾਣਿਆਂ ਵਿੱਚ ਇਨਸਾਫ਼ ਲਈ ਤਰਸ ਰਹੇ ਹਨ ਜਦਦਿ ਥਾਣਿਆਂ ਨੂੰ ਅਕਾਲੀ ਸਰਕਾਰ ਦੇ ਜਥੇਦਾਰ ਚਲਾ ਰਹੇ ਹਨ| ਆਮ ਬੰਦੇ ਦੀ ਸੁਣਵਾਈ ਥਾਣਿਆਂ ਵਿੱਚ ਨਹੀਂ ਹੋ ਰਹੀ ਹੈ ਜਦਕਿ ਜਥੇਦਾਰਾਂ ਦੇ ਫੋਨਾਂ ‘ਤੇ ਕਾਰਵਾਈਆਂ ਹੋ ਰਹੀਆਂ ਹਨ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਵਿਧਾਨ ਸਭਾ ਹਲਕਾ ਖਰੜ ਦੇ ਕਸਬਾ ਕੁਰਾਲੀ ਵਿਖੇ ਲੋਕਾਂ ਨਾਲ ਵੱਖ ਵੱਖ ਨੁੱਕੜ ਮੀਟਿੰਗਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ|
ਦੱਸਣਯੋਗ ਹੈ ਕਿ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਕੈਟਪਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਮਿਸ਼ਨ-2017 ਦੀ ਪ੍ਰਾਪਤੀ ਲਈ ਹਲਕਾ ਖਰੜ ਵਿੱਚ ਸ਼ੁਰੂ ਕੀਤੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਦੇ ਹੋਏ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਪਾਰਟੀ ਪ੍ਰਤੀ ਲਾਮਬੰਦ ਕੀਤਾ ਜਾ ਰਿਹਾ ਹੈ|
ਸ੍ਰੀਮਤੀ ਗਰਚਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀਆਂ ਦੀਆਂ ਧੱਕੇਸ਼ਾਹੀਆਂ ਦੇ ਮੂੰਹ ਤੋੜਵੇਂ ਜਵਾਬ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਆਉਣ ‘ਤੇ ਦਿੱਤੇ ਜਾਣਗੇ| ਉਨ੍ਹਾਂ ਅਕਾਲੀ ਸਰਕਾਰ ਉਤੇ ਵਰ੍ਹਦਿਆਂ ਕਿਹਾ ਕਿ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਉਲਝਾ ਕੇ ਅਕਾਲੀ ਸਰਕਾਰ ਵੱਲੋਂ ਜ਼ਬਰਦਸਤੀ ਸਿਰੋਪੇ ਪਾ ਕੇ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਦੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ| ਹਕੀਕਤ ਇਹ ਹੈ ਕਿ ਲੋਕੀਂ ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਦੀ ਉਡੀਕ ਕਰ ਰਹੇ ਹਨ ਅਤੇ ਚੋਣ ਜ਼ਾਬਤਾ ਲੱਗਣ ਉਪਰੰਤ ਹੀ ਅਸਲੀਅਤ ਸਾਹਮਣੇ ਆਵੇਗੀ ਕਿ ਅਕਾਲੀ ਸਰਕਾਰ ਤੋਂ ਲੋਕ ਕਿਸ ਕਦਰ ਦੁਖੀ ਹੋ ਚੁੱਕੇ ਹਨ| ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਨੇ ਪਿਛਲੇ 9 ਸਾਲਾਂ ਦੇ ਕਾਰਜਕਾਲ ਵਿੱਚ ਕਦੇ ਲੋਕ ਭਲਾਈ ਸਕੀਮਾਂ ਦੀ ਗੱਲ ਨਹੀਂ ਕੀਤੀ, ਹੁਣ ਚੋਣ ਵਰ੍ਹਾ ਨੇੜੇ ਆਉਂਦਾ ਦੇਖ ਅਤੇ ਆਪਣਾ ਸੂਪੜਾ ਸਾਫ਼ ਹੁੰਦਾ ਦੇਖ ਕੇ ਅਕਾਲੀ ਸਰਕਾਰ ਨੇ ਲੋਕ ਭਲਾਈ ਸਕੀਮਾਂ ਦੀ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ ਹੈ|
ਸ੍ਰੀਮਤੀ ਗਰਚਾ ਨੇ ਬੀਤੇ ਦਿਨ ਬਠਿੰਡਾ ਦਿਹਾਤੀ ਹਲਕੇ ਵਿੱਚ ਅਕਾਲੀ ਆਗੂ ਵੱਲੋਂ ਇੱਕ ਬਜ਼ੁਰਗ ਕਾਂਗਰਸੀ ਆਗੂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਪੁਲਿਸ ਸਟੇਸ਼ਨ ਸੰਗਤ ਵਿਖੇ ਖੁਦ ਜਾ ਕੇ ਮੱਦਦ ਕੀਤੇ ਜਾਣ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਦੀ ਗੁੰਡਾਗਰਦੀ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ਅਤੇ ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣਗੇ| ਇਸ ਲਈ ਮੌਜੂਦਾ ਸਮੇਂ ਵਿੱਚ ਅਜਿਹੇ ਧਾਕੜ ਮੁੱਖ ਮੰਤਰੀ ਦੀ ਹੀ ਪੰਜਾਬ ਨੂੰ ਲੋੜ ਹੈ|
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਅਕਾਲੀਆਂ ਦੀਆਂ ਧੱਕੇਸ਼ਾਹੀਆਂ ਦੇ ਜਵਾਬ ਦਿੱਤੇ ਜਾ ਸਕਣ ਅਤੇ ਪੰਜਾਬ ਨੂੰ ਬਚਾਇਆ ਜਾ ਸਕੇ|
ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਖੇਡ ਪ੍ਰਮੋਟਰ ਅਤੇ ਸੀਨੀਅਰ ਕਾਂਗਰਸੀ ਆਗੂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਲੱਕੀ ਕਲਸੀ, ਦਿਨੇਸ਼ ਗੌਤਮ, ਰਾਜੇਸ਼ ਰਾਠੌਰ, ਬੱਲੀ ਸੈਣੀ, ਪਰਮਜੀਤ ਛੰਮਾ, ਰਮਾਂਕਾਂਤ ਕਾਲੀਆ, ਵਿਪਨ ਰਾਣਾ, ਰਜਿੰਦਰ ਸਿੰਘ ਰਾਠੌਰ ਆਦਿ ਹਾਜਿਰ ਸਨ

Leave a Reply

Your email address will not be published. Required fields are marked *