ਅਕਾਲੀ ਆਗੂਆਂ ਨੇ ਮੁਹਾਲੀ ਨਗਰ ਨਿਗਮ ਚੋਣਾਂ ਸਬੰਧੀ ਨਿਸ਼ਚਿਤ ਤਾਰੀਕ ਤੋਂ ਬਾਅਦ ਵੀ ਵੋਟਰ ਸੂਚੀਆਂ ਦੀਆਂ ਲਿਸਟਾਂ ਨਾ ਲਗਾਉਣ ਦੇ ਦੋਸ਼ ਲਗਾਏ


ਐਸ ਏ ਐਸ ਨਗਰ, 12 ਦਸੰਬਰ (ਸ.ਬ.) ਅਕਾਲੀ ਦਲ ਸਾਬਕਾ ਕੌਂਸਲਰਾਂ ਅਤੇ ਹੋਰਨਾਂ ਆਗੂਆਂ ਨੇ ਦੋਸ਼ ਲਗਾਇਆ ਹੈ ਕਿ  ਮੁਹਾਲੀ ਨਗਰ ਨਿਗਮ ਚੋਣਾਂ ਸਬੰਧੀ ਨਿਸ਼ਚਿਤ ਤਾਰੀਖ ਤੇ ਵੋਟਰ ਲਿਸਟਾਂ ਬਾਰੇ ਕੋਈ ਸੂਚਨਾ ਨਿਗਮ ਦਫ਼ਤਰ ਵਿੱਚ ਪ੍ਰਕਾਸ਼ਿਤ ਨਹੀਂ ਕੀਤੀ ਗਈ ਜਿਸ ਕਾਰਨ ਚੋਣ ਲੜਨ ਦੇ ਵੱਖ-ਵੱਖ ਚਾਹਵਾਨ ਵਿਅਕਤੀਆਂ ਨੂੰ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ| 
ਅੱਜ ਇਨ੍ਹਾਂ ਵੋਟਰ ਲਿਸਟਾਂ ਬਾਰੇ ਪਤਾ ਕਰਨ ਲਈ ਕਈ ਸਾਬਕਾ ਕੌਂਸਲਰ ਨਿਗਮ ਦਫ਼ਤਰ ਪਹੁੰਚੇ ਅਤੇ ਜਦੋਂ ਉਹਨਾਂ ਨੂੰ ਉਥੇ ਕੋਈ ਜਾਣਕਾਰੀ ਨਾ ਮਿਲੀ ਤਾਂ ਇਹਨਾਂ ਸਾਬਕਾ ਕੌਂਸਲਰਾਂ ਨੇ ਨਿਗਮ ਦਫ਼ਤਰ ਦੇ ਬਾਹਰ ਧਰਨਾ           ਦੇਣਾ ਸ਼ੁਰੂ ਕਰ ਦਿੱਤਾ ਅਤੇ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਸ਼ਹਿ ਉਤੇ ਧੱਕੇਸ਼ਾਹੀਆਂ ਦੇ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ|
ਇਸ ਮੌਕੇ ਨਿਗਮ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ, ਆਰ.ਪੀ. ਸ਼ਰਮਾ, ਕੁਲਦੀਪ ਕੌਰ ਕੰਗ, ਪਰਮਜੀਤ ਸਿੰਘ ਕਾਹਲੋਂ, ਹਰਮੇਸ਼ ਕੁੰਭੜਾ, ਹਰਪਾਲ ਸਿੰਘ ਚੰਨਾ, ਅਰੁਣ ਗੋਇਲ, ਸੁਖਦੇਵ ਸਿੰਘ ਪਟਵਾਰੀ ਅਤੇ ਅਕਾਲੀ ਆਗੂਆਂ ਨੰਬਰਦਾਰ ਹਰਸੰਗਤ ਸਿੰਘ, ਜਸਪਾਲ ਸਿੰਘ ਮਟੌਰ, ਜੱਕੇਦਾਰ ਕਰਤਾਰ ਸਿੰਘ ਤਸਿੰਬਲੀ ਆਦਿ ਨੇ ਕਿਹਾ ਕਿ ਲੋਕਲ ਬਾਡੀਜ਼ ਵਿਭਾਗ ਪੰਜਾਬ ਵੱਲੋਂ ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਸਬੰਧੀ ਵੋਟਰ ਸੂਚੀਆਂ ਪ੍ਰਕਾਸ਼ਿਤ ਕਰਨ ਦੀ ਅੰਤਿਮ ਤਾਰੀਖ 10 ਦਸੰਬਰ ਨਿਸ਼ਚਿਤ ਕੀਤੀ ਗਈ ਸੀ ਅਤੇ ਐਸ.ਡੀ.ਐਮ. ਮੁਹਾਲੀ ਵੱਲੋਂ ਵੋਟਰ ਸੂਚੀਆਂ ਦੀ ਲਿਸਟਾਂ ਸਬੰਧੀ ਸੂਚਨਾ ਨਗਰ ਨਿਗਮ ਦਫ਼ਤਰ ਵਿੱਚ ਨੋਟਿਸ ਬੋਰਡ ਤੇ ਚਿਪਕਾਈ ਜਾਣੀ ਸੀ ਅਤੇ ਇਨ੍ਹਾਂ ਲਿਸਟਾਂ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਤਰਾਜ਼ ਵੀ ਮੰਗੇ ਜਾਣੇ ਸਨ ਪ੍ਰੰਤੂ ਅੱਜ ਦੋ ਦਿਨ ਬਾਅਦ ਵੋਟਰ ਲਿਸਟਾਂ ਸਬੰਧੀ ਕੋਈ ਸੂਚਨਾ ਪ੍ਰਕਾਸ਼ਿਤ ਨਹੀਂ ਕੀਤੀ ਗਈ|
ਇਸ ਸੰਬੰਧੀ ਮਿਉਂਸਪਲ ਟਾਊਨ ਪਲਾਨਰ ਰਜਨੀਸ਼ ਵਧਵਾ ਨੇ ਕਿਹਾ ਕਿ ਅਕਾਲੀ ਆਗੂਆਂ ਵਲੋਂ ਲਗਾਏ ਜਾ ਰਹੇ ਇਹ ਇਲਜਾਮ ਬੇਬੁਨਿਆਦ ਹਨ| ਉਹਨਾਂ ਕਿਹਾ ਕਿ ਇਸ ਸੰਬੰਧੀ ਸੂਚਨਾ 10 ਦਸੰਬਰ ਨੂੰ ਹੀ ਜਨਤਕ ਕਰ ਦਿੱਤੀ ਗਈ ਸੀ ਅਤੇ ਨਗਰ ਨਿਗਮ ਦੇ ਨੋਟਿਸ ਬੋਰਡ ਤੇ ਲਗਾਉਣ ਦੇ ਨਾਲ ਨਾਲ ਸ਼ਹਿਰ ਵਿੱਚ ਵੱਖ ਵੱਖ ਜਨਤਕ ਥਾਵਾਂ (ਸਿਖਿਆ ਬੋਰਡ, ਹਸਪਤਾਲ, ਗਮਾਡਾ, ਸਿਲਵੀ ਪਾਰਕ, ਬੋਗਨਵਿਲਾ ਪਾਰਕ, ਗੁਰਦੁਆਰਾ ਸਾਚਾ ਧਨ) ਵਿਖੇ ਵੀ ਨੋਟਿਸ ਬੋਰਡਾਂ ਤੇ ਲਗਾਏ ਗਏ ਹਨ|

Leave a Reply

Your email address will not be published. Required fields are marked *