ਅਕਾਲੀ ਕੌਂਸਲਰਾਂ ਵਲੋਂ ਪਾਏ ਕੇਸ ਦੀ ਭਲਕੇ ਹੋਣ ਵਾਲੀ ਸੁਣਵਾਈ ਤੈਅ ਕਰੇਗੀ ਨਗਰ ਨਿਗਮ ਚੋਣਾਂ ਦਾ ਭਵਿੱਖ ਵਾਰਡਬੰਦੀ ਦੇ ਖਿਲਾਫ ਅਕਾਲੀ ਕੌਂਸਲਰਾਂ ਵਲੋਂ ਪਾਏ ਕੇਸ ਦੀ ਭਲਕੇ ਹੋਣੀ ਹੈ ਸੁਣਵਾਈ


ਭੁਪਿੰਦਰ ਸਿੰਘ 
ਐਸ. ਏ. ਐਸ. ਨਗਰ, 16 ਨਵੰਬਰ

ਨਗਰ ਨਿਗਮ ਐਸ ਏ ਐਸ ਨਗਰ ਦੀ ਚੋਣ ਲਈ ਭਾਵੇਂ ਸਰਕਾਰ ਵਲੋਂ ਵਾਰਡਬੰਦੀ ਦਾ ਅਮਲ ਮੁਕੰਮਲ ਕਰ ਲਿਆ ਗਿਆ ਹੈ ਅਤੇ ਸੱਤਾਧਾਰੀ ਆਗੂਆਂ ਵਲੋਂ 15 ਦਸੰਬਰ ਤਕ ਚੋਣਾਂ ਮੁਕੰਮਲ ਕਰਵਾਉਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰੰਤੂ ਦੂਜੇ ਪਾਸੇ ਅਕਾਲੀ ਕੌਂਸਲਰ ਕਹਿ ਰਹੇ ਹਨ ਕਿ ਨਿਗਮ ਚੋਣਾਂ ਦੋ ਤਿੰਨ ਮਹੀਨੇ ਬਾਅਦ ਹੀ ਹੋਣੀਆਂ ਹਨ| 
ਅਕਾਲੀ ਕੌਂਸਲਰਾਂ ਦਾ ਇਲਜ਼ਾਮ ਹੈ ਕਿ ਹਲਕਾ ਵਿਧਾਇਕ ਅਤੇ ਸੂਬੇ ਦੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਨਗਰ ਨਿਗਮ ਦੀ ਵਾਰਡਬੰਦੀ ਦੌਰਾਨਆਪਣੀ ਸਰਕਾਰੀ ਪੁਜੀਸ਼ਨ ਦਾ ਫਾਇਦਾ ਲੈ ਕੇ ਅਕਾਲੀ ਭਾਜਪਾ ਕੌਂਸਲਰਾਂ ਦੇ ਵਾਰਡਾਂ ਦੀ ਬੁਰੀ ਤਰ੍ਹਾਂ ਭੰਨੜਤੋੜ ਕੀਤੀ ਗਈ ਹੈ ਅਤੇ ਇਸ ਦੌਰਾਨ ਜਿੱਥੇ ਜਿਆਦਾਤਰ ਸਾਬਕਾ ਕੌਂਸਲਰਾਂ ਦੇ ਵਾਰਡ ਰਾਖਵੇਂ ਕਰ ਦਿੱਤੇ ਗਏ ਹਨ ਉੱਥੇ ਕੁੱਝ ਵਾਰਡਾਂ ਦੀ ਬਣਤਰ ਹੀ ਅਜਿਹੀ ਬਣਾ ਦਿੱਤੀ ਗਈ ਹੈ ਕਿ ਉਹਨਾਂ ਵਾਰਡਾਂ ਵਿੱਚ ਸ੍ਰ. ਸਿੱਧੂ ਦੇ ਵਿਰੋਧੀ ਕੌਂਸਲਰਾਂ ਨੂੰ ਆਪਸ ਵਿੱਚ ਹੀ ਮੁਕਾਬਲਾ ਕਰਨ ਲਈ ਮਜਬੂਰ ਹੋਣਾਂ ਪੈ ਗਿਆ ਹੈ| 
ਇਸ ਸੰਬੰਧੀ ਸਰਕਾਰ ਵਲੋਂ ਵਾਰਡਬੰਦੀ ਦਾ ਪ੍ਰਸਤਾਵਿਤ ਨਕਸ਼ਾ ਜਾਰੀ ਕਰਨ ਤੋਂ ਬਾਅਦ ਅਕਾਲੀ ਦਲ ਦੇ ਸਾਬਕਾ ਕੌਂਸਲਰ ਸ੍ਰ. ਪਰਵਿੰਦਰ ਸਿੰਘ ਸੋਹਾਣਾ, ਸ੍ਰ. ਸੁਰਿੰਦਰ ਸਿੰਘ ਰੋਡਾ, ਸ੍ਰ. ਗੁਰਮੁੱਖ ਸਿੰਘ ਸੋਹਲ, ਕਮਲਜੀਤ ਕੌਰ ਅਤੇ ਕੌਂਸਲਰ ਆਰ ਪੀ  ਸ਼ਰਮਾ ਦੇ ਪੁੱਤਰ ਸ੍ਰੀ ਮਨੀਸ਼ ਸ਼ੰਕਰ ਵਲੋਂ ਮਾਣਯੋਗ ਹਾਈਕੋਰਟ ਵਿੱਚ ਦਾਖਿਲ ਕੀਤੀ ਗਈ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਸ਼ਹਿਰ ਦੀ ਹੱਦਬੰਦੀ ਵਿੱਚ ਕੋਈ ਵਾਧਾ ਨਾ ਕੀਤੇ ਜਾਣ ਕਾਰਨ ਇਸ ਵਾਰ ਡੀ-             ਲਿਮਿਟੇਸ਼ਨ ਦੀ ਲੋੜ ਹੀ ਨਹੀਂ ਸੀ ਅਤੇ ਸਿਰਫ ਰੀ-ਐਡਜਸਟਮੈਂਟ ਹੀ ਕੀਤੀ ਜਾਣੀ ਸੀ ਜਿਸਦੇ ਤਹਿਤ ਵਾਰਡ ਨੰ. 1 ਦੀ ਸ਼ੁਰੂਆਤ ਪਿਛਲੀ ਵਾਰਡਬੰਦੀ ਅਨੁਸਾਰ ਹੀ ਹੋਣੀ ਸੀ ਪਰੰਤੂ ਸਿਆਸੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਸ ਵਾਰ ਦੀ ਵਾਰਡਬੰਦੀ ਦੇ ਨੰਬਰਾਂ ਦੀ ਸ਼ੁਰੂਆਤ ਕਿਸੇ ਹੋਰ ਥਾਂ ਤੋਂ ਕੀਤੀ ਗਈ ਹੈ ਅਤੇ ਨੰਬਰ ਬਦਲ ਦਿੱਤੇ ਗਏ ਹਨ ਜੋ ਕਿ ਕਾਨੂੰਨੀ ਤੌਰ ਤੇ ਗਲਤ ਹਨ| ਇਸਤੋਂ ਇਲਾਵਾ ਪਟੀਸ਼ਨ ਵਿੰਚ ਗਲਤ ਤਰੀਕੇ ਨਾਲ ਰਾਖਵਾਂਕਰਨ ਕਰਨ ਅਤੇ ਵਾਰਡਾਂ ਦੀ ਬਿਨਾ ਵਜ੍ਹਾ ਵੱਢ ਟੁੱਕ ਕਰਨ ਦੇ ਇਲਜਾਮ ਵੀ ਲਗਾਏ ਗਏ ਸਨ| 
ਅਕਾਲੀ ਕੌਂਸਲਰਾਂ ਦੀ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਭਾਵੇਂ ਸਰਕਾਰ ਨੂੰ ਜਵਾਬ ਦਾਖਿਲ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਪਰੰਤੂ ਮਾਮਲੇ ਦੀ ਸੁਣਵਾਈ 6  ਜਨਵਰੀ ਤਕ ਮੁਲਤਵੀ ਕਰ ਦਿੱਤੀ ਗਈ ਸੀ| ਇਸ ਸੰਬੰਧੀ ਸਰਕਾਰ ਵਲੋਂ ਬੀਤੀ 5 ਨਵੰਬਰ ਨੂੰ ਵਾਰਡਬੰਦੀ ਦੀ ਫਾਈਨਲ ਨੋਟਿਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ ਜਿਸਤੇ ਅਕਾਲੀ ਕੌਂਸਲਰਾਂ ਨੇ ਦੁਬਾਰਾ ਅਦਾਲਤ ਦਾ ਦਰਵਾਜਾ ਖੜਕਾਇਆ ਹੈ ਜਿਸਦੀ ਸੁਣਵਾਈ ਭਲਕੇ ਹੋਣੀ ਹੈ ਅਤੇ ਇਹ ਹੁਣ ਅਦਾਲਤ ਦੇ ਫੈਸਲੇ ਤੇ ਹੀ ਨਿਰਭਰ ਕਰੇਗਾ ਕਿ ਨਗਰ ਨਿਗਮ ਚੋਣਾਂ ਸੱਤਾਧਾਰੀਆਂ ਦੇ ਦਾਅਵੇ ਅਨੁਸਾਰ ਮੁਕੰਮਲ ਹੋਣਗੀਆਂ ਜਾਂ ਫਿਰ ਅਕਾਲੀ ਕੌਂਸਲਰਾਂ ਦੇ ਦਾਅਵੇ ਅਨੁਸਾਰ ਥੋੜ੍ਹਾ ਸਮਾਂ ਰੁਕ ਕੇ ਸਿਰੇ ਚੜਨਣਗੀਆਂ| ਇਸ ਕਰਕੇ ਸਾਰਿਆਂ ਦੀਆਂ ਨਜਰਾਂ ਹੁਣ ਭਲਕੇ ਹੋਣ ਵਾਲੀ ਇਸ ਸੁਣਵਾਈ ਤੇ ਹੀ ਟਿਕੀਆਂ ਹੋਈਆਂ ਹਨ|

Leave a Reply

Your email address will not be published. Required fields are marked *