ਅਕਾਲੀ ਦਲ ਅਤੇ ਆਪ ਦੇ ਉਮੀਦਵਾਰਾਂ ਦਾ ਐਲਾਨ ਨਾ ਹੋਣ ਕਾਰਣ ਚੋਣ ਮੈਦਾਨ ਠੰਡਾ ਅਗਲੇ ਇੱਕ ਦੋ ਦਿਨਾਂ ਵਿੱਚ ਦੋਵਾਂ ਉਮੀਦਵਾਰਾਂ ਦੇ ਐਲਾਨ ਦੀ ਸੰਭਾਵਨਾ

ਐਸ.ਏ.ਐਸ.ਨਗਰ, 28 ਦਸੰਬਰ (ਸ.ਬ.) ਫਰਵਰੀ ਮਹੀਨੇ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਸੰਬੰਧੀ ਮੁਹਾਲੀ ਹਲਕੇ ਵਿੱਚ ਚੋਣ ਸਰਗਰਮੀਆਂ ਵਿੱਚ ਪੂਰੀ ਤੇਜ਼ੀ ਨਹੀਂ ਆਈ ਹੈ| ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਆਪ ਨੂੰ ਉਮੀਦਵਾਰਾਂ ਦਾ ਐਲਾਨ ਨਾ ਕੀਤੇ ਜਾਣ ਕਾਰਨ ਸਿਆਸੀ ਸਰਗਰਮੀਆਂ ਸੁਸਤ ਹਨ ਅਤੇ ਜਦੋਂ ਤੱਕ ਇਹਨਾਂ ਉਮੀਦਵਾਰਾਂ ਦੇ ਨਾਵਾਂ ਦਾ ਰਸਮੀਂ ਐਲਾਨ ਨਹੀਂ ਹੁੰਦਾ ਚੋਣ ਮੈਦਾਨ ਠੰਡਾ ਹੀ ਦਿਖ ਰਿਹਾ ਹੈ|
ਆਮ ਆਦਮੀ ਪਾਰਟੀ ਵੱਲੋਂ ਮੁਹਾਲੀ ਵਿਧਾਨਸਭਾ ਹਲਕੇ ਲਈ ਉਮੀਦਵਾਰ ਬਾਰੇ ਫੈਸਲੇ ਦਾ ਰੇੜਕਾ ਹੁਣੇ ਕਾਇਮ ਹੈ ਅਤੇ ਇਸਦਾ ਫੈਸਲਾ ਹੋਣ ਵਿੱਚ ਹੁਣੇ ਹੋਰ ਸਮਾਂ ਲੱਗ ਸਕਦਾ ਹੈ| ਪਾਰਟੀ ਦੇ ਸੂਤਰ ਦੱਸਦੇ ਹਨ ਕਿ ਮੁਹਾਲੀ ਹਲਕੇ ਤੋਂ ਉਮੀਦਵਾਰ ਦਾ ਐਲਾਨ ਅਗਲੇ ਇੱਕ ਦੋ ਦਿਨਾਂ ਵਿੱਚ ਹੋ ਸਕਦਾ ਹੈ ਅਤੇ ਪਾਰਟੀ ਵੱਲੋਂ ਇਸ ਸੰਬੰਧੀ ਕਿਸੇ ਸਥਾਨਕ ਆਗੂ ਜਾਂ ਕਿਸੇ ਵੱਡੇ ਚਿਹਰੇ ਨੂੰ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ|
ਇਸ ਸੰਬੰਧੀ ਬੀਤੇ ਕੱਲ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਵੱਖ ਵੱਖ ਜੋਨ ਕਨਵੀਨਰਾਂ ਨਾਲ ਹੋਈ ਮੀਟਿੰਗ ਵਿੱਚ ਵੀ ਵਿਚਾਰ ਹੋਇਆ ਹੈ ਪਰੰਤੂ ਜਦੋਂ ਤਕ ਇਸ ਬਾਰੇ ਕੋਈ ਰਸਮੀਂ ਐਲਾਨ ਨਹੀਂ ਹੁੰਦਾ ਇਸ ਸੰਬੰਧੀ ਕਿਆਸਰਾਈਆਂ ਦਾ ਦੌਰ ਜਾਰੀ ਰਹਿੰਦਾ ਹੈ|
ਦੂਜੇ ਪਾਸੇ ਅਕਾਲੀ ਦਲ ਵੱਲੋਂ ਵੀ ਹੁਣ ਤਕ ਆਪਣੇ ਉਮੀਦਵਾਰ ਦਾ ਰਸਮੀ ਐਲਾਨ ਨਹੀਂ ਹੋਇਆ ਹੈ ਅਤੇ ਇਸ ਬਾਰੇ ਸੰਭਾਵਨਾ ਜਤਾਈ ਜਾ ਰਹੀ ਹੈ| ਕਿ ਪਾਰਟੀ ਵੱਲੋਂ ਭਲਕੇ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾ ਸਕਦਾ ਹੈ| ਇਸ ਸਬੰਧੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਸਾਬਕਾ ਡਿਪਟੀ ਕਮਿਸ਼ਨਰ ਸ੍ਰ.ਤਜਿੰਦਰ ਪਾਲ ਸਿੰਘ ਸਿੱਧੂ ਦੇ ਚੋਣ ਲੜਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ| ਸ੍ਰ. ਸਿੱਧੂ ਇਸ ਵੇਲੇ ਮੰਡੀਕਰਨ ਬੋਰਡ ਵਿੱਚ ਸਕੱਤਰ ਵੱਜੋਂ ਨਿਯੁਕਤ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰ.ਸਿੱਧੂ ਵੱਲੋਂ ਵੀ ਚੋਣ ਲੜਣ ਲਈ ਬਾਕਾਇਦਾ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਸੰਬੰਧੀ ਅੱਜ ਉਹਨਾਂ ਵੱਲੋਂ ਹਲਕੇ ਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਸਰਪੰਚਾਂ ਨਾਲ ਮੁਲਾਕਾਤ ਵੀ ਕੀਤੀ ਗਈ ਹੈ| ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਆਪਣੇ ਚੋਣ ਦਫਤਰ ਲਈ ਸੈਕਟਰ 70 ਵਿੱਚ ਥਾਂ ਵੀ ਤੈਅ ਕਰ ਲਈ ਗਈ ਹੈ|
ਕਾਂਗਰਸ ਵੱਲੋਂ ਪਹਿਲਾਂ ਹੀ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾ ਰਿਹਾ ਚੁੱਕਿਆ ਹੈ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ.ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਆਪਣਾ ਚੋਣ ਦਫਤਰ ਵੀ ਖੋਲ੍ਹ ਦਿੱਤਾ ਗਿਆ ਹੈ ਅਤੇ ਅਗਲੇ ਇੱਕ-ਦੋ ਦਿਨਾਂ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਰਸਮੀ ਐਲਾਨ ਤੋਂ ਬਾਅਦ ਚੋਣ ਸਰਗਰਮੀਆਂ ਵਿੱਚ ਪੂਰੀ ਤੇਜ਼ੀ ਆਉਣੀ ਤੈਅ ਹੈ|

Leave a Reply

Your email address will not be published. Required fields are marked *