ਅਕਾਲੀ ਦਲ ਅਤੇ ਭਾਜਪਾ ਵਿਚਾਲੇ ਵੱਧ ਰਹੀਆਂ ਹਨ ਦੂਰੀਆਂ

ਚੰਡੀਗੜ੍ਹ, 9 ਨਵੰਬਰ ( ਭਗਵੰਤ ਸਿੰਘ ਬੇਦੀ) ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੱਲੋਂ ਗੁਰਦਾਸਪੁਰ ਜਿਮਨੀ ਚੋਣ ਭਾਰੀ ਵੋਟਾਂ ਨਾਲ ਹਾਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਬੰਧਾਂ ਵਿੱਚ ਦੂਰੀ ਵੱਧ ਰਹੀ ਹੈ| ਗੁਰਦਾਸਪੁਰ ਲੋਕ ਸਭਾ ਸੀਟ ਤੇ ਅਕਾਲੀ ਦਬਦਬੇ ਵਾਲੇ ਹਲਕਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡੀ ਮਾਰ ਪਈ ਸੀ| ਹਿਮਾਚਲ ਚੋਣਾਂ ਵਿੱਚ ਵੀ ਅਕਾਲੀ ਆਗੂਆਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਅਲਗ ਥਲਗ ਹੀ ਰਖਿਆ ਗਿਆ ਹੈ|  ਇਸ ਤੋਂ ਪਹਿਲਾਂ ਆਰ ਐਸ ਐਸ ਦੇ ਸਿਖ ਵਿੰਗ ਰਾਸ਼ਟਰੀਆਂ ਸਿੱਖ ਸੰਗਤ ਵੱਲੋਂ ਮਨਾਏ ਗਏ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਸ਼ਤਾਬਦੀ ਸਮਾਗਮ ਸਮੇਂ ਅਕਾਲੀ ਆਗੂ ਇਸ ਸਮਾਗਮ ਤੋਂ ਦੂਰ ਹੀ ਨਹੀਂ ਰਹੇ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਹੁਕਮਨਾਮੇ ਕਾਰਨ ਅਕਾਲੀ ਦਲ ਅਤੇ ਭਾਜਪਾ ਦੇ ਸੰਬੰਧਾਂ ਵਿੱਚ ਦੂਰੀਆਂ ਹੋਰ ਵੀ ਵੱਧ ਗਈਆਂ ਹਨ|
ਭਾਜਪਾ ਦਾ ਕੇਡਰ ਇਹ ਮਹਿਸੂਸ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਵਿੱਚ ਆਪਣਾ ਆਧਾਰ ਗੁਆ ਚੁੱਕਾ ਹੈ ਅਤੇ ਲੋਕਾਂ ਨਾਲ ਹੋਈਆਂ ਵਧੀਕੀਆਂ ਅਤੇ ਨਸ਼ੇ ਦੇ ਕਾਰੋਬਾਰ ਵਿਚ ਕਈ ਆਗੂਆਂ ਦੇ ਨਾਮ ਆਉਣ ਕਾਰਨ ਅਕਾਲੀ ਦਲ ਨਾਲ ਸਾਂਝ ਰੱਖਣ ਦਾ ਕੋਈ ਲਾਭ ਨਹੀਂ ਹੋਵੇਗਾ| ਭਾਰਤੀ ਜਨਤਾ ਪਾਰਟੀ ਦਾ ਇੱਕ ਧੜਾ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਵਖਰੇ ਤੌਰ ਤੇ ਚੋਣਾਂ ਲੜ੍ਹਨ ਦੇ ਹੱਕ ਵਿੱਚ ਸਨ ਪਰ ਭਾਜਪਾ ਦਾ ਵੱਡਾ ਪ੍ਰਭਾਵੀ ਧੜਾ ਅਕਾਲੀ ਦਲ ਨਾਲ ਰਲ ਕੇ ਚੋਣਾਂ ਲੜਣ ਦੇ ਹੱਕ ਵਿੱਚ ਸੀ| 2017 ਦੀਆਂ ਵਿਧਾਨ ਸਭਾ ਚੋਣਾਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਹੁਣ ਭਾਜਪਾ ਦੇ ਕਈ ਅਹਿਮ ਆਗੂ ਵੱਖਰੇ ਤੌਰ ਤੇ ਆਉਂਦੀਆਂ ਲੋਕ ਸਭਾ ਚੋਣਾਂ ਲੜਨ ਦੀ ਵਕਾਲਤ ਕਰ ਰਹੇ ਹਨ| ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਸਥਿਤੀ ਤੋਂ ਅਨਜਾਨ ਨਹੀਂ ਹੈ ਅਤੇ ਭਾਜਪਾ ਦੀਆਂ ਗਤੀਵਿਧੀਆਂ ਤੇ ਉਹ ਨੇੜਿਉਂ ਨਜਰ ਰਖ ਰਿਹਾ ਹੈ| ਭਾਜਪਾ ਵੱਲੋਂ ਬੀਤੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਬੈਂਕ ਵਿੱਚ ਹੋਲੀ ਹੋਲੀ ਘੁਸਪੈਠ ਕੀਤੀ ਜਾ ਰਹੀ ਸੀ ਅਤੇ ਬੀਤੇ ਦਸ ਸਾਲਾਂ ਵਿੱਚ ਸ਼ਹਿਰੀਆਂ ਦੀ ਪਾਰਟੀ ਵਜੋਂ ਜਾਣੀ ਜਾਂਦੀ ਭਾਜਪਾ ਹੁਣ ਪਿੰਡਾਂ ਵਿੱਚ ਵੀ ਆਪਣੇ ਪੈਰ ਪਸਾਰ ਚੁੱਕੀ ਹੈ| ਭਾਜਪਾ ਦੀ ਇਹ ਕਾਰਵਾਈ ਅਕਾਲੀ ਦਲ ਦੇ ਕੇਡਰ ਨੂੰ ਹੀ ਖੋਰਾ ਲਾ ਰਹੀ ਹੈ ਜੋ ਅਕਾਲੀ ਦਲ ਕਦੇ ਬਰਦਾਸ਼ਤ ਨਹੀਂ ਕਰ ਰਿਹਾ| ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਜਿਹੀ ਸਥਿਤੀ ਵਿੱਚੋਂ ਪਾਰਟੀ ਨੂੰ ਕਿਸ ਤਰ੍ਹਾਂ ਬਾਹਰ ਕੱਢਣਾ ਹੈ| ਭਾਵੇਂ ਉਹਨਾਂ ਦੇ ਭਾਜਪਾ ਨਾਲ ਨੇੜਲੇ ਸੰਬੰਧ ਹਨ ਪਰ ਉਹਨਾਂ ਦੇ ਤੀਸਰੀ ਧਿਰ ਦੇ ਆਗੂਆਂ ਨਾਲ ਵੀ ਬਹੁਤ ਨੇੜਤਾ ਹੈ| ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਯੂ ਪੀ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ, ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਉਹਨਾਂ ਦੇ ਨੇੜਲੇ ਸੰਬੰਧ ਹਨ| ਇਸ ਤੋਂ ਬਿਨ੍ਹਾਂ ਸਰਦ ਯਾਦਵ ਅਤੇ ਸ਼ਰਦ ਪਵਾਰ ਬਾਬੂ ਲਾਲ ਮਰਾਡੀ ਨਾਲ ਵੀ ਸ੍ਰ ਪ੍ਰਕਾਸ਼ ਸਿੰਘ ਦੇ ਰਿਸ਼ਤੇ ਸੁਖਾਵੇਂ ਹਨ| ਜੇਕਰ ਭਾਜਪਾ ਪੰਜਾਬ ਵਿੱਚ ਇਕੱਲਿਆ ਚੋਣਾਂ ਲੜਨ ਦੀ ਗਲ ਕਰੇ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਪੁਰਾਣੇ ਦੋਸਤਾਂ ਦਾ ਵੀ ਹੱਥ ਫੜ ਸਕਦਾ ਹੈ| ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨਾਲ ਨਾਲ ਹਰਿਆਣਾ, ਦਿੱਲੀ, ਹਿਮਾਚਲ, ਰਾਜਸਥਾਨ ਅਤੇ ਯੂ ਪੀ ਦੇ ਤਰਾਈ ਇਲਾਕੇ ਵਿੱਚ ਵੀ ਆਪਣਾ ਪ੍ਰਭਾਵ ਰੱਖਦਾ ਹੈ| ਭਾਜਪਾ ਨਾਲ ਪੰਜਾਬ ਵਿੱਚ ਸਾਂਝ ਹੋਣ ਕਾਰਨ ਇਹਨਾਂ ਸੂਬਿਆਂ ਵਿੱਚ ਅਕਾਲੀ ਦਲ ਭਾਜਪਾ ਨੂੰ ਵੋਟਾ ਪਾਉਂਦਾ ਰਿਹਾ ਹੈ| ਸ਼੍ਰੋਮਣੀ ਅਕਾਲੀ ਦਲ ਭਾਵੇਂ ਕੇਂਦਰ ਵਿੱਚ ਭਾਜਪਾ ਦਾ ਭਾਈਵਾਲ ਹੈ ਪਰ ਇਸ ਦੇ ਕਈ ਸੀਨੀਅਰ ਆਗੂ ਸ੍ਰ. ਬਾਦਲ ਦੇ ਪੁਰਾਣੇ ਸਿਆਸੀ ਮਿੱਤਰਾਂ ਦੇ ਨਾਲ ਸੰਪਰਕ ਵਿਚ ਹਨ| ਜੇਕਰ ਭਾਜਪਾ ਪੰਜਾਬ ਵਿੱਚ ਅਕਾਲੀ ਦਲ ਨੂੰ ਝਟਕਾ ਦੇਣ ਬਾਰੇ ਵਿਚਾਰ ਕਰ ਰਹੀ ਹੋਵੇ ਤਾਂ ਅਕਾਲੀ ਦਲ ਵੀ ਭਾਜਪਾ ਨੂੰ ਪੰਜਾਬ ਦੇ ਨਾਲ ਨਾਲ 6 ਸੂਬਿਆਂ ਵਿੱਚ ਝਟਕਾ ਦੇਣ ਦੇ ਸਮਰਥ ਹੈ|
ਇਸ ਦੌਰਾਨ ਯੂ ਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਨਜਦੀਕੀ ਅਤੇ ਸਾਬਕਾ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆਂ ਬਾਰੇ ਵੀ ਆਮ ਚਰਚਾ ਹੈ ਕਿ ਉਹ ਤੀਸਰੀ ਧਿਰ ਦੇ ਆਗੂਆਂ ਨੂੰ ਮਿਲਣ ਅਤੇ ਉਹਨਾਂ ਨੂੰ ਇੱਕ ਮੰਚ ਤੇ ਲਿਆਉਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਬੀਤੇ ਦਿਨੀਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸ੍ਰ. ਬਾਦਲ ਨਾਲ ਵੀ ਇਸ ਸੰਬੰਧ ਵਿਚ ਗਲਬਾਤ ਕਰਦੇ ਰਹੇ ਹਨ|

Leave a Reply

Your email address will not be published. Required fields are marked *