ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਿੱਖ ਕੌਮ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਜੀ ਨੂੰ ਵਿਸਾਰਿਆ : ਬੀਰ ਦਵਿੰਦਰ ਸਿੰਘ

ਪਟਿਆਲਾ, 6 ਜੂਨ (ਸ.ਬ.) ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰਦਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸਿੱਖ ਕੌਮ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਨੂੰ ਵਿਸਾਰਨ ਦਾ ਦੋਸ਼ ਲਾਇਆ ਹੈ|
ਅੱਜ ਵਿਖੇ ਜਾਰੀ ਬਿਆਨ ਵਿੱਚ ਸ੍ਰ. ਬੀਰਦਵਿੰਦਰ ਸਿੰਘ ਨੇ ਦੱਸਿਆ ਕਿ ਅੱਜ 6 ਜੂਨ 2018 ਨੂੰ ਸਿੱਖ ਕੌਮ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਜੀ ਦਾ ਅੱਜ 150ਵਾਂ ਜਨਮ ਦਿਹਾੜਾ ਹੈ| ਬਾਬਾ ਖੜਕ ਸਿੰਘ ਜੀ ਦਾ ਜਨਮ 6 ਜੂਨ 1868 ਵਿੱਚ ਹੋਇਆ ਸੀ| ਪ੍ਰਤੂੰ ਬੜੇ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਕੌਮ ਦੀ ਗੌਰਵਮਈ ਵਿਰਾਸਤ ਦੇ ਮਹਾਨ ਨਾਇਕ ਤੇ ਸਿੱਖ ਕੌਮ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਜੀ ਦਾ ਅੱਜ ਚੇਤਾ ਹੀ ਭੁੱਲ ਗਿਆ ਹੈ ਕਿ ਅੱਜ 6 ਜੂਨ 2018 ਨੂੰ ਬਾਬਾ ਖੜਕ ਸਿੰਘ ਦਾ 150ਵਾਂ ਜਨਮ ਦਿਹਾੜਾ ਹੈ| ਉਨ੍ਹਾਂ ਕਿਹਾ ਕਿ ਬਾਬਾ ਖੜਕ ਸਿੰਘ ਜੀ, ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ‘ਕੁੰਜੀਆਂ ਦੇ ਮੋਰਚੇ’ ਦੇ ਮਹਾਨ ਨਾਇਕ ਸਨ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੂਸਰੇ ਪ੍ਰਧਾਨ ਸਨ| ਯਾਦ ਰਹੇ ਕਿ ਅੰਗਰੇਜ਼ਾਂ ਦੀ ਬਸਤੀਵਾਦੀ ਹਕੂਮਤ ਪਾਸੋਂ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਕੁੰਜੀਆਂ ਮੁੜ ਵਸੂਲ ਕਰਨ ਦੇ ਮੋਰਚੇ ਦੀ ਸ਼ਾਨਦਾਰ ਜਿੱਤ ਤੋਂ ਬਾਅਦ, ਮਹਾਤਮਾ ਗਾਂਧੀ ਨੇ 17 ਜਨਵਰੀ 1922 ਨੂੰ ਬਾਬਾ ਖੜਕ ਸਿੰਘ ਜੀ ਨੂੰ ਇੱਕ ਤਾਰ ਭੇਜਕੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਭੇਜੀ ਸੀ| ਇਸ ਇਤਿਹਾਸਕ ਵਧਾਈ ਸੰਦੇਸ਼ ਵਿੱਚ ਮਹਾਤਮਾ ਗਾਂਧੀ ਨੇ ਲਿਖਿਆ ਸੀ ਕਿ šਭਾਰਤ ਦੀ ਆਜ਼ਾਦੀ ਦਾ ਪਹਿਲਾ ਫ਼ੈਸਲਾਕੁਨ ਯੁੱਧ ਤੁਸਾਂ ਜਿੱਤ ਲਿਆ ਹੈ, ਵਧਾਈ ਹੋਵੇ”| ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਬਾਬਾ ਖੜਕ ਸਿੰਘ ਜੀ ਦਾ 150ਵਾਂ ਜਨਮ ਦਿਹਾੜਾ ਨਿਸ਼ਚੇ ਹੀ ਸਿੱਖ ਕੌਮ ਲਈ ਇੱਕ ਮਹੱਤਵਪੂਰਨ ਸਬੱਬ ਵਾਲਾ ਵਰ੍ਹਾ ਸੀ, ਇਸ ਸਾਲ ਬਾਬਾ ਖੜਕਸਿੰਘ ਸਾਹਿਬ ਦੀ ਅਜ਼ਮਤ ਅਫ਼ਜ਼ਾਈ ਨਾ ਸਿਰਫ ਸਮੁੱਚੀ ਸਿੱਖ ਕੌਮ ਵੱਲੋਂ ਕਰਨੀ ਬਣਦੀ ਸੀ ਸਗੋਂ ਭਾਰਤ ਸਰਕਾਰ ਨੂੰ ਬਾਬਾ ਖੜਕ ਸਿੰਘ ਦੀ ਯਾਦ ਵਿੱਚ ਯਾਦਗਾਰੀ ਡਾਕ ਟਿਕਟ ਵੀ ਜਾਰੀ ਕਰਨੀ ਚਾਹੀਦੀ ਸੀ ਅਤੇ ਇਹ ਸਾਰਾ ਕੁੱਝ ਕਰਨਾ ਜਾਂ ਕਰਵਾਉਣਾ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੁੱਖ ਫਰਜ਼ ਬਣਦਾ ਸੀ| ਪਰ ਅਕਾਲੀ ਆਗੂਆਂ ਨੂੰ ਤਾਂ ਮੋਦੀ ਦੇ ਤਲਵੇ ਚੱਟਣ ਤੋਂ ਹੀ ਵਿਹਲ ਨਹੀਂ ਮਿਲਦੀ| ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਅਜਿਹੇ ਮਹਾਨ ਆਗੂਆਂ ਨੂੰ ਯਾਦ ਕਰਨਾ ਤਾਂ ਉਨ੍ਹਾਂ ਦੇ ਏਜੰਡੇ ਵਿੱਚ ਹੀ ਨਹੀਂ| ਬਾਦਲ ਪਰਿਵਾਰ ਨੂੰ ਤਾਂ ਸਵੈ-ਉਸਤਤੀ ਤੋਂ ਬਿਨਾਂ ਹੋਰ ਕੁੱਝ ਸੁੱਝਦਾ ਹੀ ਨਹੀਂ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਬਾਦਲਾਂ ਦੇ ਟੱਬਰ ਤੋਂ ਬਿਨਾਂ ਹੋਰ ਕੋਈ ਨਹੀਂ ਦਿਸਦਾ| ਉਨ੍ਹਾਂ ਸੁਆਲ ਕੀਤਾ ਕਿ ਕੀ ਸਿੱਖ ਕੌਮ ਦੇ ਅਜਿਹੇ ਮਹਾਨ ਯੋਧਿਆਂ ਨੂੰ ਉਨ੍ਹਾਂ ਦੇ 150ਵੇਂ ਜਨਮ ਦਿਹਾੜੇ ਤੇ ਵਿਸ਼ੇਸ਼ ਤੌਰ ਤੇ ਯਾਦ ਕਰਨਾ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਫ਼ਰਜ਼ਾਂ ਵਿੱਚ ਸ਼ਾਮਿਲ ਨਹੀਂ?

Leave a Reply

Your email address will not be published. Required fields are marked *