ਅਕਾਲੀ ਦਲ ਉੱਪਰ ਆਪਣੀ ਮੋਹਰ ਲਗਾਉਣ ਵਿੱਚ ਕਾਮਯਾਬ ਹੋ ਹੀ ਗਏ ਸੁਖਬੀਰ ਸਿੰਘ ਬਾਦਲ

ਅਕਾਲੀ ਦਲ ਉੱਪਰ ਆਪਣੀ ਮੋਹਰ ਲਗਾਉਣ ਵਿੱਚ ਕਾਮਯਾਬ ਹੋ ਹੀ ਗਏ ਸੁਖਬੀਰ ਸਿੰਘ ਬਾਦਲ
ਪੋਲ੍ਹ ਖੋਲ੍ਹ ਰੈਲੀਆਂ ਨੇ ਸੁਖਬੀਰ ਨੂੰ ਬਣਾਇਆ ਪਾਰਟੀ ਦਾ ਸਰਵੇ ਸਰਵਾ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 1 ਮਾਰਚ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਅਖੀਰਕਾਰ ਪਾਰਟੀ ਦੇ ਸੁਪਰੀਮੋ ਬਣਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਗਏ ਹਨ ਅਤੇ ਪਾਰਟੀ ਦੀ ਪਹਿਲੀ ਕਤਾਰ ਦੇ ਸਾਰੇ ਆਗੂਆਂ ਨੇ ਉਹਨਾਂ ਦੀ ਅਗਵਾਈ ਨੂੰ ਕਬੂਲ ਕਰਕੇ ਉਹਨਾਂ ਦੇ ਪਾਰਟੀ ਦੇ ਸਰਵੇ ਸਰਵਾ ਹੋਣ ਤੇ ਮੋਹਰ ਲਗਾ ਦਿੱਤੀ ਗਈ ਹੈ| ਕੋਈ ਸਮਾਂ ਸੀ ਜਦੋਂ ਸਿਆਸੀ ਮਾਹਿਰ ਇਹ ਕਿਹਾ ਕਰਦੇ ਸਨ ਕਿ ਆਪਣੇ ਪਿਤਾ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀਆਂ ਬਾਹਾਂ ਫੜ ਕੇ ਸਿਆਸਤ ਵਿੱਚ ਸਰਗਰਮ ਹੋਣ ਵਾਲੇ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਭਾਵੇਂ ਪਾਰਟੀ ਦੀ ਕਮਾਨ ਮਿਲ ਗਈ ਹੈ ਪਰੰਤੂ ਵੱਡੇ ਬਾਦਲ ਦੀ ਗੈਰਹਾਜਰੀ ਵਿੱਚ ਉਹ ਪਾਰਟੀ ਨੂੰ ਸ਼ਾਇਦ ਹੀ ਸੰਭਾਲ ਸਕਣਗੇ ਪਰੰਤੂ ਹੁਣ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਜਿਸ ਤਰੀਕੇ ਨਾਲ ਪਾਰਟੀ ਉੱਪਰ ਆਪਣੀ ਮਜਬੂਤ ਪਕੜ ਬਣਾ ਲਈ ਗਈ ਹੈ ਉਸ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਦਾ ਭਵਿੱਖ ਹੁਣ ਪੂਰੀ ਤਰ੍ਹਾਂ ਸ੍ਰ. ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਹੈ|
ਇੱਕ ਸਾਲ ਪਹਿਲਾਂ ਹੋਈਆਂ ਵਿਧਾਨਸਭਾ ਚੋਣਾਂ ਵਿੱਚ ਮਿਲੀ ਭਾਰੀ ਹਾਰ ਤੋਂ ਬਾਅਦ ਇੱਕ ਵਾਰ ਤਾਂ ਅਜਿਹਾ ਲੱਗਣ ਲੱਗ ਪਿਆ ਸੀ ਕਿ ਪਾਰਟੀ ਦੇ ਸਰਪਰਸਤ ਅਤੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਸ੍ਰ. ਪ੍ਰਕਾਸ਼ ਸਿੰਘ ਬਾਦਲ ਵਲੋਂ ਪਾਰਟੀ ਦੀ ਕਮਾਨ ਆਪਣੇ ਹੱਥਾ ਵਿੱਚ ਸੰਭਾਲ ਲਈ ਜਾਵੇਗੀ ਪਰੰਤੂ ਅਜਿਹਾ ਕੁੱਝ ਨਹੀਂ ਹੋਇਆ ਬਲਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਪੈਂਤੜੇਬਾਜੀ ਦੇ ਤਹਿਤ ਪਾਰਟੀ ਦੀ ਹਾਰ ਤੋਂ ਬਾਅਦ ਸ੍ਰ ਸੁਖਬੀਰ ਸਿੰਘ ਨੂੰ ਵਧੇਰੇ ਸਰਗਰਮ ਕਰ ਦਿੱਤਾ ਅਤੇ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਕਾਫੀ ਹੱਦ ਤਕ ਸੀਮਿਤ ਕਰ ਲਿਆ ਜਿਸਦਾ ਨਤੀਜਾ ਇਹ ਹੋਇਆ ਹੈ ਕਿ ਸ੍ਰ ਸੁਖਬੀਰ ਸਿੰਘ ਬਾਦਲ ਹੀ ਪਾਰਟੀ ਦੇ ਸਰਵ ਪ੍ਰਵਾਨਿਤ ਮੁਖੀ ਬਣ ਗਏ ਹਨ|
ਵਿਧਾਨਸਭਾ ਚੋਣਾਂ ਵਿੱਚ ਮਿਲੀ ਤਕੜੀ ਹਾਰ ਤੋਂ ਬਾਅਦ ਪਹਿਲੇ ਛੇ ਮਹੀਨੇ ਤਾਂ ਪਾਰਟੀ ਨੂੰ ਆਤਮ ਮੰਥਨ ਵਿੱਚ ਹੀ ਲੱਗ ਗਏ ਅਤੇ ਉਸਤੋਂ ਬਾਅਦ ਸ੍ਰ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਰਕਾਰ ਦੇ ਖਿਲਾਫ ਹਮਲਾਵਰ ਰੁੱਖ ਅਖਤਿਆਰ ਕੀਤਾ ਜਿਸਦੀ ਸ਼ੁਰੂਆਤ ਉਹਨਾਂ ਨੇ ਦਸੰਬਰ ਮਹੀਨੇ ਦੀ ਕੜਕਦੀ ਠੰਡ ਵਿੱਚ ਹਰੀਕੇ ਪੱਤਣ ਵਿਖੇ ਅਕਾਲੀ ਵਰਕਰਾਂ ਉੱਪਰ ਕਾਂਗਰਸ ਸਰਕਾਰ ਵਲੋਂ ਦਰਜ ਕੀਤੇ ਜਾਂਦੇ ਕਥਿਤ ਝੂਠੇ ਮਾਮਲਿਆਂ ਦੇ ਵਿਰੁੱਧ ਦਿੱਤੇ ਧਰਨੇ ਨਾਲ ਕੀਤੀ| ਇਸ ਧਰਨੇ ਦੀ ਖਾਸੀਅਤ ਇਹ ਰਹੀ ਕਿ ਇਸ ਦੌਰਾਨ ਖੁਦ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਦੇ ਨਾਲ ਸੜਕ ਤੇ ਰਾਤ ਕੱਟ ਕੇ ਪਾਰਟੀ ਵਰਕਰਾਂ ਦਾ ਜੋਸ਼ ਵਧਾਇਆ ਉੱਥੇ ਉਹਨਾਂ ਨੇ ਇਸ ਦੌਰਾਨ ਖੁਦ ਉੱਪਰ ਲੱਗਦੇ ਇਸ ਇਲਜਾਮ ਨੂੰ ਵੀ ਖਾਰਿਜ ਕਰ ਦਿੱਤਾ ਕਿ ਉਹ ਏ ਸੀ ਕਮਰਿਆਂ ਵਿੱਚ ਬੈਠ ਕੇ ਰਾਜਨੀਤੀ ਕਰਦੇ ਹਨ| ਇਸ ਧਰਨੇ ਦੀ ਸਫਲਤਾ ਨਾਲ ਜਿੱਥੇ ਉਹਨਾਂ ਦਾ ਸਿਆਸੀ ਕਦ ਵੱਧ ਗਿਆ ਉੱਥੇ ਪਾਰਟੀ ਦੇ ਪਹਿਲੀ ਕਤਾਰ ਦੇ ਆਗੂਆਂ ਨੇ ਵੀ ਉਹਨਾਂ ਦੀ ਅਗਵਾਈ ਨੂੰ ਪ੍ਰਵਾਨ ਕਰ ਲਿਆ|
ਇਸਤੋਂ ਬਾਅਦ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜਾਰੀ ਦੇ ਖਿਲਾਫ ਉਲੀਕੀਆਂ ਗਈਆਂ ਪੋਲ ਖੋਲ੍ਹ ਰੈਲੀਆਂ ਦੀ ਸਫਲਤਾ ਨੇ ਤਾਂ ਜਿਵੇਂ ਸ੍ਰ. ਸੁਖਬੀਰ ਸਿੰਘ ਬਾਦਲ ਨੰ ਪਾਰਟੀ ਦਾ ਸਰਵੇ ਸਰਵਾ ਹੀ ਬਣਾ ਦਿੱਤਾ ਹੈ ਅਤੇ ਪਾਰਟੀ ਦੇ ਪਹਿਲੀ ਕਤਾਰ ਦੇ ਆਗੂ ਮੰਨੇ ਜਾਂਦੇ ਲਗਭਗ ਸਾਰੇ ਆਗੂ (ਜਿਹਨਾਂ ਵਿੱਚ ਸ੍ਰ. ਸੁਖਦੇਵ ਸਿਘ ਢੀਂਡਸਾ, ਸ੍ਰ. ਬਲਵਿੰਦਰ ਸਿੰਘ ਭੂੰਦੜ, ਸ੍ਰ. ਰਣਜੀਤ ਸਿੰਘ ਬ੍ਰਹਮਪੁਰਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਵੀ ਸ਼ਾਮਿਲ ਹਨ) ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਕਬੂਲ ਕਰ ਗਏ ਹਨ|
ਇਸ ਦੌਰਾਨ ਅਜਿਹਾ ਵੀ ਪਹਿਲੀ ਵਾਰ ਹੀ ਹੋਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦੇ ਅਮਲ ਦੌਰਾਨ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਸਰਗਰਮੀ ਨਾਲ ਕੰਮ ਕੀਤਾ ਗਿਆ ਹੈ| ਪਾਰਟੀ ਦੇ ਸੂਤਰ ਦੱਸਦੇ ਹਨ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਨਾਲ ਸੰਬੰਧਿਤ ਸਾਰੇ ਮੈਂਬਰਾਂ ਨਾਲ ਨਿੱਜੀ ਤੌਰ ਤੇ (ਵੱਖੋ ਵੱਖਰੀ) ਮੁਲਾਕਾਤ ਕੀਤੀ ਗਈ ਅਤੇ ਚੋਣ ਸੰਬੰਧੀ ਹੋਏ ਇਜਲਾਸ ਮੌਕੇ ਉਹਨਾਂ ਵਲੋਂ ਸ੍ਰ. ਗੋਬਿਦ ਸਿੰਘ ਲੌਂਗੋਵਾਲ ਦੇ ਨਾਮ ਵਾਲਾ ਲਿਫਾਫਾ ਭਿਜਵਾ ਕੇ ਸ੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਕਰਵਾਈ ਗਈ|
ਇਹ ਵੀ ਕਿਹਾ ਜਾ ਸਕਦਾ ਹੈ ਕਿ ਬਜੁਰਗ ਸਿਆਸਤਦਾਨ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਆਖਰੀ ਦਾਅ ਖੇਡਦਿਆਂ ਆਪਣੀ ਪੁਰੀ ਸਿਆਸੀ ਪੂੰਜੀ ਆਪਣੇ ਪੁੱਤਰ ਦੇ ਸਪੁਰਦ ਕਰ ਦਿੱਤੀ ਹੈ ਅਤੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਦੀ ਇਸ ਵਿਰਾਸਤ ਨੂੰ ਪੂਰੀ ਤਰ੍ਹਾਂ ਸੰਭਾਲ ਵੀ ਲਿਆ ਹੈ| ਸ੍ਰ. ਸੁਖਬੀਰ ਬਾਦਲ ਹੁਣ ਪਾਰਟੀ ਦੇ ਸਰਵਪ੍ਰਵਾਨਿਤ ਸੁਪਰੀਮੋ ਬਣ ਚੁੱਕੇ ਹਨ ਅਤੇ ਵੇਖਣਾ ਇਹ ਹੈ ਕਿ ਉਹ (ਆਉਣ ਵਾਲੇ ਸਮੇਂ ਦੌਰਾਨ) ਪਾਰਟੀ ਨੂੰ ਕਿਸ ਮੁਕਾਮ ਤੇ ਪਹੁੰਚਾਉਣ ਦੇ ਸਮਰਥ ਹੁੰਦੇ ਹਨ|

Leave a Reply

Your email address will not be published. Required fields are marked *