ਅਕਾਲੀ ਦਲ ਕਿਸਾਨਾਂ ਦੇ ਹਿਤਾਂ ਦੀ ਪ੍ਰਾਪਤੀ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ : ਸੁਖਬੀਰ ਬਾਦਲ

ਅਕਾਲੀ ਦਲ ਕਿਸਾਨਾਂ ਦੇ ਹਿਤਾਂ ਦੀ ਪ੍ਰਾਪਤੀ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ : ਸੁਖਬੀਰ ਬਾਦਲ
1 ਅਕਤੂਬਰ ਨੂੰ ਤਿੰਨ ਤਖਤਾਂ ਤੋਂ ਖੇਤੀ ਬਿਲਾਂ ਵਿਰੁੱਧ ਕੱਢੇ ਜਾਣ ਵਾਲੇ ਰੋਸ ਮਾਰਚ ਦੀਆਂ ਤਿਆਰੀਆਂ ਦਾ ਜਾਇਜਾ ਲਿਆ
ਪਟਿਆਲਾ, 26 ਸਤੰਬਰ (ਬਿੰਦੂ ਸ਼ਰਮਾ) ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖਿਲਾਫ ਅਕਾਲੀ ਦਲ ਵਲੋਂ ਕੀਤੇ ਜਾ ਰਹੇ ਸੰਘਰਸ਼ ਦੇ ਅਗਲੇ ਪੜਾਅ ਤਹਿਤ 1 ਅਕਤੂਬਰ ਨੂੰ 3 ਤਖਤ ਸਾਹਿਬਾਨਾਂ ਤੋਂ ਰੋਸ ਮਾਰਚ ਕਢਿਆ ਜਾਵੇਗਾ ਜਿਹੜਾ ਮੁਹਾਲੀ ਹੁੰਦਿਆ ਹੋਇਆ ਚੰਡੀਗੜ੍ਹ ਪਹੁੰਚ ਕੇ ਖਤਮ ਹੋਵੇਗਾ| 
ਇਸ ਰੋਸ ਮਾਰਚ ਦੀਆਂ ਤਿਆਰੀਆਂ ਲਈ ਪਟਿਆਲਾ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਜਿਲ੍ਹਾ ਜੱਥੇਬੰਦੀਆਂ ਦੀ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਪਟਿਆਲਾ ਵਿਖੇ ਹੋਈ ਮੀਟਿੰਗ ਵਿੱਚ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੈਂਬਰ ਪਾਰਲੀਮੇਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਵਲੋਂ ਪਾਰਟੀ ਆਗੂਆਂ ਨੂੰ ਸੰਬੋਧਨ ਕੀਤਾ ਗਿਆ| 
ਇਸ ਮੌਕੇ ਸ੍ਰ. ਬਾਦਲ ਨੇ ਕਿਹਾ ਕਿ ਇਹ ਖੇਤੀ ਸੁਧਾਰ ਬਿਲ ਨਹੀਂ ਬਲਕਿ ਖੇਤੀ ਉਜਾੜਾ ਬਿੱਲ ਹਨ ਅਤੇ ਇਹਨਾਂ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਕਿਸਾਨਾਂ ਦੇ ਹਿਤ ਸਭਤੋਂ ਉੱਪਰ ਹਨ ਜਿਹਨਾਂ ਦੀ ਪ੍ਰਾਪਤੀ ਲਈ ਪਾਰਟੀ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ|  
ਉਹਨਾਂ ਕਿਹਾ ਕਿ ਰੋਸ ਮਾਰਚ ਵਲੋਂ ਚੰਡੀਗੜ੍ਹ ਪਹੁੰਚ ਕੇ ਗਵਰਨਰ ਹਾਊਸ ਦਾ ਘਿਰਾਓ ਕੀਤਾ ਜਾਵੇਗਾ ਅਤੇ ਖੇਤੀ ਬਿਲਾਂ ਤੇ ਹਸਤਾਖਰ ਨਾ ਕਰਨ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਰਾਸ਼ਟਰਪਤੀ ਤੋਂ ਮੰਗ ਕੀਤੀ ਜਾਵੇਗੀ ਕਿ ਇਨ੍ਹਾਂ ਬਿਲਾਂ ਨੂੰ                               ਸਟੇਡਿੰਗ ਕਮੇਟੀ ਕੋਲ ਭੇਜਿਆ ਜਾਵੇ ਜਾਂ ਇਨ੍ਹਾਂ ਨੂੰ ਖਾਰਿਜ ਕੀਤਾ ਜਾਵੇ|  
ਇਸ ਮੌਕੇ ਹਲਕਾ ਪਟਿਆਲਾ ਦੇ ਇੰਚਾਰਜ ਹਰਪਾਲ ਜੁਨੇਜਾ ਨੇ ਕਿਹਾ ਕਿ ਰੋਸ ਮਾਰਚ ਵਿੱਚ ਸ਼ਮੂਲੀਅਤ ਕਰਨ ਲਈ ਪਟਿਆਲਾ ਤੋਂ ਵੱਡੀ ਗਿਣਤੀ ਅਕਾਲੀ ਵਰਕਰਾਂ ਦਾ ਕਾਫਲਾ ਮੁਹਾਲੀ ਜਾਵੇਗਾ| ਇਸ ਦੌਰਾਨ ਹਰਪਾਲ ਜੁਨੇਜਾ ਅਤੇ ਯੂਥ ਅਕਾਲੀ ਆਗੂ ਅਵਤਾਰ ਸਿੰਘ ਹੈਪੀ ਆਪੋ ਆਪਣੇ ਕਾਫਲਿਆਂ ਦੇ ਨਾਲ ਮੀਟਿੰਗ ਵਿੱਚ ਸ਼ਾਮਿਲ ਹੋਏ| 

Leave a Reply

Your email address will not be published. Required fields are marked *