ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨਗੀ ਦੇ ਦਾਅਵੇਦਾਰਾਂ ਵਿੱਚ ਲੱਗ ਰਹੀ ਹੈ ਅਹੁਦਾ ਹਾਸਿਲ ਕਰਨ ਦੀ ਹੋੜ

ਐਸ ਏ ਐਸ ਨਗਰ ਦੇ ਜਿਲ੍ਹਾ ਪ੍ਰਧਾਨਾਂ ਦਾ ਐਲਾਨ ਅਗਲੇ ਇੱਕ ਦੋ ਦਿਨਾਂ ਵਿੱਚ ਸੰਭਵ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 18 ਨਵੰਬਰ

ਅਕਾਲੀ ਦਲ ਦੇ ਪ੍ਰਧਾਨ ਵਲੋਂ ਅੱਜ ਐਲਾਨੀ ਗਈ ਪਾਰਟੀ ਦੇ ਜਿਲ੍ਹਾ ਜੱਥੇਦਾਰਾਂ ਦੀ ਸੂਚੀ ਵਿੱਚ ਐਸ ਏ ਐਸ ਨਗਰ ਦੇ ਸ਼ਹਿਰੀ ਅਤੇ ਦਿਹਾਤੀ ਜਿਲ੍ਹਿਆਂ ਦੇ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਨਾ ਹੋਣ ਕਾਰਨ ਜਿੱਥੇ ਜਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਭੰਬਲਭੂਸਾ ਕਾਇਮ ਹੈ ਉੱਥੇ ਇਸ ਅਹੁਦੇ ਤੇ ਬੈਠਣ ਦੇ ਚਾਹਵਾਨਾਂ ਵਲੋਂ ਆਪਣੀ ਲਾਬਿੰਗ ਤੇਜ ਕਰ ਦਿੱਤੀ ਗਈ ਹੈ| ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਪਾਰਟੀ ਪ੍ਰਧਾਨ ਵਲੋਂ ਅੱਜ ਜਿਹਨਾਂ ਜਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਹਨਾਂ ਸਾਰਿਆਂ ਨੇ ਹੀ ਪਹਿਲਾਂ ਜਿਲ੍ਹਾ ਪ੍ਰਧਾਨ ਦੇ ਅਹੁਦੇ ਤੇ ਹੋਣ ਵੇਲੇ ਵਿਧਾਇਕ ਦੀ ਚੋਣ ਲੜੀ ਸੀ ਅਤੇ ਅੱਜ ਪਾਰਟੀ ਵਲੋਂ ਮੁੜ ਉਹਨਾਂ ਦੀ ਜਿਲ੍ਹਾ ਜੱਥੇਦਾਰੀ ਤੇ ਮੋਹਰ ਲਗਾ ਦਿੱਤੀ ਗਈ ਹੈ|
ਜੇਕਰ ਐਸ ਏ ਐਸ ਨਗਰ ਜਿਲ੍ਹੇ ਦੀ ਗੱਲ ਕਰੀਏ ਤਾਂ ਜਿਲ੍ਹੇ ਦੇ ਦਿਹਾਤੀ ਵਿੰਗ ਦੇ ਪ੍ਰਧਾਨ ਸ੍ਰ. ਉਜਾਗਰ ਸਿੰਘ ਵਡਾਲੀ ਵਲੋਂ ਪਿਛਲੀਆਂ ਵਿਧਾਨਸਭਾ ਚੋਣਾਂ ਦੌਰਾਨ ਦੇ ਪਾਰਟੀ ਟਿਕਟ ਨਾ ਮਿਲਣ ਅਤੇ ਕਾਲੋਨਾਈਜਰ ਸ੍ਰ. ਰਣਜੀਤ ਸਿੰਘ ਗਿੱਲ ਨੂੰ ਖਰੜ ਵਿਧਾਨਸਭਾ ਹਲਕੇ ਤੋਂ ਟਿਕਟ ਦਿੱਤੇ ਜਾਣ ਦੇ ਰੋਸ ਵੱਜੋਂ ਪਾਰਟੀ ਤੋਂ ਬਗਾਵਤ ਕਰ ਦਿੱਤੀ ਸੀ ਜਿਸਤੋਂ ਬਾਅਦ ਪਾਰਟੀ ਵਲੋਂ ਉਹਨਾਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਹੀ ਇਹ ਅਹੁਦਾ ਖਾਲੀ ਚਲਿਆ ਆ ਰਿਹਾ ਹੈ| ਦੂਜੇ ਪਾਸੇ ਜਿਲ੍ਹਾ ਐਸ ਏ ਐਸ ਨਗਰ ਦੀ ਸ਼ਹਿਰੀ ਇਕਾਈ (ਜਿਸਦਾ ਖੇਤਰ ਮੁੱਖ ਤੌਰ ਤੇ ਐਸ ਏ ਐਸ ਨਗਰ ਸ਼ਹਿਰ ਤਕ ਹੀ ਸੀਮਿਤ ਹੈ) ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਹੁਣੇ ਵੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਵਜੋਂ ਵਿਚਰ ਰਹੇ ਹਨ|
ਐਸ ਏੇ ਐਸ ਨਗਰ ਜਿਲ੍ਹੇ ਦੇ ਵੱਖ ਵੱਖ ਸ਼ਹਿਰਾਂ ਖਰੜ, ਕੁਰਾਲੀ, ਜੀਰਕਪੁਰ, ਡੇਰਾਬਸੀ, ਲਾਲੜੂ, ਨਵਾਂਗਰਾਓ ਅਤੇ ਮੁੱਲਾਪੁਰ ਦਾ ਜੱਥੇਬੰਧਕ ਢਾਂਚਾ ਜਿਲ੍ਹਾ ਦਿਹਾਤੀ ਦੇ ਹੀ ਅਧੀਨ ਰਹਿੰਦਾ ਆਇਆ ਹੈ ਇਸ ਲਈ ਇੱਥੇ ਜਿਲਾ ਦਿਹਾਤੀ ਦੇ ਪ੍ਰਧਾਨ ਦੀ ਕੁਰਸੀ ਹੀ ਸਭ ਤੋਂ ਤਾਕਤਵਰ ਮੰਨੀ ਜਾਂਦੀ ਹੈ| ਇਸ ਅਹੁਦੇ ਵਾਸਤੇ ਇਸ ਵੇਲੇ ਸਭ ਤੋਂ ਉੱਪਰ ਖਰੜ ਵਿਧਾਨਸਭਾ ਹਲਕੇ ਤੋਂ ਪਾਰਟੀ ਦੀ ਟਿਕਟ ਤੇ ਚੋਣ ਲੜਣ ਵਾਲੇ ਸ੍ਰ. ਰਣਜੀਤ ਸਿੰਘ ਗਿਲ ਦਾ ਨਾਮ ਲਿਆ ਜਾ ਰਿਹਾ ਹੈ| ਇਸ ਦੇ ਨਾਲ ਨਾਲ ਮੁਹਾਲੀ ਵਿਧਾਨਸਭਾ ਹਲਕੇ ਤੋਂ ਪਾਰਟੀ ਦੀ ਟਿਕਟ ਤੇ ਚੋਣ ਲੜੇ ਸ੍ਰ. ਤੇਜਿੰਦਰ ਪਾਲ ਸਿੰਘ ਸਿੱਧੂ ਦਾ ਨਾਮ ਵੀ ਇੱਕ ਮਜਬੂਤ ਦਾਅਵੇਦਾਰ ਵਜੋਂ ਲਿਆ ਜਾ ਰਿਹਾ ਹੈ| ਡੇਰਾਬਸੀ ਹਲਕੇ ਤੋਂ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕੇ ਵਿਧਾਇਕ ਬਣੇ ਸ੍ਰੀ ਐਨ ਕੇ ਸ਼ਰਮਾ ਕੋਲ ਪਾਰਟੀ ਦੇ ਖਜਾਂਚੀ ਅਤੇ ਬੁਲਾਰੇ ਦਾ ਅਹੁਦਾ ਹੋਣ ਕਾਰਨ ਭਾਵੇਂ ਉਹਨਾਂ ਨੂੰ ਇਸ ਅਹੁਦੇ ਦਾ ਦਾਅਵੇਦਾਰ ਨਹੀਂ ਮੰਨਿਆ ਜਾ ਰਿਹਾ ਹੈ ਪਰੰਤੂ ਇਹ ਵੀ ਚਰਚਾ ਹੈ ਕਿ ਪਾਰਟੀ ਉਹਨਾਂ ਦੇ ਨਾਮ ਤੇ ਵੀ ਦਾਅ ਖੇਡ ਸਕਦੀ ਹੈ| ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਸ੍ਰ. ਬਲਜੀਤ ਸਿੰਘ ਕੁੰਭੜਾ (ਜੋ ਪਾਰਟੀ ਦੇ ਜੱਥੇਬੰਧਕ ਸਕੱਤਰ ਦੇ ਅਹੁਦੇ ਦਾ ਨਾਮ ਵੀ ਇਸ ਅਹੁਦੇ ਲਈ ਚਰਚਾ ਵਿੱਚ ਹੈ| ਇਸਤੋਂ ਇਲਾਵਾ ਪਾਰਟੀ ਆਗੂ ਸ੍ਰ. ਚਰਨਜੀਤ ਸਿੰਘ ਕਾਲੇਵਾਲ ਅਤੇ ਸ੍ਰ. ਅਜਮੇਰ ਸਿੰਘ ਖੇੜਾ ਵੀ ਇਸ ਅਹੁਦੇ ਦੀ ਦਾਅਵੇਦਾਰੀ ਦੀ ਦੌੜ ਵਿੱਚ ਦੱਸੇ ਜਾ ਰਹੇ ਹਨ|
ਪਾਰਟੀ ਦੀ ਜਿਲ੍ਹਾ ਸ਼ਹਿਰੀ ਇਕਾਈ ਲਈ ਵੀ ਕਈ ਪਾਰਟੀ ਆਗੂ ਦਾਅਵੇਦਾਰੀ ਦੀ ਦੌੜ ਵਿੱਚ ਦੱਸੇ ਜਾ ਰਹੇ ਹਨ ਜਿਹਨਾਂ ਵਿੱਚ ਮੌਜੂਦਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋ ਤੋਂ ਇਲਾਵਾ ਅਕਾਲੀ ਦਲ ਦੇ ਕੌਂਸਲਰਾਂ ਕਮਲਜੀਤ ਸਿੰਘ ਰੂਬੀ, ਪਰਵਿੰਦਰ ਸਿੰਘ ਬੈਦਵਾਨ, ਗੁਰਮੁਖ ਸਿੰਘ ਸੋਹਲ ਅਤੇ ਸੁਖਦੇਵ ਸਿੰਘ ਦੇ ਨਾਮ ਸ਼ਾਮਿਲ ਹਨ| ਇਹ ਸਾਰੇ ਹੀ ਆਗੂ ਭਾਵੇਂ ਅਕਾਲੀ ਦਲ ਦੇ ਕੌਂਸਲਰ ਹਨ ਪਰੰਤੂ ਇਹਨਾਂ ਦੇ ਸਿਆਸੀ ਆਕਾ ਵੱਖੋ ਵੱਖਰੇ ਹਨ ਅਤੇ ਹਰ ਕੋਈ ਹੀ ਆਪਣੀ ਅਹੁਦੇਦਾਰੀ ਲਈ ਆਸਵੰਦ ਦਿਸਦਾ ਹੈ|
ਪਾਰਟੀ ਦੇ ਸੂਤਰ ਦੱਸਦੇ ਹਨ ਕਿ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਹੁਣੇ ਮੁਹਾਲੀ ਜਿਲ੍ਹੇ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਪਰੰਤੂ ਇਸ ਬਾਰੇ ਫੈਸਲਾ ਅਗਲੇ ਇੱਕ ਦੋ ਦਿਨਾਂ ਵਿੱਚ ਹੋਣਾ ਤੈਅ ਹੈ| ਪਾਰਟੀ ਦੇ ਸੂਤਰ ਇਹ ਵੀ ਦੱਸਦੇ ਹਨ ਕਿ ਪਾਰਟੀ ਵਲੋਂ ਐਸ ਏ ਐਸ ਨਗਰ ਜਿਲ੍ਹੇ ਵਿੱਚ ਦਿਹਾਤੀ ਅਤੇ ਸ਼ਹਿਰੀ ਦੇ ਵੱਖੋ ਵੱਖਰੇ ਪ੍ਰਧਾਨ ਨਾ ਬਣਾ ਕੇ ਇੱਕ ਹੀ ਜਿਲ੍ਹਾ ਪ੍ਰਧਾਨ ਬਣਾਉਣ ਦੀ ਤਜਵੀਜ ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਜਿਲ੍ਹਾ ਸ਼ਹਿਰੀ ਦੀ ਥਾਂ ਹੋਰਨਾਂ ਸ਼ਹਿਰਾਂ ਵਾਂਗ ਮੁਹਾਲੀ ਸ਼ਹਿਰ ਦਾ ਜੱਥੇਬੰਧਕ ਢਾਂਚਾ ਬਣਾਇਆ ਜਾ ਸਕਦਾ ਹੈ|
ਆਉਣ ਵਾਲੇ ਸਮੇਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਦੇ ਪਿਟਾਰੇ ਤੋਂ ਇਸ ਸੰਬੰਧੀ ਕੀ ਨਿਕਲ ਕੇ ਆਏਗਾ ਇਸ ਬਾਰੇ ਤਾਂ ਹੁਣੇ ਕੁੱਝ ਕਿਹਾ ਨਹੀਂ ਜਾ ਸਕਦਾ ਪਰੰਤੂ ਇੰਨਾ ਜਰੂਰ ਹੈ ਕਿ ਜਦੋਂ ਤਕ ਜਿਲ੍ਹਾ ਇਕਾਈ ਦੇ ਜੱਥੇਦਾਰਾਂ ਦਾ ਰਸਮੀ ਐਲਾਨ ਨਹੀਂ ਹੁੰਦਾ ਪਾਰਟੀ ਦੀ ਜਿਲ੍ਹਾ ਸ਼ਹਿਰੀ ਅਤੇ ਦਿਹਾਤੀ ਇਕਾਈ ਦੀ ਪ੍ਰਧਾਨਗੀ ਦੇ ਦਾਅਵੇਦਾਰਾਂ ਅਤੇ ਉਹਨਾਂ ਦੇ ਸਮਰਥਕਾਂ ਦੇ ਦਿਲਾਂ ਦੀਆਂ ਧੜਕਣਾਂ ਜਰੂਰ ਵੱਧ ਗਈਆਂ ਹਨ|

Leave a Reply

Your email address will not be published. Required fields are marked *