ਅਕਾਲੀ ਦਲ ਦੀ ਮਾਨਤਾ ਰੱਦ ਕਰੇ ਚੋਣ ਕਮਿਸ਼ਨ : ਬਲਵੰਤ ਸਿੰਘ ਖੇੜਾ

ਚੰਡੀਗੜ੍ਹ, 19 ਜੂਨ (ਸ.ਬ.) ਸ਼ੋਸ਼ਲਿਸਟ ਪਾਰਟੀ ਇੰਡੀਆ ਦੇ ਇੱਕ ਵਫਦ ਨੇ ਕੌਮੀ ਮੀਤ ਪ੍ਰਧਾਨ ਅਤੇ ਮਾਲਟਾ ਕਿਸ਼ਤੀ ਹਾਦਸਾ ਮਿਸ਼ਨ ਦੇ ਚੇਅਰਮੈਨ ਸ੍ਰ. ਬਲਵੰਤ ਸਿੰਘ ਖੇੜਾ ਦੀ ਅਗਵਾਈ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਅਕਾਲੀ ਦਲ ਦੀ ਮਾਨਤਾ ਰੱਦ ਕੀਤੀ ਜਾਵੇ|
ਸ੍ਰ. ਖੇੜਾ ਨੇ ਇਸ ਮੌਕੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਅਕਾਲੀ ਦਲ ਵਲੋਂ ਦੋ ਸੰਵਿਧਾਨ ਅਪਨਾਏ ਹੋਏ ਹਨ| ਅਕਾਲੀ ਦਲ ਨੂੰ 1989 ਵਿੱਚ ਭਾਰਤੀ ਚੋਣ ਕਮਿਸ਼ਨ ਵਲੋਂ ਰਜਿਸਟਰਡ ਕੀਤਾ ਗਿਆ ਸੀ, ਉਸ ਸਮੇਂ ਭਾਰਤੀ ਚੋਣ ਕਮਿਸ਼ਨ ਕੋਲ ਦਿੱਤੇ ਆਪਣੇ ਪਾਰਟੀ ਸੰਵਿਧਾਨ ਵਿੱਚ ਅਕਾਲੀ ਦਲ ਨੂੰ ਧਰਮ ਨਿਰਪੱਖ ਪਾਰਟੀ ਦੱਸਿਆ ਗਿਆ ਸੀ, ਜਦੋਂਕਿ ਗੁਰਦੁਆਰਾ ਚੋਣ ਕਮਿਸ਼ਨ ਕੋਲ ਦਿੱਤੇ ਗਏ ਪਾਰਟੀ ਸੰਵਿਧਾਨ ਵਿੱਚ ਅਕਾਲੀ ਦਲ ਨੂੰ ਧਾਰਮਿਕ ਪਾਰਟੀ ਐਲਾਨਿਆ ਗਿਆ ਹੈ| ਅਕਾਲੀ ਦਲ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੀ ਹਿੱਸਾ ਲਿਆ ਜਾਂਦਾ ਹੈ ਜਦੋਂਕਿ ਇਹਨਾਂ ਚੋਣਾਂ ਵਿੱਚ ਸਿਰਫ ਉਹ ਹੀ ਧਿਰਾਂ ਹਿੱਸਾ ਲੈ ਸਕਦੀਆਂ ਹਨ ਜੋ ਕਿ ਧਾਰਮਿਕ ਹੋਣ|
ਉਹਨਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਅਕਾਲੀ ਦਲ ਨੇ ਦੋ ਸੰਵਿਧਾਨ ਬਣਾਏ ਹੋਏ ਹਨ ਅਤੇ ਧਰਮ ਤੇ ਰਾਜਨੀਤੀ ਨੂੰ ਰਲਗਡ ਕੀਤਾ ਜਾ ਰਿਹਾ ਹੈ| ਉਹਨਾਂ ਲਿਖਿਆ ਹੈ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 143 ਕੇ ਅਨੁਸਾਰ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਵਿਵਸਥਾ ਕੀਤੀ ਗਈ ਹੈ| ਜਿਸ ਤਹਿਤ ਇਸ ਚੋਣ ਕਮਿਸ਼ਨ ਨੂੰ ਜਿਲ੍ਹਾ ਪ੍ਰੀਸਦ, ਪੰਚਾਇਤਾਂ, ਬਲਾਕ ਸੰਮਤੀਆਂ ਦੀ ਚੋਣ ਕਰਵਾਉਣ ਦੇ ਅਧਿਕਾਰ ਦਿੱਤੇ ਗਏ ਹਨ| ਅਕਾਲੀ ਦਲ ਨੂੰ ਵੀ ਇਕ ਰਾਜਸੀ ਪਾਰਟੀ ਵਜੋਂ ਹੀ ਰਜਿਸਟਰਡ ਕੀਤਾ ਗਿਆ ਹੈ ਜਦੋਂਕਿ ਅਕਾਲੀ ਦਲ ਵਲੋਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਵੀ ਖੁਲ੍ਹੇਆਮ ਹਿੱਸਾ ਲਿਆ ਜਾਂਦਾ ਹੈ| ਇਸ ਤਰ੍ਹਾਂ ਅਕਾਲੀ ਆਗੂ ਰਾਜਸੀ ਗਤੀਵਿਧੀਆਂ ਦੇ ਨਾਲ ਨਾਲ ਧਾਰਮਿਕ ਸੰਸਥਾਵਾਂ ਵਿੱਚ ਵੀ ਅਹੁਦੇਦਾਰੀਆਂ ਦਾ ਸੁਖ ਮਾਣ ਰਹੇ ਹਨ| ਜਦੋਂ ਧਾਰਮਿਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਰਾਜਸੀ ਪਾਰਟੀਆਂ ਹਿੱਸਾ ਨਹੀਂ ਲੈ ਸਕਦੀਆਂ| ਅਕਾਲੀ ਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਕਰਕੇ ਇਸਦਾ ਧਰਮ ਨਿਰਪੱਖਤਾ ਦਾ ਦਾਅਵਾ ਖਤਮ ਹੋ ਜਾਂਦਾ ਹੈ|
ਉਹਨਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਦੋ ਪਾਰਟੀ ਸੰਵਿਧਾਨ ਰਜਿਸਟਰਡ ਕਰਵਾ ਕੇ ਧੋਖਾ ਕੀਤਾ ਹੈ ਅਤੇ ਇਸ ਲਈ ਇਸ ਪਾਰਟੀ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ ਅਤੇ ਆਉਣ ਵਾਲੀਆਂ ਸਾਰੀਆਂ ਹੀ ਚੋਣਾਂ ਵਿੱਚ ਅਕਾਲੀ ਦਲ ਨੂੰ ਹਿੱਸਾ ਲੈਣ ਤੋਂ ਰੋਕ ਦੇਣਾ ਚਾਹੀਦਾ ਹੈ|

Leave a Reply

Your email address will not be published. Required fields are marked *