ਅਕਾਲੀ ਦਲ ਦੇ ਗੜ੍ਹ ਵਿੱਚ ਸੰਨ ਲਾਉਣ ਵਿੱਚ ਕਿੰਨੀ ਕੁ ਕਾਮਯਾਬ ਹੋਵੇਗੀ ਭਾਜਪਾ? ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਸਬੰਧੀ ਭਾਜਪਾ ਵਲੋਂ ਅੰਦਰਖਾਤੇ ਸਰਗਰਮੀਆਂ ਤੇਜ


ਐਸ ਏ ਐਸ ਨਗਰ, 23 ਨਵੰਬਰ (ਭਗਵੰਤ ਸਿੰਘ ਬੇਦੀ) ਅਕਾਲੀ ਦਲ ਬਾਦਲ ਨਾਲ 24 ਸਾਲ ਪੁਰਾਣੀ ਰਾਜਸੀ ਸਾਂਝ ਟੁੱਟਣ ਤੋਂ ਬਾਅਦ ਭਾਜਪਾ ਪੰਜਾਬ ਵਿੱਚ ਤੇਜੀ ਨਾਲ ਸਰਗਰਮ ਹੋ ਗਈ ਹੈ| ਇਕ ਪਾਸੇ ਭਾਜਪਾ ਵਲੋਂ ਅਕਾਲੀ ਦਲ  ਬਾਦਲ ਦੇ ਗੜ੍ਹ ਮੰਨੇ ਜਾਂਦੇ ਮਾਲਵਾ ਇਲਾਕੇ ਵਿੱਚ ਆਪਣੇ 7 ਦਫਤਰ ਬਣਾ ਕੇ ਅਕਾਲੀ ਦਲ ਬਾਦਲ ਨੂੰ ਠਿੱਬੀ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਉਥੇ ਦੂਜੇ ਪਾਸੇ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਆਪਣੇ ਬਲਬੂਤੇ ਜਿੱਤਣ ਲਈ ਭਾਜਪਾ ਪੱਬਾਂ ਭਾਰ ਹੋ ਗਈ ਹੈ|
ਭਾਜਪਾ ਵਲੋਂ ਮੁਹਾਲੀ ਸ਼ਹਿਰ ਵਿੱਚ ਆਪਣੀਆਂ ਸਰਗਰਮੀਆਂ             ਤੇਜ ਕਰ ਦਿੱਤੀਆਂ ਗਈਆਂ ਹਨ ਅਤੇ ਇਕਲੇ ਤੌਰ ਤੇ ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਜਿੱਤਣ ਲਈ ਕਮਰਕਸੇ ਕਰ ਲਏ ਗਏ ਹਨ ਜਦੋਂਕਿ ਅਕਾਲੀ ਦਲ ਬਾਦਲ ਵਲੋਂ ਇਸ ਸੰਬੰਧੀ ਆਪਣੀਆਂ ਸਰਗਰਮੀਆਂ ਦੀ ਸ਼ੁਰੂਆਤ ਕੀਤੀ ਜਾਣੀ ਹੈ ਅਤੇ ਅਜਿਹਾ ਲੱਗ ਰਿਹਾ ਹੈ ਜਿਵੇਂ ਅਕਾਲੀ ਦਲ (ਹਾਲ ਦੀ ਘੜੀ) ਬੈਕਫੁੱਟ ਤੇ ਪਹੁੰਚ ਗਿਆ ਹੋਵੇ|
ਬਿਹਾਰ ਵਿਧਾਨ ਸਭਾ ਚੋਣਾਂ ਅਤੇ ਹੋਰਨਾਂ ਰਾਜਾਂ ਦੀਆਂ ਜਿਮਨੀ ਚੋਣਾਂ ਵਿੱਚ ਮਿਲੀ ਜਿੱਤ ਕਾਰਨ ਜਿੱਥੇ ਭਾਜਪਾ ਆਗੂ ਬਹੁਤ ਹੋਂਸਲੇ ਵਿੱਚ ਹਨ ਉੱਥੇ ਦੂਜੇ ਪਾਸੇ ਉਹਨਾਂ ਨੂੰਲੱਗਦਾ ਹੈ ਕਿ ਕੇਂਦਰ ਦੀ ਸੱਤਾ ਤੇ ਕਾਬਿਜ ਹੋਣ ਦਾ ਉਹਨਾਂ ਨੂੰ ਸਿੱਧਾ ਫਾਇਦਾ ਮਿਲਣਾ ਹੈ ਅਤੇ ਭਾਜਪਾ ਆਗੂ ਹੁਣ ਪੰਜਾਬ ਦੀਆਂ ਅਗਲੀਆਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ਜਿੱਤਣ ਦੀ ਆਸ ਵਿੱਚ ਸਰਗਰਮੀਆਂ ਤੇਜ ਕਰ ਰਹੇ ਹਨ|  
ਇਸ ਦੌਰਾਨ ਜਿੱਥੇ ਭਾਜਪਾ ਵਲੋਂ ਪੰਜਾਬ ਵਿੱਚ ਅਕਾਲੀ ਦਲ ਸਮੇਤ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ ਉੱਥੇ ਦੇਸ਼ ਦੇ ਹੋਰਨਾਂ ਸੂਬਿਆਂ (ਖਾਸ ਕਰ ਪੱਛਮੀ ਬੰਗਾਲ) ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾ ਨੂੰ ਮੁੱਖ ਰੱਖਦਿਆਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ| ਭਾਜਪਾ ਵਲੋਂ ਪੱਛਮੀ ਬੰਗਾਲ ਵਿੱਚ  ਤ੍ਰਿਣਮੂਲ ਕਾਂਗਰਸ ਦੇ ਰੁਸੇ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਲਈ ਪੁਰਜੋਰ ਯਤਨ ਕੀਤੇ ਜਾ ਰਹੇ ਹਨ ਅਤੇ ਭਾਜਪਾ ਹਾਈਕਮਾਨ ਨੂੰ ਲੱਗਦਾ ਹੈ ਕਿ ਪੱਛਮੀ ਬੰਗਾਲ ਵਿੱਚ ਪਾਰਟੀ ਜੇਤੂ ਮੁਹਿੰਮ ਚਲਾ ਸਕਦੀ ਹੈ ਅਤੇ ਭਾਜਪਾ ਵਲਂੋ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੁਰਾ ਜੋਰ ਲਾਇਆ ਜਾ ਰਿਹਾ ਹੈ| 
ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੁਣੇ ਸਵਾ ਸਾਲ ਤੋਂ ਵੱਧ  ਸਮਾਂ ਬਾਕੀ ਹੈ ਪਰੰਤੂ ਇਸਦੇ ਬਾਵਜੂਣ ਭਾਜਪਾ ਵਲੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਹੁਣੇ ਤੋਂ ਤਿਆਰੀਆਂ ਆਰੰਭ ਕਰ ਦਿਤੀਆਂ ਗਈਆਂ ਹਨ| ਭਾਜਪਾ ਆਗੂ ਮੰਨਦੇ ਹਨ ਕਿ ਮਾਝਾ ਅਤੇ ਦੋਆਬਾ ਇਲਾਕੇ ਵਿੱਚ ਭਾਜਪਾ ਪਹਿਲਾਂ ਤੋਂ ਮਜਬੂਤ ਸਥਿਤੀ ਵਿੱਚ ਹੈ| ਅਕਾਲੀ ਦਲ ਬਾਦਲ ਦਾ ਗੜ੍ਹ ਮੰਨੇ ਜਾਂਦੇ ਮਾਲਵਾ ਇਲਾਕੇ ਵਿੱਚ ਭਾਜਪਾ ਭਾਵੇਂ                ਕਮਜੋਰ ਹੈ, ਪਰੰਤੂ ਭਾਜਪਾ ਵਲੋਂ ਮਾਲਵਾ ਇਲਾਕੇ ਵਿੱਚ ਆਪਣੀ ਸਥਿਤੀ ਮਜਬੂਤ ਕਰਨ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ| 
ਇਸ ਦੌਰਾਨ ਭਾਜਪਾ ਵਲੋਂ ਨਗਰ ਨਿਗਮ ਮੁਹਾਲੀ ਦੀਆਂ ਚੋਣਾ ਲਈ 50 ਸੀਟਾਂ ਤੇ ਉਮੀਦਵਾਰ ਖੜ੍ਹੇ ਕਰਨ ਦੀ ਤਿਆਰੀ ਚਲ ਰਹੀ ਹੈ| ਪਿਛਲੀ ਵਾਰ ਹੋਈ ਨਿਗਮ ਦੀ ਚੋਣ ਦੌਰਾਨ ਭਾਜਪਾ ਨੇ 17 ਸੀਟਾਂ ਤੇ ਚੋਣ ਲੜੀ ਸੀ ਜਿਸ ਵਿੱਚੋਂ ਉਸਦੇ 6 ਕੌਂਸਲਰ ਚੋਣ ਜਿੱਤੇ ਸਨ ਅਤੇ ਵੇਖਣਾ ਇਹ ਹੈ ਕਿ ਇਸ ਵਾਰ ਹੋਣ ਵਾਲੀਆਂ ਨਿਗਮ ਚੋਣਾਂ ਵਿੱਚ ਭਾਜਪਾ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ|

Leave a Reply

Your email address will not be published. Required fields are marked *