ਅਕਾਲੀ ਦਲ ਦੇ ਜਿਲ੍ਹਾ ਪੱਧਰੀ ਧਰਨੇ ਵਿੱਚ ਰਾਣਾ ਗੁਰਜੀਤ ਨੂੰ ਬਰਖਾਸਤ ਕਰਨ, ਰੇਤ ਕਾਂਡ ਦੀ ਸੀ. ਬੀ. ਆਈ ਜਾਂਚ ਕਰਵਾਉਣ ਦੀ ਮੰਗ

ਅਕਾਲੀ ਦਲ ਦੇ ਜਿਲ੍ਹਾ ਪੱਧਰੀ ਧਰਨੇ ਵਿੱਚ ਰਾਣਾ ਗੁਰਜੀਤ ਨੂੰ ਬਰਖਾਸਤ ਕਰਨ, ਰੇਤ ਕਾਂਡ ਦੀ ਸੀ. ਬੀ. ਆਈ ਜਾਂਚ ਕਰਵਾਉਣ ਦੀ ਮੰਗ
ਡਿਪਟੀ ਕਮਿਸ਼ਨਰ ਨੂੰ ਗਵਰਨਰ ਦੇ ਨਾਮ ਮੰਗ ਪੱਤਰ ਦਿੱਤਾ
ਐਸ ਏ ਐਸ ਨਗਰ, 12 ਜੂਨ (ਸ.ਬ.) ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਅੱਜ ਪੰਜਾਬ ਦੇ ਸਮੂਹ ਜਿਲ੍ਹਾ ਹੈਡ ਕੁਆਰਟਰਾਂ ਤੇ ਦਿੱਤੇ ਗਏ ਧਰਨਿਆਂ ਦੀ ਲੜੀ ਵਿੱਚ  ਪਾਰਟੀ ਦੇ ਜਿਲ੍ਹਾ ਮੁਹਾਲੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਦਿਤਾ ਗਿਆ ਧਰਨਾ ਆਪਣਾ ਬਣਦਾ ਪ੍ਰਭਾਵ ਛੱਡਣ ਵਿੱਚ ਨਾਕਾਮ ਰਿਹਾ| ਇਸ ਦੌਰਾਨ ਇੱਥੇ ਆਮ ਵਰਕਰਾਂ ਨਾਲੋਂ ਆਗੂਆਂ ਦੀ ਹਾਜਰੀ ਵੱਧ ਨਜਰ ਆਈ ਉੱਥੇ ਵੱਖ ਵੱਖ ਆਗੂਆਂ ਵੱਲੋਂ ਆਪਣੇ ਆਪਣੇ ਵੱਖਰੇ ਜੱਥੇ ਲੈ ਕੇ ਉੱਥੇ ਪਹੁੰਚਣ ਵੇਲੇ  ਕੀਤੇ ਗਏ ਤਾਕਤ ਦੇ ਪ੍ਰਦਰਸ਼ਨ ਨੇ ਪਾਰਟੀ ਦੀ ਅੰਦਰੂਨੀ ਧੜੇਬਾਜ਼ੀ ਨੂੰ ਵੀ ਜਾਹਿਰ ਕੀਤਾ|
ਧਰਨੇ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇ ਢਾਈ ਮਹੀਨੇ ਪਹਿਲਾਂ ਹੋਂਦ ਵਿੱਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਨਕਾਰਾ ਦੱਸਦਿਆਂ ਕਿਹਾ ਕਿ ਇਹ ਸਰਕਾਰ ਲੋਕਾਂ ਨੂੰ ਝੂਠ ਬੋਲ ਕੇ ਸੱਤਾ ਵਿੱਚ ਆਈ ਹੈ ਅਤੇ ਸੱਤਾ ਤੇ ਕਾਬਿਜ ਹੋਣ ਸਾਰ ਹੀ ਇਸਦੇ ਘੁਟਾਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ| ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਵੱਲੋਂ ਇਸ ਤਰੀਕੇ ਨਾਲ ਲੁਕਵੇਂ ਢੰਗ ਨਾਲ  ਰੇਤ ਦੀਆਂ ਖੱਡਾਂ ਤੇ ਕਬਜੇ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ| ਉਸਨੇ ਕਾਂਗਰਸ ਸਰਕਾਰ ਦੀ ਅਸਲੀਅਤ ਲੋਕਾਂ ਸਾਹਮਣੇ ਲਿਆ ਦਿੱਤੀ ਹੈ|
ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ. ਸ੍ਰ. ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਹਰ  ਫਰੰਟ ਤੇ ਨਾਕਾਮ ਸਾਬਿਤ ਹੋਈ ਹੈ| ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਰਜਾ ਮਾਫੀ ਦਾ ਲਾਰਾ ਲਗਾ ਕੇ ਸੱਤਾ ਵਿੱਚ ਆਈ ਸਰਕਾਰ ਹੁਣ ਆਪਣੇ ਵਾਇਦਿਆਂ ਤੋਂ ਭੱਜ ਰਹੀ ਹੈ| ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਲੋਕਾਂ  ਨਾਲ ਝੂਠੇ ਕਰਨ ਵਾਲੇ ਪੰਜਾਬ ਦੇ ਮੁੱਖ  ਮੰਤਰੀ ਦੇ ਖਿਲਾਫ 420 ਦਾ ਪਰਚਾ ਦਰਜ ਕਰਵਾਇਆ ਜਾਵੇਗਾ|
ਅੱਜ ਦੇ ਇਸ ਧਰਨੇ ਵਿੱਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ, ਮੀਡੀਆ ਸੈਲ ਦੇ ਇੰਚਾਰਜ ਸ੍ਰੀ ਵਿਨੀਤ ਜੋਸ਼ੀ ਸਮੇਤ ਹੋਰ ਸਥਾਨਕ ਆਗੂ ਵੀ ਸ਼ਾਮਿਲ ਹੋਏ| ਇਸ ਮੌਕੇ    ਡੇਰਾਬਸੀ ਦੇ ਵਿਧਾਇਕ ਸ੍ਰੀ ਐਨ.ਕੇ ਸ਼ਰਮਾ, ਪਾਰਟੀ ਦੇ ਐਸ.ਏ.ਐਸ. ਨਗਰ ਅਤੇ ਖਰੜ ਦੇ ਹਲਕਾ ਇੰਚਾਰਜ ਸ੍ਰ. ਤੇਜਿੰਦਰ ਪਾਲ ਸਿੰਘ ਸਿੱਧੂ ਅਤੇ ਸ੍ਰ. ਰਣਜੀਤ ਸਿਘ ਗਿੱਲ, ਜਿਲ੍ਹਾ ਸ਼ਹਿਰੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ, ਪਾਰਟੀ ਦੇ ਸਕੱਤਰ ਸ੍ਰ. ਬਲਜੀਤ ਸਿੰਘ ਕੁੰਭੜਾ, ਬੀ.ਸੀ.ਸੈਲ ਦੇ ਪ੍ਰਧਾਨ ਸ੍ਰ. ਗੁਰਮੁੱਖ ਸਿੰਘ ਸੋਹਲ , ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਨੇ ਵੀ ਸੰਬੋਧਨ ਕੀਤਾ|
ਧਰਨੇ ਵਾਲੀ ਥਾਂ ਤੇ ਟਂੈਟ ਵਿੱਚ ਗਰਮੀ ਹੋਣ ਕਾਰਨ ਪਾਰਟੀ  ਦੇ ਆਗੂ ਅਤੇ ਵਰਕਰ ਨੇੜੇ ਦਰਖਤਾਂ ਦੀ ਛਾਂ ਵਿੱਚ ਵੀ ਖੜ੍ਹੇ ਦੇਖੇ ਗਏ| ਗਰਮੀ ਦਾ ਪ੍ਰਕੋਪ ਵੱਧ ਹੋਣ ਕਾਰਨ ਧਰਨੇ ਵਿੱਚ ਅਫੜਾ ਤਫੜੀ ਦਾ ਮਾਹੌਲ ਰਿਹਾ ਅਤੇ ਬੁਲਾਰਿਆਂ ਦੇ ਬੋਲਣ ਦੌਰਾਨ ਲੋਕ ਉਠ ਕੇ ਬਾਹਰ ਜਾਂਦੇ ਰਹੇ| ਬਾਅਦ ਵਿੱਚ ਪਾਰਟੀ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਗਵਰਨਰ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਗਿਆ| ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸ੍ਰ. ਸਰਬਜੀਤ ਸਿੰਘ ਪਾਰਸ, ਮਨਮੋਹਨ ਕੌਰ ਸਾਬਕਾ ਐਮ ਸੀ, ਕੌਂਸਲਰ ਕਮਲਜੀਤ ਸਿੰਘ ਰੂਬੀ, ਕੌਂਸਲਰ ਸੈਂਹਬੀ ਆਨੰਦ, ਕੌਂਸਲਰ ਸੁਰਿੰਦਰ ਸਿੰਘ ਰੋਡਾ, ਕੌਂਸਲਰ ਪ੍ਰਕਾਸ਼ਵਤੀ,  ਪਰਵਿੰਦਰ ਸਿੰਘ ਸੋਹਾਣਾ ਤੋਂ ਇਲਾਵਾ ਪੂਰੇ ਜਿਲ੍ਹੇ ਦੇ ਵੱਖ ਵੱਖ  ਖੇਤਰਾਂ ਤੋਂ ਆਏ ਅਕਾਲੀ ਅਤੇ ਭਾਜਪਾ ਆਗੂ ਅਤੇ ਵਰਕਰ ਸ਼ਾਮਿਲ ਹੋਏ|
ਪਾਰਟੀ ਵਲੋਂ ਡਿਪਟੀ ਕਮਿਸ਼ਨਰ ਨੂੰ ਰਾਜਪਾਲ ਦੇ ਨਾਮ ਦਿੱਤੇ ਗਏ ਮੰਗ ਪੱਤਰ ਵਿੱਚ ਰਾਣਾ ਗੁਰਜੀਤ ਸਿੰਘ ਉੱਪਰ ਰੇਤੇ ਦੀਆਂ ਖੇਡਾਂ ਵਿੱਚ ਕੀਤੇ ਸਕੈਂਡਲ ਕਰਨ ਦਾ ਇਲਜਾਮ ਲਗਾਉਂਦਿਆਂ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਗਈ ਹੈ| ਇਸ ਦੇ ਨਾਲ ਨਾਲ ਕਿਸਾਨਾਂ ਅਤੇ ਮਜਦੂਰਾਂ ਦੀ ਕਰਜਾ ਮਾਫੀ, ਧਾਰਮਿਕ ਗ੍ਰੰਥਾਂ ਦੀ  ਬੇਅਦਬੀ, ਦਲਿਤਾਂ ਤੇ ਅਤਿਆਚਾਰ ਅਤੇ ਰਾਜਨੀਤਿਕ ਧੱਕੇਸ਼ਾਹੀ, ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਦੇ ਮੁੱਦੇ ਚੁੱਕਦਿਆਂ ਮੰਗ ਕੀਤੀ ਗਈ ਹੈ ਕਿ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰਬਰਾਖਸਤ ਕੀਤਾ ਜਾਵੇ ਅਤੇ ਕਾਂਗਰਸ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਇਦਿਆਂ ਅਨੁਸਾਰ ਕਿਸਾਨਾਂ ਦੇ ਕਰਜੇ ਮਾਫ   ਕਰੇ| ਇਸ ਦੇ ਨਾਲ ਨਾਲ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਬੂ ਕਰਨ, ਦਲਿਤਾਂ ਵਿਰੁੱਧ ਅਤਿਆਚਾਰ ਤੇ ਰੋਕ ਲਗਾਉਣ , ਸਿਆਸੀ ਵਿਰੋਧੀਆਂ ਤੇ ਜੁਲਮ ਬੰਦ ਕਰਨ, ਅਮਨ ਅਤੇ ਕਾਨੂੰਨ ਦਾ ਰਾਜ ਸਥਾਪਤ ਕਰਨ ਦੀ ਮੰਗ ਕੀਤੀ ਗਈ ਹੈ|

Leave a Reply

Your email address will not be published. Required fields are marked *