ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਵਲੋਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਲੜਣ ਦੇ ਐਲਾਨ ਨੇ ਹਿਲਾਈ ਅਕਾਲੀ ਸਿਆਸਤ ਮੁਹਾਲੀ ਵਾਸੀਆਂ ਨੂੰ ਸਵੱਛ ਪ੍ਰਸ਼ਾਸ਼ਨ ਤੇ ਸਹੂਲਤਾਂ ਮੁਹੱਈਆਂ ਕਰਵਾਉਣ ਬਦਲੇ ਮੰਗਿਆ ਸਮਰਥਨ


ਐਸ.ਏ.ਐਸ.ਨਗਰ, 11 ਜਨਵਰੀ (ਸ਼ਬ ਸ਼੍ਰੋਮਣੀ ਅਕਾਲੀ ਦਲ ਵਲੋਂ ਪਹਿਲਾਂ ਨਗਰ ਨਿਗਮ ਚੋਣਾਂ ਲਈ ਪ੍ਰੋ ਪ੍ਰੇਮ ਸਿੰਘ ਚੰਦੂਮਾਜਾਰਾ ਦੀ ਅਗਵਾਈ ਵਿੱਚ ਕਮੇਟੀ ਬਣਾਉਣ ਅਤੇ ਬਾਅਦ ਵਿੱਚ ਸਾਬਕਾ ਮੇਅਰ ਸ੍ਰ ਕੁਲਵੰਤ ਸਿੰਘ ਨੂੰ ਅਣਗੌਲਿਆ ਕਰਕੇ ਅਕਾਲੀ ਦਲ ਦੇ 28 ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਦੇ ਇੱਕ ਦਿਨ ਬਾਅਦ ਹੀ ਪਾਰਟੀ ਦੇ ਸਾਬਕਾ ਕੌਂਸਲਰਾਂ ਅਤੇ ਆਗੂਆਂ (ਜਿਹਨਾਂ ਵਿੱਚੋਂ ਵੱਡੀ ਗਿਣਤੀ ਆਗੂਆਂ ਦੇ ਨਾਮ ਅਕਾਲੀ ਦਲ ਦੀ ਨਵੀਂ ਸੂਚੀ ਵਿੱਚ ਸ਼ਾਮਿਲ ਹਨ) ਵਲੋਂ ਅੱਜ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਿਆਂ ਪਾਰਟੀਬਾਜੀ ਤੋਂ ਉੱਪਰ ਉਠ ਕੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ। ਅਜਿਹਾ ਹੋਣ ਨਾਲ ਨਗਰ ਨਿਗਮ ਚੋਣਾਂ ਦੌਰਾਨ ਇਸ ਵਾਰ ਵੀ ਪਿਛਲੀ ਚੋਣ ਵਰਗੇ ਹਾਲਾਤ ਬਣਦੇ ਦਿਖ ਰਹੇ ਹਨ ਜਦੋਂ ਪਾਰਟੀ ਦੇ ਹਲਕਾ ਇੰਚਾਰਜ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਵਲੋਂ ਮੇਅਰ ਕੁਲਵੰਤ ਸਿੰਘ ਨੂੰ ਅਣਗੌਲਿਆ ਕੀਤੇ ਜਾਣ ਦੇ ਵਿਰੋਧ ਵਿੱਚ ਮੇਅਰ ਵਲੋਂ ਆਪਣਾ ਆਜਾਦ ਗਰੁੱਪ ਬਣਾ ਕੇ ਚੋਣ ਲੜੀ ਗਈ ਸੀ।
ਇਸ ਵਾਰ ਭਾਵੇਂ ਸ੍ਰ ਰਾਮੂਵਾਲੀਆ ਮੈਦਾਨ ਵਿਚ ਨਹੀਂ ਹਨ ਪਰੰਤੂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਵਲੋਂ ਬੀਤੇ ਦਿਨੀਂ ਜਿਸ ਤਰੀਕੇ ਨਾਲ ਸ੍ਰ ਕੁਲਵੰਤ ਸਿੰਘ ਨੂੰ ਇੱਕ ਪਾਸੇ ਕਰਕੇ ਆਪਣੇ ਪੱਧਰ ਤੇ ਪਾਰਟੀ ਦੇ 28 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਉਸ ਨਾਲ ਕੁਲਵੰਤ ਸਿੰਘ ਦੇ ਸਮਰਥਕ ਸਾਬਕਾ ਕੌਂਸਲਰਾਂ ਵਿੱਚ ਨਾਰਾਜਗੀ ਪਾਈ ਜਾ ਰਹੀ ਸੀ ਅਤੇ ਹੁਣ ਉਹਨਾਂ ਵਲੋਂ ਖੁੱਲ ਕੇ ਸ੍ਰ ਕੁਲਵੰਤ ਸਿੰਘ ਦੇ ਸਮਰਥਨ ਵਿੱਚ ਆਉਣ ਦੇ ਐਲਾਨ ਨੂੰ ਪ੍ਰੋ ਚੰਦੂਮਾਜਰਾ ਅਤੇ ਸ੍ਰ ਚਰਨਜੀਤ ਬਰਾੜ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਇਹਨਾਂ ਵਿੱਚੋਂ ਜਿਆਦਤਰ ਸਾਬਕਾ ਕੌਂਸਲਰ ਪਹਿਲਾਂ ਵੀ ਇਹ ਮੰਗ ਕਰ ਚੁੱਕੇ ਹਨ ਕਿ ਨਿਗਮ ਚੋਣਾਂ ਦੀ ਕਮਾਨ (ਉਮੀਦਵਾਰਾਂ ਦੀ ਚੋਣ ਸਮੇਤ) ਸ੍ਰ ਕੁਲਵੰਤ ਸਿੰਘ ਦੇ ਹੱਥਾਂ ਵਿੱਚ ਦਿੱਤੀ ਜਾਵੇ, ਪਰੰਤੂ ਪਾਰਟੀ ਵਲੋਂ ਉਮੀਦਵਾਰਾਂ ਦੀ ਚੋਣ ਲਈ ਪ੍ਰੋ ਚੰਦੂਮਾਜਰਾ ਦੀ ਅਗਵਾਈ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀ। ਇਸਤੋਂ ਬਾਅਦ ਪਾਰਟੀ ਦੇ ਕਈ ਸਾਬਕਾ ਕੌਂਸਲਰਾਂ ਵਲੋਂ ਇਹ ਆਵਾਜ ਚੁੱਕੀ ਗਈ ਸੀ ਕਿ ਕਿਸਾਨ ਸੰਘਰਸ਼ ਨੂੰ ਮੁੱਖ ਰੱਖਦਿਆਂ ਇਸ ਵਾਰ ਇਹ ਚੋਣ ਪਾਰਟੀ ਚੋਣ ਨਿਸ਼ਾਨ ਤੇ ਨਾ ਲੜੀ ਜਾਵੇ ਪਰੰਤੂ ਪਾਰਟੀ ਵਲੋਂ ਇਸ ਗੱਲ ਨੂੰ ਵੀ ਅਣਸੁਣਿਆ ਕਰ ਦਿੱਤਾ ਗਿਆ ਸੀ ਅਤੇ ਹੁਣ ਇਹ ਸਾਰੇ ਕੌਂਸਲਰ ਸਿੱਧੇ ਰੂਪ ਵਿੱਚ ਸ੍ਰ ਕੁਲਵੰਤ ਸਿੰਘ ਦੇ ਸਮਰਥਨ ਵਿੱਚ ਆ ਗਏ ਹਨ।
ਅੱਜ ਇੱਥੇ ਮੇਅਰ ਕੁਲਵੰਤ ਸਿੰਘ ਨਾਲ ਕੀਤੀ ਮੀਟਿੰਗ ਦੌਰਾਨ ਸਾਬਕਾ ਕੌਂਸਲਰਾਂ ਫੂਲਰਾਜ ਸਿੰਘ, ਆਰ ਪੀ ਸ਼ਰਮਾ, ਪਰਵਿੰਦਰ ਸਿੰਘ ਸੋਹਾਣਾ, ਪਰਮਜੀਤ ਸਿੰਘ ਕਾਹਲੋਂ, ਕੁਲਦੀਪ ਕੌਰ ਕੰਗ, ਗੁਰਮੁਖ ਸਿੰਘ ਸੋਹਲ, ਗੁਰਮੀਤ ਸਿੰਘ ਵਾਲੀਆ, ਉਪਿੰਦਰ ਪ੍ਰੀਤ ਕੌਰ, ਰਜਿੰਦਰ ਕੌਰ ਕੁੰਭੜਾ, ਰਮਨਪ੍ਰੀਤ ਕੌਰ, ਸਰਬਜੀਤ ਸਿੰਘ ਸਮਾਣਾ, ਰਵਿੰਦਰ ਸਿੰਘ ਬਿੰਦਰਾ, ਰਜਨੀ ਗੋਇਲ, ਜਸਬੀਰ ਕੌਰ ਅਤਲੀ, ਗੁਰਮੀਤ ਕੌਰ, ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ, ਹਰਪਾਲ ਸਿੰਘ ਚੰਨਾ ਅਤੇ ਅਕਾਲੀ ਆਗੂਆਂ ਹਰਮਨਜੋਤ ਕੁੰਭੜਾ, ਜਸਪਾਲ ਸਿੰਘ ਮਟੌਰ, ਅਵਤਾਰ ਸਿੰਘ ਵਾਲੀਆ, ਹਰਮੇਸ਼ ਸਿੰਘ ਕੁੰਭੜਾ, ਹਰਬਿੰਦਰ ਸਿੰਘ, ਅਰੁਣ ਗੋਇਲ ਨੇ ਕਿਹਾ ਕਿ ਨਿਗਮ ਦੀ ਇਹ ਚੋਣ ਵਿਕਾਸ ਦੇ ਮੁੱਦੇ ਤੇ ਲੜੀ ਜਾਣੀ ਹੈ ਅਤੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਪੰਜ ਸਾਲ ਤਕ ਜਿੱਥੇ ਪੂਰੇ ਸ਼ਹਿਰ ਦਾ ਸਰਬਪੱਖੀ ਵਿਕਾਸ ਹੋਇਆ ਹੈ ਉੱਥੇ ਇਸ ਦੌਰਾਨ ਨਿਗਮ ਦੀ ਵਿਰੋਧੀ ਧਿਰ (ਕਾਂਗਰਸੀ ਕੌਂਸਲਰਾਂ) ਦੇ ਵਾਰਡਾਂ ਵਿੱਚ ਵੀ ਭਰਪੂਰ ਕੰਮ ਹੋਏ ਹਨ। ਇਸ ਦੌਰਾਨ ਸਾਬਕਾ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਬਿਮਾਰ ਹੋਣ ਕਾਰਨ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ ਪਰੰਤੂ ਉਹਨਾਂ ਅਤੇ ਅਕਾਲੀ ਦਲ ਵਲੋਂ ਐਲਾਨੇ ਗਏ ਉਮੀਦਵਾਰ ਰਮੇਸ਼ ਪ੍ਰਕਾਸ਼ ਕੰਬੋਜ ਨੇ ਮੇਅਰ ਦੀ ਅਗਵਾਈ ਵਿੱਚ ਚੋਣ ਲੜਣ ਸੰਬੰਧੀ ਆਪਣੀ ਲਿਖਤੀ ਸਹਿਮਤੀ ਭੇਜ ਦਿੱਤੀ ਗਈ।
ਸਾਬਕਾ ਕੌਂਸਲਰਾਂ ਨੇ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਪੂਰੀ ਇਮਾਨਦਾਰੀ ਅਤੇ ਬਿਨ੍ਹਾਂ ਕਿਸੇ ਪੱਖਪਤਾ ਨਾਲ ਮੁਹਾਲੀ ਸ਼ਹਿਰ ਦੀ ਪਿਛਲੇ ਲੰਮੇਂ ਸਮੇਂ ਤੋਂ ਵਾਰਡਾਂ ਦਾ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਕੀਤੀ ਗਈ ਸੇਵਾ ਤੋਂ ਸ਼ਹਿਰ ਦਾ ਬੱਚਾ ਬੱਚਾ ਵਾਕਿਫ ਹੈ ਅਤੇ ਉਹ ਸਾਰੇ ਸਾਬਕਾ ਕੌਂਸਲਰ ਸਿਰਫ ਤੇ ਸਿਰਫ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੀ ਚੋਣਾਂ ਲੜਨ ਦੀ ਵਚਨਬੱਧਤਾ ਪ੍ਰਗਟ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਵਿੱਚ ਇਸ ਸਮੇਂ ਮਾਫੀਆ ਰਾਜ ਹੈ ਅਤੇ ਸ਼ਹਿਰ ਨਾਲ ਸਬੰਧਿਤ ਕੈਬਨਿਟ ਮੰਤਰੀ ਆਪਣੇ ਭਰਾ ਨੂੰ ਮੇਅਰ ਬਣਾਉਣ ਲਈ ਇਸ ਸਭ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਭਰਾ ਨੂੰ ਕਿਸੇ ਵੀ ਕੀਮਤ ਤੇ ਮੇਅਰ ਬਣਾਉਣ ਲਈ ਕੈਬਨਿਟ ਮੰਤਰੀ ਨੇ ਜਿਵੇਂ ਵਾਰਡਾਂ ਦੀ ਬੇਤਰਤੀਬੀ ਵੰਡ ਕਰਕੇ ਭਾਈਚਾਰਕ ਸਾਂਝ ਵਿੱਚ ਤਰੇੜਾਂ ਪਾਈਆਂ ਹਨ, ਉਸ ਦਾ ਖਮਿਆਜਾ ਦੇਣ ਲਈ ਸ਼ਹਿਰ ਵਾਸੀ ਨਿਗਮ ਚੋਣਾਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਸਾਬਕਾ ਕੌਂਸਲਰਾਂ ਨੇ ਦਾਅਵਾ ਕੀਤਾ ਕਿ ਨਗਰ ਨਿਗਮ ਚੋਣਾਂ ਵਿੱਚ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਉਹ ਹੂੰਝਾ ਫੇਰੂ ਜਿੱਤ ਦਰਜ ਕਰਨਗੇ ਅਤੇ ਸ਼ਹਿਰ ਵਾਸੀਆਂ ਦੀ ਹਰ ਤਰ੍ਹਾਂ ਦੀ ਸੇਵਾ ਯਕੀਨੀ ਬਣਾਉਣਗੇ।

ਬਲਬੀਰ ਸਿੰਘ ਸਿੱਧੂ ਅਤੇ ਕੁਲਵੰਤ ਸਿੰਘ ਦੇ ਚਿਹਰਿਆਂ ਦੇ ਆਧਾਰ ਤੇ ਲੜੀ ਜਾਵੇਗੀ ਨਗਰ ਨਿਗਮ ਚੋਣ
ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਵਲੋਂ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਲੜਣਾ ਦਾ ਐਲਾਨ ਕੀਤੇ ਜਾਣ ਨਾਲ ਜਿੱਥੇ ਇਹ ਸਪਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਦੇ ਕੌਂਸਲਰ ਪਾਰਟੀ ਟਿਕਟ ਦੀ ਥਾਂ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਲੜਣ ਦਾ ਫੈਸਲਾ ਕਰ ਚੁੱਕੇ ਹਨ ਉੱਥੇ ਦੂਜੇ ਪਾਸੇ ਇਹ ਚੋਣ ਮੇਅਰ ਕੁਲਵੰਤ ਸਿੰਘ ਅਤੇ ਕੈਬਿਨਟ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਦੀਆਂ ਸ਼ਖਸ਼ੀਅਤਾਂ ਵਿਚਾਲੇ ਸਿੱਧੀ ਟੱਕਰ ਦੇ ਰੂਪ ਵਿੱਚ ਸਾਮ੍ਹਣੇ ਆਉਣੀ ਹੈ। ਇਸਤੋਂ ਪਹਿਲਾਂ ਇਹ ਚਰਚਾ ਵੀ ਚਲਦੀ ਰਹੀ ਹੈ ਕਿ ਅਕਾਲੀ ਦਲ ਵਲੋਂ ਮੇਅਰ ਕੁਲਵੰਤ ਸਿੰਘ ਨੂੰ ਹਲਕੇ ਦੀ ਕਮਾਨ ਸੰਭਾਲ ਕੇ ਉਹਨਾਂ ਨੂੰ ਅਗਲੀ ਵਾਰ ਇੱਥੋਂ ਵਿਧਾਨਸਭਾ ਸੀਟ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਇਹਨਾਂ ਦੋਵਾਂ ਆਗੂਆਂ ਦੀ ਸ਼ਖਸ਼ੀਅਤ ਦੇ ਆਧਾਰ ਤੇ ਹੋਣ ਵਾਲੀ ਇਹ ਚੋਣ ਵਿਧਾਨਸਭਾ ਚੋਣਾਂ ਦੌਰਾਨ ਹੋਣ ਵਾਲੇ ਮੁਕਾਬਲੇ ਦਾ ਟ੍ਰੇਲਰ ਹੋਣਗੀਆਂ।

Leave a Reply

Your email address will not be published. Required fields are marked *