ਅਕਾਲੀ ਦਲ ਨੇ ਪੰਜਾਬ ਦੇ ਹਿਤਾਂ ਲਈ ਕੁਝ ਨਹੀਂ ਕੀਤਾ : ਰਾਮੂੰਵਾਲੀਆ

ਅਕਾਲੀ ਦਲ ਨੇ ਪੰਜਾਬ ਦੇ ਹਿਤਾਂ ਲਈ ਕੁਝ ਨਹੀਂ ਕੀਤਾ : ਰਾਮੂੰਵਾਲੀਆ
ਲੋਕਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਦੋ ਸੀਟਾਂ ਤੇ ਚੋਣ ਲੜੇਗੀ ਸਮਾਜਵਾਦੀ ਪਾਰਟੀ
ਚੰਡੀਗੜ੍ਹ, 9 ਅਗਸਤ (ਸ.ਬ.) ਅਕਾਲੀ ਦਲ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦੇ ਮਸਲਿਆਂ ਤੇ ਕਦੇ ਪਹਿਰਾ ਨਹੀਂ ਦਿੰਦਾ ਅਤੇ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਲਈ ਅਕਾਲੀ ਦਲ ਕੁਝ ਨਹੀਂ ਕਰਦਾ| ਇਹ ਗੱਲ ਸਾਬਕਾ ਕੇਂਦਰੀ ਮੰਤਰੀ ਸ੍ਰ. ਬਲਵੰਤ ਸਿੰਘ ਰਾਮੂੰਵਾਲੀਆ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਆਖੀ| ਉਹ ਸਮਾਜਵਾਦੀ ਪਾਰਟੀ ਵਲੋਂ ਉਹਨਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਦਾ ਇੰਚਾਰਜ ਥਾਪੇ ਜਾਣ ਤੋਂ ਬਾਅਦ ਇੱਥੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ| ਉਹਨਾਂ ਕਿਹਾ ਕਿ ਅਕਾਲੀ ਦਲ ਇੱਕ ਭਾਰਹੀਨ ਪਾਰਟੀ ਹੈ ਜਿਸਦਾ ਦੇਸ਼ ਵਿੱਚ ਕੋਈ ਵਜੂਦ ਨਹੀਂ ਹੈ|
ਯੂ. ਪੀ. ਸਰਕਾਰ ਵਿੱਚ ਜੇਲ੍ਹ ਮੰਤਰੀ ਰਹੇ ਸ੍ਰ. ਰਾਮੂੰਵਾਲੀਆ ਨੇ ਕਿਹਾ ਕਿ ਅਕਾਲੀ ਦਲ ਦਾ ਵਜੂਦ ਸਿਰਫ ਪੰਜਾਬ ਵਿੱਚ ਹੀ ਹੈ ਅਤੇ ਅਕਾਲੀ ਦਲ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਉਸਦੀ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਬੁਰੀ ਤਰ੍ਹਾਂ ਪਿਛੜ ਗਿਆ ਹੈ| ਉਹਨਾਂ ਕਿਹਾ ਕਿ ਜਨਤਾ ਨੇ ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਸੀ ਅਤੇ ਇਸ ਪਾਰਟੀ ਦਾ ਦਾਇਰਾ ਲਗਾਤਾਰ ਸਿਮਟ ਰਿਹਾ ਹੈ| ਅਕਾਲੀ ਦਲ ਤੇ ਹਮਲਾ ਕਰਦਿਆਂ ਉਹਨਾਂ ਕਿਹਾ ਕਿ ਬਾਦਲ ਦਲ ਨੇ ਪੰਜਾਬ ਦੇ ਹਿਤਾਂ ਲਈ ਕੋਈ ਕੰਮ ਨਹੀਂ ਕੀਤਾ| ਉਹਨਾਂ ਕਿਹਾ ਕਿ ਪੰਜਾਬ ਤੋਂ ਬਾਹਰ ਵੱਸਦੇ ਲੋਕ ਤਾਂ ਅਕਾਲੀ ਦਲ ਨੂੰ ਆਪਣਾ ਹੀ ਨਹੀਂ ਮੰਨਦੇ|
ਪੰਜਾਬ ਦੀ ਹਾਲਤ ਬਾਰੇ ਉਨ੍ਹਾਂ ਕਿਹਾ ਕਿ ਵਿਦੇਸ਼ ਭੇਜਣ ਵਾਲੇ ਏਜੰਟ ਪੰਜਾਬ ਦੀ ਜਵਾਨੀ ਨੂੰ ਖਾ ਗਏ ਹਨ| ਉਨ੍ਹਾਂ ਦਾਅਵਾ ਕੀਤਾ ਕਿ ਤੁਰਕੀ ਤੇ ਹੋਰ ਸ਼ਹਿਰਾਂ ਵਿੱਚ ਪੰਜਾਬ ਦੀਆਂ ਕੁੜੀਆਂ ਨੂੰ ਸਰੀਰਕ ਤੌਰ ਤੇ ਵੇਚਿਆ ਤੇ ਖਰੀਦਿਆ ਜਾਂਦਾ ਹੈ| ਉਹਨਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਦਾ ਮੁੱਖ ਏਜੰਡਾ ਟ੍ਰੈਵਲ ਏਜੰਟਾਂ ਤੋਂ ਲੋਕਾਂ ਦੀ ਲੁਟ ਖੁਸਟ ਬੰਦ ਕਰਵਾਉਣਾ ਹੈ, ਉਹ ਠੱਗ ਵਿਦੇਸ਼ੀ ਲਾੜਿਆਂ ਖਿਲਾਫ ਜੰਗ ਜਾਰੀ ਰੱਖਣਗੇ| ਪੰਜਾਬ ਦੇ ਹਿਤਾਂ ਤੇ ਪਹਿਰਾ ਦਿੱਤਾ ਜਾਵੇਗਾ|
ਸ੍ਰ. ਰਾਮੂੰਵਾਲੀਆ ਨੇ ਕਿਹਾ ਕਿ ਸਮਾਜਵਾਦੀ ਪਾਰਟੀ 2019 ਦੀਆਂ ਚੋਣਾਂ ਦੌਰਾਨ ਪੰਜਾਬ ਵਿੱਚ ਦੋ ਸੀਟਾਂ ਤੇ ਚੋਣ ਲੜ ਸਕਦੀ ਹੈ| ਉਹਨਾਂ ਕਿਹਾ ਕਿ ਪੰਜਾਬ ਵਿੱਚ ਸਮਾਜਵਾਦੀ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਸਮਾਜਵਾਦੀ ਪਾਰਟੀ ਵਿੱਚ ਪੰਜਾਬੀਆਂ ਨੂੰ ਤਰਜੀਹ ਦਿੱਤੀ ਜਾਵੇਗੀ| ਉਹਨਾਂ ਨੇ ਸਮਾਜਵਾਦੀ ਪਾਰਟੀ ਨੂੰ ਪੰਜਾਬੀਆਂ ਦੀ ਹਿਤੈਸ਼ੀ ਦੱਸਦਿਆ ਕਿਹਾ ਕਿ ਅਖਿਲੇਸ਼ ਦੀ ਸਰਕਾਰ ਵਿੱਚ ਪੰਜਾਬੀ ਅਕੈਡਮੀ ਨੂੰ ਇੱਕ ਕਰੋੜ 11 ਲੱਖ ਰੁਪਏ ਦਿੱਤੇ ਗਏ ਸਨ| ਯੂਪੀ ਵਿੱਚ ਪੰਜਾਬੀ ਬੋਲੀ ਨੂੰ ਸਕੂਲਾਂ ਵਿੱਚ ਮਾਨਤਾ ਦੇਣ ਲਈ ਅਖਿਲੇਸ਼ ਸਰਕਾਰ ਵਿੱਚ ਮੁੱਦਾ ਚੁੱਕਿਆ ਸੀ| ਉਹਨਾਂ ਕਿਹਾ ਕਿ ਪੰਜਾਬ ਵਿੱਚ ਸਮਾਜਵਾਦੀ ਪਾਰਟੀ ਨੂੰ ਜਗ੍ਹਾ ਮਿਲਣ ਤੇ ਦੇਸ਼ ਭਰ ਵਿੱਚ ਪੰਜਾਬ ਦੇ ਮੁੱਦੇ ਚੁੱਕੇ ਜਾਣਗੇ| ਉਹਨਾਂ ਕਿਹਾ ਕਿ ਯੂਪੀ ਵਿੱਚ ਤਕਰੀਬਨ 15 ਲੱਖ ਪੰਜਾਬੀ ਵੱਸਦੇ ਹਨ| ਇਸ ਤੋਂ ਇਲਾਵਾ ਉੱਤਰਾਖੰਡ ਵਿੱਚ ਵੀ ਪੰਜਾਬੀਆਂ ਦੀ ਕਾਫੀ ਵਸੋਂ ਹੈ ਅਤੇ ਉੱਥੇ ਵੀ ਸਮਾਜਵਾਦੀ ਪਾਰਟੀ ਇੱਕ ਮਜਬੂਤ ਰਾਜਨੀਤਕ ਤਾਕਤ ਬਣ ਕੇ ਉੱਭਰ ਰਹੀ ਹੈ|

Leave a Reply

Your email address will not be published. Required fields are marked *