ਅਕਾਲੀ ਦਲ ਵਲੋਂ ਆਪਣੇ ਸਾਬਕਾ ਕੌਂਸਲਰਾਂ ਨੂੰ ਮਣਾਉਣ ਦੇ ਯਤਨਾਂ ਤੇ ਨਹੀਂ ਪਿਆ ਬੂਰ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਲੜਣ ਲਈ ਬਜਿੱਦ ਹਨ ਅਕਾਲੀ ਕੌਂਸਲਰ


ਭੁਪਿੰਦਰ ਸਿੰਘ
ਐਸ ਏ ਐਸ ਨਗਰ, 12 ਜਨਵਰੀ

ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਵਲੋਂ ਬੀਤੇ ਕੱਲ ਨਗਰ ਨਿਗਮ ਦੇ ਸਾਬਕਾ ਮੇਅਰ ਸ੍ਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਲੜਣ ਸੰਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਅਕਾਲੀ ਦਲ ਵਲੋਂ ਇਹਨਾਂ ਸਾਬਕਾ ਕੌਂਸਲਰਾਂ ਨੂੰ ਮਨਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਹੈ ਅਤੇ ਇਹ ਸਾਬਕਾ ਕੌਂਸਲਰ (ਜਿਹਨਾਂ ਵਿੱਚ ਪਾਰਟੀ ਦੇ ਯੂਥ ਵਿੰਗ, ਮਹਿਲਾ ਵਿੰਗ ਅਤੇ ਬੀ ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਵੀ ਸ਼ਾਮਿਲ ਹਨ) ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਹੀ ਚੋਣ ਲੜਣ ਲਈ ਬਜਿੱਦ ਹਨ। ਇਸ ਸੰਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਬੀਤੀ ਸ਼ਾਮ ਤੋਂ ਲੈ ਕੇ ਅੱਜ ਦੁਪਹਿਰ ਤਕ ਆਪਣੇ ਇਹਨਾਂ ਆਗੂਆਂ ਨੂੰ ਮਣਾਉਣ ਦੇ ਯਤਨ ਕੀਤੇ ਜਾਂਦੇ ਰਹੇ ਪਰੰਤੂ ਸੂਤਰਾਂ ਅਨੁਸਾਰ ਇਹਨਾਂ ਸਾਬਕਾ ਕੌਂਸਲਰਾਂ ਵਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਆਪਣੇ ਐਲਾਨ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ ਅਤੇ ਜੇਕਰ ਇਸ ਕਾਰਨ ਪਾਰਟੀ ਵਲੋਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਹ ਉਸਦੇ ਲਈ ਵੀ ਤਿਆਰ ਹਨ।
ਇਸ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਪਾਰਟੀ ਵਲੋਂ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਨੂੰ ਵਾਪਸ ਆਉਣ ਲਈ ਅੱਜ ਸ਼ਾਮ ਤਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ ਉਹ ਵਾਪਸੀ ਨਹੀਂ ਕਰਣਗੇ ਤਾਂ ਪਾਰਟੀ ਵਲੋਂ ਆਪਣੇ ਅਧਿਕਾਰਤ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਪਰੰਤੂ ਇਸਦੇ ਬਾਵਜੂਦ ਅਕਾਲੀ ਦਲ ਦੇ ਸਾਬਕਾ ਕੌਂਸਲਰ ਵਾਪਸੀ ਲਈ ਤਿਆਰ ਨਹੀਂ ਹਨ। ਇਸ ਸੰਬੰਧੀ ਇਹ ਕੌਂਸਲਰ ਸਪਸ਼ਟ ਕਹਿੰਦੇ ਹਨ ਕਿ ਇਸ ਬਾਰੇ ਕੋਈ ਵੀ ਫੈਸਲਾ ਹੁਣ ਮੇਅਰ ਕੁਲਵੰਤ ਸਿੰਘ ਵਲੋਂ ਹੀ ਕੀਤਾ ਜਾਣਾ ਹੈ ਅਤੇ ਉਹ ਸਾਰੇ ਇੱਕ ਜੁੱਟ ਹੋ ਕੇ ਮੇਅਰ ਦੇ ਨਾਲ ਖੜ੍ਹੇ ਹਨ।
ਸੂਤਰ ਦੱਸਦੇ ਹਨ ਕਿ ਬੀਤੇ ਕੱਲ ਦੀ ਮੀਟਿੰਗ ਤੋਂ ਬਾਅਦ ਕੁਲਵੰਤ ਗਰੁੱਪ ਵਲੋਂ ਸ਼ਹਿਰ ਦੇ ਬਾਕੀ ਰਹਿੰਦੇ ਵਾਰਡਾਂ ਤੋਂ ਖੜ੍ਹੇ ਕੀਤੇ ਜਾਣ ਵਾਲੇ ਆਪਣੇ ਉਮੀਦਵਾਰਾਂ ਦੀ ਸੂਚੀ ਤਿਆਰ ਕਰਨ ਦਾ ਕੰਮ ਤੇਜ ਕੀਤਾ ਜਾ ਚੁੱਕਿਆ ਹੈ ਅਤੇ ਸਾਬਕਾ ਮੇਅਰ ਵਲੋਂ ਆਉਂਦੇ ਦਿਨਾਂ ਦੌਰਾਨ ਆਪਣੇ 50 ਉਮੀਦਵਾਰ ਐਲਾਨ ਦਿੱਤੇ ਜਾਣਗੇ।
ਇਸ ਪੂਰੇ ਘਟਨਾਚੱਕਰ ਕਾਰਨ ਅਕਾਲੀ ਦਲ ਦੀ ਸਥਿਤੀ ਹਾਸੋਹੀਣੀ ਬਣ ਕੇ ਰਹਿ ਗਈ ਹੈ ਜਿਸ ਵਲੋਂ ਐਲਾਨੇ ਗਏ 28 ਉਮੀਦਵਾਰਾਂ ਵਿੱਚੋਂ ਜਿਆਦਾਤਰ ਵਲੋਂ ਸਾਬਕਾ ਮੇਅਰ ਦੇ ਸਮਰਥਨ ਵਿੱਚ ਚਲੇ ਜਾਣ ਕਾਰਨ ਉਸਨੂੰ ਹੁਣ ਇਹਨਾਂ ਵਾਰਡਾਂ ਤੋਂ ਨਵੇਂ ਉਮੀਦਵਾਰ ਲੱਭਣੇ ਪੈਣੇ ਹਨ।

Leave a Reply

Your email address will not be published. Required fields are marked *