ਅਕਾਲੀ ਦਲ ਵਲੋਂ ਖਰੜ ਵਿਖੇ ਅਰਥੀ ਫੂਕ ਮੁਜਾਹਰਾ

ਖਰੜ, 1 ਸਤੰਬਰ (ਸ.ਬ.) ਅਕਾਲੀ ਦਲ ਵਲੋਂ ਹਲਕਾ ਖਰੜ ਦੇ ਸੇਵਾਦਾਰ ਸਰਦਾਰ ਰਣਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਖਰੜ ਦੇ ਸ਼ਿਵਜੋਤ ਇਨਕਲੇਵ ਵਿਖੇ ਧਰਨਾ ਅਤੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ| ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਜਸਟਿਸ ਰਣਜੀਤ ਸਿੰਘ, ਬਲਜੀਤ ਸਿੰਘ ਦਾਦੂਵਾਲ, ਹਰਪਾਲ ਸਿੰਘ ਚੀਮਾ ਅਤੇ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁਤਲੇ ਫੂਕੇ ਗਏ|
ਇਸ ਮੌਕੇ ਤੇ ਅਕਾਲੀ ਆਗੂਆਂ ਦੇ ਭਰਵੇਂ ਇਕੱਠ ਨੂੰ ਮੈਂਬਰ ਪਾਰਲੀਮੈਂਟ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੰਬੋਧਨ ਕਰਦਿਆਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਝੂਠਾ ਦੱਸਿਆ ਅਤੇ ਇਸ ਰਿਪੋਰਟ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੋਕਾਂ ਵਿੱਚ ਵਧਦੀ ਲੋਕਪ੍ਰਿਅਤਾ ਨੂੰ ਬਦਨਾਮ ਕਰਨ ਦਾ ਇਕ ਹਥਕੰਡਾ ਦੱਸਿਆ| ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਵਾਇਦਿਆਂ ਨੂੰ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਪੂਰਾ ਨਹੀ ਕਰ ਪਾਈ ਅਤੇ ਇਸ ਝੂਠੀ ਰਿਪੋਰਟ ਦੇ ਸਹਾਰੇ ਉਹ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ ਅਤੇ ਪੰਚਾਇਤ ਸੰਮਤੀ ਚੋਣਾਂ ਇਸ ਰਿਪੋਰਟ ਨੂੰ ਮੁੱਦਾ ਬਣਾ ਕੇ ਲੜਨਾ ਚਾਹੁੰਦੀ ਹੈ|
ਪਾਰਟੀ ਦੇ ਹਲਕਾ ਇੰਚਾਰਜ ਸ੍ਰ. ਰਣਜੀਤ ਸਿੰਘ ਗਿੱਲ ਨੇ ਇਸ ਮੌਕੇ ਸੰਬੋਧਨ ਦੌਰਾਨ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਝੂਠਾ ਦੱਸਦਿਆਂ ਇਸਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਇਕ ਸਾਜਿਸ਼ ਦੱਸਿਆ|
ਇਸ ਮੌਕੇ ਖਰੜ ਨਗਰ ਕੌਂਸਲ ਦੇ ਮੀਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਕੌਂਸਲਰ ਦਰਸ਼ਨ ਸਿੰਘ ਸ਼ਿਵਜੋਤ, ਸਾਬਕਾ ਐਮ ਸੀ ਰੌਸ਼ਨ ਲਾਲ, ਕੌਂਸਲਰ ਰਜਿੰਦਰ, ਕੌਂਸਲਰ ਕੁਲਦੀਪ ਸਿੰਘ, ਅਰਜੁਨ ਕੰਸਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜਿਰ ਸਨ|

Leave a Reply

Your email address will not be published. Required fields are marked *