ਅਕਾਲੀ ਭਾਜਪਾ ਕੌਂਸਲਰਾਂ ਵਲੋਂ ਖੇਡ ਕੰਪਲੈਕਸਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਵਿਰੋਧ

ਅਕਾਲੀ ਭਾਜਪਾ ਕੌਂਸਲਰਾਂ ਵਲੋਂ ਖੇਡ ਕੰਪਲੈਕਸਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਵਿਰੋਧ
ਪੱਤਰਕਾਰ ਸੰਮੇਲਨ ਦੌਰਾਨ ਕੈਪਟਨ ਸਰਕਾਰ ਦੇ ਫੈਸਲੇ ਦੀ ਕੀਤੀ ਨਿਖੇਧੀ
ਐਸ ਏ ਐਸ ਨਗਰ, 1 ਦਸੰਬਰ (ਸ.ਬ.) ਨਗਰ ਨਿਗਮ ਮੁਹਾਲੀ ਦੇ ਅਕਾਲੀ ਭਾਜਪਾ ਕੌਂਸਲਰਾਂ ਨੇ ਪੰਜਾਬ ਸਰਕਾਰ ਵਲੋਂ ਇਲਾਕੇ ਦੇ ਖੇਡ ਕੰਪਲੈਕਸਾਂ ਅਤੇ ਸਟੇਡੀਅਮਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਵਿਰੋਧ ਕੀਤਾ ਹੈ|
ਸਥਾਨਕ ਫੇਜ਼ 5 ਦੇ ਹੋਟਲ ਜੂਡਿਕ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਅਕਾਲੀ ਭਾਜਪਾ ਕੌਂਸਲਰਾਂ ਸ੍ਰ. ਪਰਮਜੀਤ ਸਿੰਘ ਕਾਹਲੋਂ, ਸ੍ਰੀ ਆਰ ਪੀ ਸ਼ਰਮਾ, ਸ੍ਰੀ ਅਰੁਣ ਸ਼ਰਮਾ, ਸ੍ਰ. ਅਮਰੀਕ ਸਿੰਘ ਤਹਿਸੀਲਦਾਰ, ਸ੍ਰ ਸਤਵੀਰ ਸਿੰਘ ਧਨੋਆ, ਸੁਰਿੰਦਰ ਸਿੰਘ ਰੋਡਾ, ਪਰਵਿੰਦਰ ਸਿੰਘ ਸੋਹਾਣਾ, ਸੁਖਦੇਵ ਸਿੰਘ ਪਟਵਾਰੀ ਅਤੇ ਅਕਾਲੀ ਆਗੂਆਂ ਜਸਪਾਲ ਸਿੰਘ ਮਟੌਰ ਅਤੇ ਹਰਮੇਸ਼ ਸਿੰਘ ਕੁੰਭੜਾ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਪੰਜਾਬ ਦੀ ਮੌਜੂਦ ਕੈਪਟਨ ਸਰਕਾਰ ਪੰਜਾਬ ਦੇ ਬੱਚਿਆਂ ਨੂੰ ਖੇਡ ਸਹੂਲਤਾਂ ਦੇਣ ਵਿੱਚ ਬੁਰੀ ਤਰਾਂ ਫੇਲ ਹੋ ਗਈ ਹੈ|
ਉਹਨਾਂ ਕਿਹਾ ਕਿ ਪੰਜਾਬ ਦੀ ਪਿਛਲੀ ਬਾਦਲ ਸਰਕਾਰ ਨੇ ਬੱਚਿਆਂ ਨੂੰ ਖੇਡ ਸਹੂਲਤਾਂ ਦਿੰਦਿਆਂ ਵੱਖ ਵੱਖ ਥਾਵਾਂ ਉਪਰ ਖੇਡ ਸਟੇਡੀਅਮ ਅਤੇ ਖੇਡ ਕੰਪਲੈਕਸ ਬਣਾਏ ਸਨ ਪਰ ਮੌਜੂਦਾ ਸਰਕਾਰ ਵਲੋਂ ਇਹਨਾਂ ਖੇਡ ਸਟੇਡੀਅਮਾਂ ਅਤੇ ਖੇਡ ਕੰਪਲੈਕਸਾਂ ਦੀ ਸਾਂਭ ਸੰਭਾਲ ਕਰਨ ਅਤੇ ਇਹਨਾਂ ਵਿੱਚ ਸਹੂਲਤਾਂ ਦਾ ਵਾਧਾ ਕਰਨ ਦੀ ਥਾਂ ਇਹਨਾਂ ਸਟੇਡੀਅਮਾਂ ਅਤੇ ਕੰਪਲੈਕਸਾਂ ਦਾ ਵਪਾਰੀਕਰਨ ਅਤੇ ਪ੍ਰਾਈਵੇਟਕਰਨ ਕੀਤਾ ਜਾ ਰਿਹਾ ਹੈ, ਜੋ ਕਿ ਠੀਕ ਨਹੀਂ ਹੈ|
ਉਹਨਾਂ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਨੇ ਆਮ ਬੱਚਿਆਂ ਨੂੰ ਖੇਡਣ ਲਈ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸਨ ਪਰ ਪਿਛਲੀ ਬਾਦਲ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਖੇਡ ਸਹੂਲਤਾਂ ਨੂੰ ਵੀ ਖੋਹਿਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਪੰਜਾਬ ਸਰਕਾਰ ਬਚਿਆਂ ਤੋਂ ਉਹਨਾਂ ਦਾ ਬਚਪਨ ਖੋਹ ਰਹੀ ਹੈ| ਪਿਛਲੀ ਬਾਦਲ ਸਰਕਾਰ ਨੇ ਬੱਚਿਆਂ ਨੂੰ ਨਸ਼ਿਆਂ, ਮਾੜੀਆਂ ਆਦਤਾਂ, ਮੋਬਾਇਲ ਗੇਮਾਂ ਤੋਂ ਬਚਾਉਣ ਲਈ ਇਹ ਖੇਡ ਕੰਪਲੈਕਸ ਤਿਆਰ ਕਰਵਾਏ ਸਨ ਪਰ ਮੌਜੂਦ ਸਰਕਾਰ ਵਲੋਂ ਹੁਣ ਇਹਨਾ ਖੇਡ ਕੰਪਲੈਕਸਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਅਸਲ ਵਿੱਚ ਗਮਾਡਾ ਦਾ ਕੰਮ ਤਾਂ ਸਿਰਫ ਖੇਡ ਕੰਪਲੈਕਸ ਬਣਾਉਣਾ ਹੁੰਦਾ ਹੈ ਜੇ ਗਮਾਡਾ ਵਲੋਂ ਇਹ ਖੇਡ ਸਟੇਡੀਅਮ ਅਤੇ ਖੇਡ ਕੰਪਲੈਕਸ ਨਹੀਂ ਸੰਭਾਲੇ ਜਾ ਰਹੇ ਤਾਂ ਇਹਨਾਂ ਨੂੰ ਖੇਡ ਵਿਭਾਗ ਦੇ ਹਵਾਲੇ ਕੀਤਾ ਜਾਵੇ|
ਉਹਨਾਂ ਕਿਹਾ ਕਿ ਚੰਡੀਗੜ੍ਹ ਵਿਖੇ ਖੇਡ ਸਟੇਡੀਅਮ ਲਈ ਸਾਲ ਦੀ 400 ਰੁਪਇਆ ਫੀਸ ਲਈ ਜਾਂਦੀ ਹੈ ਪਰ ਮੁਹਾਲੀ ਵਿਖੇ ਪਹਿਲਾਂ ਹੀ ਖੇਡ ਸਟੇਡੀਅਮ ਦੀ ਵਰਤੋ ਲਈ ਸਾਲਾਨਾ ਫੀਸ ਤਿੰਨ ਹਜਾਰ ਫੀਸ ਲਈ ਜਾਂਦੀ ਹੈ, ਹੁਣ ਜੇ ਸਰਕਾਰ ਨੇ ਇਹਨਾਂ ਸਟੇਡੀਅਮਾਂ ਅਤੇ ਖੇਡ ਕੰਪਲੈਕਸਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇ ਦਿਤਾ ਤਾਂ ਇਹਨਾਂ ਦੀ ਫੀਸ ਵਿੱਚ ਬਹੁਤ ਵਾਧਾ ਹੋ ਜਾਵੇਗਾ|
ਉਹਨਾ ਕਿਹਾ ਕਿ ਗਰੀਬ ਅਤੇ ਆਮ ਵਰਗ ਦੇ ਬੱਚਿਆਂ ਦੀ ਸਹੂਲਤ ਲਈ ਬਣਾਏ ਗਏ ਇਹਨਾਂ ਖੇਡ ਸਟੇਡੀਅਮਾਂ ਅਤੇ ਖੇਡ ਕੰਪਲੈਕਸਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਥਾਂ ਇਹਨਾਂ ਨੂੰ ਖ ੇਡ ਵਿਭਾਗ ਦੇ ਹਵਾਲੇ ਕਰ ਦਿਤਾ ਜਾਣਾ ਚਾਹੀਦਾ ਹੈ|
ਉਹਨਾਂ ਕਿਹਾ ਕਿ ਹੋਰਨਾਂ ਰਾਜਾਂ ਵਿਚ ਖੇਡਾਂ ਵੱਲ ਬਹੁਤ ਧਿਆਨ ਦਿਤਾ ਜਾ ਰਿਹਾ ਹੈ, ਜਿਸ ਕਾਰਨ ਉਹ ਰਾਜ ਖੇਡਾਂ ਵਿਚ ਬਹੁਤ ਅੱਗੇ ਨਿਕਲ ਗਏ ਹਨ, ਪੰਜਾਬ ਸਰਕਾਰ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹ ੈਤਾਂ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਖਿਡਾਰੀਆ ਦੀ ਕਾਰਗੁਜਾਰੀ ਵਿਚ ਸੁਧਾਰ ਲਿਆਂਦਾ ਜਾ ਸਕੇ|
ਉਹਨਾਂ ਕਿਹਾ ਕਿ ਮੁਹਾਲੀ ਹਲਕੇ ਦਾ ਇਸ ਸਮੇਂ ਕੋਈ ਵਾਲੀਵਾਰਸ ਨਹੀਂ ਹੈ, ਇਸ ਹਲਕੇ ਦੀ ਇਲਾਕੇ ਦੇ ਮੰਤਰੀ ਵਲੋਂ ਵੀ ਕੋਈ ਸਾਰ ਨਹੀਂ ਲਈ ਜਾ ਰਹੀ ਅਤੇ ਲੋਕਾਂ ਦੇ ਹਿਤਾਂ ਦੀ ਰਖਵਾਲੀ ਲਈ ਕੁਝ ਨਹੀਂ ਕੀਤਾ ਜਾ ਰਿਹਾ| ਉਹਨਾਂ ਮੁਖ ਮੰਤਰੀ ਤੇ ਖੇਡ ਮੰਤਰੀ ਨੂੰ ਅਪੀਲ ਕੀਤੀ ਕਿ ਇਹਨਾਂ ਖੇਡ ਸਟੇਡੀਅਮਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੀ ਥਾਂ ਸਹੀ ਤਰੀਕੇ ਨਾਲ ਚਲਾਇਆ ਜਾਵੇ ਅਤੇ ਉਥੇ ਕੰਮ ਕਰਦੇ ਕੋਚਾਂ ਦੀ ਸੇਵਾਵਾਂ ਨੂੰ ਬਰਕਰਾਰ ਰੱਖਿਆ ਜਾਵੇ|

Leave a Reply

Your email address will not be published. Required fields are marked *