ਅਕਾਲੀ ਭਾਜਪਾ ਗਠਜੋੜ ਟੁੱਟਣ ਕਾਰਨ ਨਗਰ ਨਿਗਮ ਚੋਣਾਂ ਦੌਰਾਨ ਪੂਰੀ ਤਰ੍ਹਾਂ ਬਦਲ ਜਾਏਗੀ ਤਸਵੀਰ

ਅਕਾਲੀ ਭਾਜਪਾ ਗਠਜੋੜ ਟੁੱਟਣ ਕਾਰਨ ਨਗਰ ਨਿਗਮ ਚੋਣਾਂ ਦੌਰਾਨ ਪੂਰੀ ਤਰ੍ਹਾਂ ਬਦਲ ਜਾਏਗੀ ਤਸਵੀਰ
ਆਮ ਆਦਮੀ ਪਾਰਟੀ ਅਤੇ ਅਕਾਲੀ ਦਲ (ਢੀਂਡਸਾ) ਦੇ ਉਮੀਦਵਾਰ ਵੀ ਹੋਣਗੇ ਮੈਦਾਨ ਵਿੱਚ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 30 ਸਤੰਬਰ
ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਦੇ ਦੌਰਾਨ ਅਕਾਲੀ ਭਾਜਪਾ ਗਠਜੋੜ ਟੁੱਟ ਜਾਣ ਕਾਰਨ ਨਗਰ ਨਿਗਮ ਚੋਣਾਂ ਦੌਰਾਨ ਸਿਆਸੀ ਤਸਵੀਰ ਪੂਰੀ ਤਰ੍ਹਾਂ ਬਦਲੀ ਜਾਣੀ ਤੈਅ ਹੈ| ਇਸ ਦੌਰਾਨ ਜਿੱਥੇ ਕਾਂਗਰਸੀ ਆਗੂ ਇਸ ਗੱਲ ਦੀ ਖੁਸ਼ੀ ਮਣਾ ਰਹੀ ਹੈ ਕਿ ਗਠਜੋੜ ਟੁੱਟਣ ਕਾਰਨ ਉਸਨੂੰ ਸਿਆਸੀ ਤੌਰ ਤੇ ਫਾਇਦਾ ਹੋਵੇਗਾ ਉੱਥੇ ਅਕਾਲੀ ਦਲ ਦੇ ਆਗੂ ਵੀ ਇਸ ਗੱਲੋਂ ਖੁਸ਼ ਹਨ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਬਿਲਾਂ (ਜਿਹੜੇ ਹੁਣ ਕਾਨੂੰਨ ਦਾ ਦਰਜਾ ਹਾਸਿਲ ਕਰ ਚੁੱਕੇ ਹਨ) ਦੇ ਖਿਲਾਫ ਲਗਾਤਾਰ ਵੱਧਦੇ ਲੋਕ ਰੋਹ ਕਾਰਨ ਉਸਨੂੰ ਭਾਜਪਾ ਦੇ ਨਾਲ ਹੋਣ ਕਾਰਨ ਜਿਹੜਾ ਨੁਕਸਾਨ ਚੁੱਕਣਾ ਪੈਣਾ ਸੀ ਉਸਤੋਂ ਹੁਣ ਉਹ ਪੂਰੀ ਤਰ੍ਹਾਂ ਬਚ ਜਾਣਗੇ ਅਤੇ ਅਕਾਲੀ ਦਲ ਹਾਲਤ ਪਹਿਲਾਂ ਨਾਲੋਂ ਮਜਬੂਤ ਹੋ ਜਾਵੇਗੀ|
ਇਸ ਸੰਬੰਧੀ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਨਗਰ ਨਿਗਮ ਵਿੱਚ (ਭੰਗ ਹੋਣ ਵੇਲੇ) ਅਕਾਲੀ ਦਲ ਦੇ ਕੋਲ 26 ਕੌਂਸਲਰ ਸਨ ਜਦੋਂਕਿ ਕਾਂਗਰਸ ਦੇ 15 ਅਤੇ ਭਾਜਪਾ ਦੇ 5 ਕੌਂਸਲਰ ਸਨ| ਇਹਨਾਂ ਤੋਂ ਇਲਾਵਾ ਦੋ ਆਜਾਦ ਕੌਂਸਲਰ (ਮਨਜੀਤ ਸਿੰਘ ਸੇਠੀ ਅਤੇ ਹਰਵਿੰਦਰ ਕੌਰ ਲੰਗ) ਵੀ ਅਕਾਲੀ ਦਲ ਦੀ ਅਗਵਾਈ ਕਰਨ ਵਾਲੇ ਸਾਬਕਾ               ਮੇਅਰ ਕੁਲਵੰਤ ਸਿੰਘ ਦੇ ਨਾਲ ਸਨ|
ਜੇਕਰ ਅਕਾਲੀ ਭਾਜਪਾ ਗਠਜੋੜ ਵਿਚਾਲੇ ਚੋਣ ਗਠਜੋੜ ਟੁੱਟ ਕਾਰਨ ਹੋਣ ਵਾਲੇ ਬਦਲਾਅ ਦੀ ਗੱਲ ਕਰੀਏ ਤਾਂ ਇਸ ਕਾਰਨ ਜਿੱਥੇ ਅਕਾਲੀ ਦਲ ਵਾਸਤੇ ਹਾਲਾਤ ਜਿਆਦਾ ਸਾਜਗਾਰ ਹੋਏ ਹਨ| ਇਹ ਕਿਆਸ ਲਗਾਏ ਜਾ ਰਹੇ ਹਨ ਕਿ ਚੋਣਾਂ ਦੌਰਾਨ ਅਕਾਲੀ ਦਲ ਦੀ ਅਗਵਾਈ ਸਾਬਕਾ ਮੇਅਰ ਕੁਲਵੰਤ ਸਿੰਘ ਵਲੋਂ ਹੀ ਕੀਤੀ            ਜਾਵੇਗੀ ਅਤੇ ਹੁਣ 50 ਸੀਟਾਂ ਤੇ ਆਪਣੇ ਉਮੀਦਵਾਰ ਖੜਾਉਣ ਦੀ ਸਹੂਲੀਅਤ ਮਿਲਣ ਨਾਲ ਉਹ ਆਪਣੇ ਵੱਧ ਤੋਂ ਵੱਧ ਪੁਰਾਣੇ ਸਹਿਯੋਗੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੇ ਸਮਰਥ ਹੋ ਜਾਣਗੇ| ਦੂਜੇ ਪਾਸੇ ਭਾਜਪਾ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਜਾਣੀਆਂ ਹਨ ਜਿਸ ਲਈ 50 ਉਮੀਦਵਾਰ ਲੱਭ ਕੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਖੜ੍ਹਾ ਕਰਨਾ ਹੀ ਕਾਫੀ ਔਖਾ ਹੋ ਜਾਣਾ ਹੈ|
ਮੌਜੂਦਾ ਹਾਲਾਤ ਵੱਲ ਨਜਰ ਮਾਰੀ ਜਾਏ ਤਾਂ ਇਸ ਵਾਰ ਨਗਰ ਨਿਗਮ ਦੀ ਚੋਣ ਦੌਰਾਨ ਬਹੁਕੋਣੀ ਮੁਕਾਬਲਾ ਹੋਣ ਦੀ ਆਸ ਬਣ ਰਹੀ ਹੈ| ਇਸਦਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਵਲੋਂ ਪਹਿਲਾਂ ਹੀ ਨਿਗਮ ਦੀਆਂ 50 ਸੀਟਾਂ ਤੇ ਚੋਣ ਲੜਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਅਤੇ ਂਅਕਾਲੀ ਦਲ            ਡੈਮੋਕ੍ਰੇਟਿਕ ਵਲੋਂ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣੇ ਹਨ| ਇਸਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਦੇ ਵੀ ਮੈਦਾਨ ਵਿੱਚ ਆਉਣ ਦੀ ਸੰਭਾਵਨਾ ਹੈ ਅਤੇ ਇਹਨਾਂ ਸਾਰਿਆਂ ਤੋਂ ਇਲਾਵਾ ਵੱਡੀ ਗਿਣਤੀ ਆਜਾਦ ਉਮੀਦਵਾਰ ਵੀ ਆਪਣਾ ਭਵਿੱਖ ਅਜਮਾਉਣ ਲਈ ਮੈਦਾਨ ਵਿੱਚ ਉਤਰਣਗੇ|
ਜਾਹਿਰ ਹੈ ਕਿ ਅਗਲੀ ਵਾਰ ਹੋਣ ਵਾਲੀਆਂ ਚੋਣਾਂ ਦੌਰਾਨ ਤਸਵੀਰ ਪੂਰੀ ਤਰ੍ਹਾਂ ਬਦਲ ਜਾਵੇਗੀ ਅਤੇ ਪਿਛਲੀ ਵਾਰ ਮਿਲ ਕੇ ਚੋਣ ਲੜਣ ਵਾਲੇ ਅਕਾਲੀ ਭਾਜਪਾ ਆਗੂ ਇਸ ਵਾਰ ਚੋਣਾਂ ਦੌਰਾਨ ਇੱਕ ਦੂਜੇ ਨੂੰ ਹੀ ਭੰਡਦੇ ਨਜਰ ਆਉਣਗੇ| ਵੇਖਣਾ ਇਹ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਹਨਾਂ ਦੋਵਾਂ ਪਾਰਟੀਆਂ ਦੀ ਇਸ ਆਪਸੀ ਲੜਾਈ ਦਾ ਫਾਇਦਾ ਚੁੱਕਣ ਵਿੱਚ ਕਿਸ ਹੱਦ ਤੱਕ ਕਾਮਯਾਬ ਰਹਿੰਦੀਆਂ ਹਨ|

Leave a Reply

Your email address will not be published. Required fields are marked *