ਅਕਾਲੀ ਭਾਜਪਾ ਗਠਜੋੜ ਦੇ ਸਾਬਕਾ ਕੌਂਸਲਰਾਂ ਦੀ ਮੀਟਿੰਗ ਦੌਰਾਨ ਮੇਅਰ ਕੁਲਵੰਤ ਸਿੰਘ ਨੂੰ ਦਿੱਤੇ ਸਾਰੇ ਫੈਸਲੇ ਲੈਣ ਦੇ ਅਧਿਕਾਰ

ਅਕਾਲੀ ਭਾਜਪਾ ਗਠਜੋੜ ਦੇ ਸਾਬਕਾ ਕੌਂਸਲਰਾਂ ਦੀ ਮੀਟਿੰਗ ਦੌਰਾਨ ਮੇਅਰ ਕੁਲਵੰਤ ਸਿੰਘ ਨੂੰ ਦਿੱਤੇ ਸਾਰੇ ਫੈਸਲੇ ਲੈਣ ਦੇ ਅਧਿਕਾਰ
ਮੇਅਰ ਨੇ ਸਮੂਹ ਸਾਬਕਾ ਕੌਂਸਲਰਾਂ ਨੂੰ ਤਕੜੇ ਹੋ ਕੇ ਚੋਣਾਂ ਦੀਆਂ ਤਿਆਰੀਆਂ ਕਰਨ ਲਈ ਕਿਹਾ
ਐਸ ਏ ਐਸ ਨਗਰ, 31 ਜੁਲਾਈ (ਭੁਪਿੰਦਰ ਸਿੰਘ) ਨਗਰ ਨਿਗਮ ਦੀ ਚੋਣ ਸੰਬੰਧੀ ਚਲ ਰਹੀਆਂ ਸਰਗਰਮੀਆਂ ਲਗਾਤਾਰ ਜੋਰ ਫੜਦੀਆਂ ਜਾ ਰਹੀਆਂ ਹਨ ਅਤੇ ਇਸ ਦੌਰਾਨ ਨਿਗਮ ਦੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਿੱਚ ਨਿਗਮ ਚੋਣਾ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਅਕਾਲੀ ਭਾਜਪਾ ਗਠਜੋੜ ਦੇ ਸਾਬਕਾ ਕੌਂਸਲਰਾਂ ਦੀ ਮੀਟਿੰਗ ਦੌਰਾਨ ਜਿੱਥੇ ਕੌਂਸਲਰਾਂ ਵਲੋਂ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਲੜਣ ਦਾ ਫੈਸਲਾ ਕੀਤਾ ਗਿਆ ਉੱਥੇ ਉਹਨਾਂ ਵਲੋਂ ਚੋਣਾਂ ਸੰਬੰਧੀ ਕੋਈ ਵੀ ਫੈਸਲਾ ਲੈਣ ਦੇ ਅਧਿਕਾਰ ਵੀ ਮੇਅਰ ਕੁਲਵੰਤ ਸਿੰਘ ਨੂੰ ਸੌਂਪ ਦਿੱਤੇ ਗਏ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਸੈਕਟਰ 91 ਵਿੱਚ ਹੋਈ ਇਸ ਮੀਟਿੰਗ ਦੌਰਾਨ ਅਕਾਲੀ ਦਲ ਅਤੇ ਭਾਜਪਾ ਦੇ ਦੋ ਦਰਜਨ ਦੇ ਕਰੀਬ ਸਾਬਕਾ ਕੌਂਸਲਰ ਸ਼ਾਮਿਲ ਹੋਏ ਅਤੇ ਮੀਟਿੰਗ ਦੌਰਾਨ ਨਗਰ ਨਿਗਮ ਚੋਣਾ ਸੰਬੰਧੀ ਚਲ ਰਹੀ ਕਾਰਵਾਈ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ| ਇਸ ਮੌਕੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਆਪਣੇ ਸਾਥੀ ਕੌਂਸਲਰਾਂ ਨੂੰ ਕਿਹਾ ਕਿ ਸਰਕਾਰ ਇਹ ਚੋਣਾਂ ਜਲਦੀ ਕਰਵਾਉਣ ਦੀ ਚਾਹਵਾਨ ਦਿਖ ਰਹੀ ਹੈ ਇਸ ਲਈ ਉਹ ਸਾਰੇ ਡਟ ਕੇ ਚੋਣ ਲੜਣ ਲਈ ਕਮਰਕਸੇ ਕਰ ਲੈਣ| ਇਸ ਮੌਕੇ ਉਹਨਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਵਾਰਡਬੰਦੀ ਵਿੱਚ ਕੋਈ ਤਬਦੀਲੀ ਵੀ ਕੀਤੀ ਜਾਂਦੀ ਹੈ ਤਾਂ ਵੀ ਸ਼ਹਿਰ ਦਾ ਖੇਤਰ ਤਾਂ ਉਹੀ ਰਹਿਣਾ ਹੈ ਇਸ ਲਈ ਕੌਂਸਲਰਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਬਲਕਿ ਆਪਣੀ ਤਿਆਰੀ ਪੂਰੀ ਰੱਖਣੀ ਚਾਹੀਦੀ ਹੈ|
ਇਸ ਦੌਰਾਨ ਸਾਬਕਾ ਕੌਂਸਲਰਾਂ ਨੇ ਚੋਣਾਂ ਦੌਰਾਨ ਸੱਤਾਧਾਰੀਆਂ ਵਲੋਂ ਧੱਕੇਸ਼ਾਹੀ ਕਰਨ ਦੇ ਖਦਸ਼ੇ ਜਾਹਿਰ ਕੀਤੇ ਜਾਣ ਤੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਸਾਰੇ ਮਿਲ ਕੇ ਲੜਾਈ ਲੜਣਗੇ ਅਤੇ ਜੇਕਰ ਸੱਤਾਧਾਰੀਆਂ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਟਾਕਰਾ ਕੀਤਾ ਜਾਵੇਗਾ ਅਤੇ ਜੇਕਰ ਉਹ ਸਾਰੇ ਇਕੱਠੇ ਹਨ ਤਾਂ ਕੋਈ ਵੀ ਉਹਨਾਂ ਦਾ ਕੁੱਝ ਨਹੀਂ ਵਿਗਾੜ ਸਕਦਾ ਇਸ ਲਈ ਉਸ ਸਾਰੇ ਇਕੱਠੇ ਰਹਿ ਕੇ ਮਜਬੂਤੀ ਨਾਲ ਚੌਣ ਲੜਣ ਦੀ ਤਿਆਰੀ ਕਰਨ|
ਇਸ ਮੌਕੇ ਸਾਬਕਾ ਕੌਂਸਲਰਾਂ ਵਲੋਂ ਚੋਣਾਂ ਸੰਬੰਧੀ ਕੋਈ ਵੀ ਫੈਸਲਾ ਲੈਣ ਦੇ ਸਾਰੇ ਅਧਿਕਾਰ ਸਰਵਸੰਮਤੀ ਨਾਲ ਮੇਅਰ ਕੁਲਵੰਤ ਸਿੰਘ ਨੂੰ ਸੌਂਪ ਦਿੱਤੇ ਗਏ ਅਤੇ ਕਿਹਾ ਕਿ ਉਹ ਜੋ ਵੀ ਫੈਸਲਾ ਲੈਣਗੇ ਉਹ ਸਾਰਿਆਂ ਨੂੰ ਮੰਜੂਰ ਹੋਵੇਗਾ|
ਮੇਅਰ ਕੁਲਵੰਤ ਸਿੰਘ ਵਲੋਂ ਅਕਾਲੀ ਭਾਜਪਾ ਗਠਜੋੜ ਦੇ ਮੈਂਬਰਾਂ ਨਾਲ ਕੀਤੀ ਗਈ ਇਸ ਮੀਟਿੰਗ ਦੌਰਾਨ ਜਿੱਥੇ ਇਹ ਸਪਸ਼ਟ ਹੋ ਗਿਆ ਹੈ ਕਿ ਨਿਗਮ ਚੋਣਾਂ ਦੌਰਾਨ ਅਕਾਲੀ ਭਾਜਪਾ ਗਠਜੋੜ ਦੀ ਅਗਵਾਈ ਮੇਅਰ ਵਲੋਂ ਹੀ ਕੀਤੀ ਜਾਵੇਗੀ ਉੱਥੇ ਇਸ ਨਾਲ ਇਹ ਵੀ ਜਾਹਿਰ ਹੋ ਗਿਆ ਹੈ ਕਿ ਅਕਾਲੀ ਭਾਜਪਾ ਗਠਜੋੜ ਦੇ ਸਮੂਹ ਸਾਬਕਾ ਕੌਂਸਲਰਾਂ ਨੂੰ ਪਾਰਟੀ ਟਿਕਟਾਂ ਦਿੱਤੀ ਜਾਣਗੀਆਂ ਅਤੇ ਨਿਗਮ ਦੀ ਆਉਣ ਵਾਲੀਆਂ ਚੋਣਾਂ ਦੌਰਾਨ ਸਖਤ ਮੁਕਾਬਲਾ ਹੋਣਾ ਤੈਅ ਹੈ|

Leave a Reply

Your email address will not be published. Required fields are marked *