ਅਕਾਲੀ ਸਰਕਾਰ ਸਮੇਂ ਦੇ ਘਪਲ਼ਿਆਂ ਦੀ ਜਾਂਚ ਕਰਵਾਉਣ ਲਈ ਹਾਈਕੋਰਟ ਵਿੱਚ ਐਡਵੋਕੇਟ ਜਨਰਲ ਰਾਹੀਂ ਸਹਿਯੋਗ ਦੇਵੇ ਕੈਪਟਨ ਸਰਕਾਰ : ਬਲਵਿੰਦਰ ਕੁੰਭੜਾ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ.) ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਹੀ ਮਾਇਨਿਆਂ ਵਿੱਚ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨਾ ਚਾਹੁੰਦੀ ਹੈ ਤਾਂ ਜ਼ਰੂਰੀ ਹੈ ਕਿ ਪੰਜਾਬ ਵਿੱਚ ਪਿਛਲੇ ਲਗਾਤਾਰ ਦਸ ਸਾਲ ਤੱਕ ਰਾਜ ਕਰ ਚੁੱਕੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਿੱਚ ਹੋਏ ਘਪਲ਼ਿਆਂ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਸਬੰਧੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੇ ਕੇਸ ਵਿੱਚ ਸਰਕਾਰ ਦੇ ਐਡਵੋਕੇਟ ਜਨਰਲ ਰਾਹੀਂ ਸਹਿਯੋਗ ਦੇਵੇ| ਬਲਵਿੰਦਰ ਸਿੰਘ ਕੁੰਭੜਾ ਪਿੰਡ ਮੱਕੜਿਆਂ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ|
ਕੁੰਭੜਾ ਨੇ ਦੱਸਿਆ ਕਿ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2010-11 ਵਿੱਚ ਪਿੰਡ ਕੁੰਭੜਾ, ਸੋਹਾਣਾ, ਕੰਬਾਲਾ, ਕੰਬਾਲੀ, ਬਹਿਲੋਲਪੁਰ, ਲਖਨੌਰ, ਮਾਣਕ ਮਾਜਰਾ, ਲਾਂਡਰਾਂ, ਚਾਚੋ ਮਾਜਰਾ, ਬੜਮਾਜਰਾ, ਬਲੌਂਗੀ, ਬੱਲੋਮਾਜਰਾ, ਮੌਲ਼ੀ ਬੈਦਵਾਨ, ਚਿੱਲਾ, ਬਾਕਰਪੁਰ ਆਦਿ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਨਾਂ ‘ਤੇ ਕਰੋੜਾਂ ਰੁਪਇਆਂ ਦੇ ਘੋਟਾਲੇ ਕੀਤੇ ਗਏ| ਇਹ ਵਿਕਾਸ ਕਾਰਜ ਪੰਚਾਇਤਾਂ ਦੇ ਰਾਹੀਂ ਨਾ ਕਰਵਾ ਕੇ ਪੰਚਾਇਤ ਵਿਭਾਗ ਦੀ ਅਫ਼ਸਰਸ਼ਾਹੀ ਦੇ ਰਾਹੀਂ ਕਰਵਾਏ ਗਏ| ਇੱਥੋਂ ਤੱਕ ਕਿ ਇਨ੍ਹਾਂ ਸਰਕਾਰੀ ਗਰਾਂਟਾਂ ਦੇ ਵਰਤੋਂ ਸਰਟੀਫਿਕੇਟ ਵੀ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਹੀ ਬਣਾ ਕੇ ਦਿੱਤੇ|
ਸ੍ਰ. ਕੁੰਭੜਾ ਅਨੁਸਾਰ ਉਕਤ ਪਿੰਡਾਂ ਵਿੱਚ ਹੋਏ ਘੋਟਾਲਿਆਂ ਦਾ ਪਰਦਾਫਾਸ਼ ਕਰਨ ਸਬੰਧੀ ਉਹਨਾਂ ਨੇ ਆਰ.ਟੀ.ਆਈ. ਰਾਹੀਂ ਜਾਣਕਾਰੀ ਹਾਸਿਲ ਕੀਤੀ ਅਤੇ ਵਿਭਾਗ ਵੱਲੋਂ ਕੋਈ ਜਾਂਚ ਨਾ ਕੀਤੇ ਜਾਣ ਤੇ ਪੰਚਾਇਤ ਯੂਨੀਅਨ ਵੱਲੋਂ ਹਾਈਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ|  ਇਸ ਕੇਸ ਦੀ ਸੁਣਵਾਈ ਹਾਈਕੋਰਟ ਵਿੱਚ 30 ਮਈ 2017 ਲਈ ਲੱਗੀ ਹੋਈ ਹੈ| ਕੁੰਭੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਹਾਈਕੋਰਟ ਵਿੱਚ ਸਰਕਾਰ ਦੇ ਐਡਵੋਕੇਟ ਜਨਰਲ ਰਾਹੀਂ ਇਸ ਕੇਸ ਦੀ ਸਰਕਾਰੀ ਤੌਰ ‘ਤੇ ਸਹੀ ਪੈਰਵਾਈ ਕਰਵਾ ਕੇ ਸੀਬੀਆਈ ਤੋਂ ਜਾਂਚ ਕਰਵਾਉਣ ਵਿੱਚ ਸਹਿਯੋਗ ਦਿੱਤਾ ਜਾਵੇ ਤਾਂ ਜੋ ਪੰਚਾਇਤ ਵਿਭਾਗ ਵਿੱਚ ਪਿਛਲੀ ਸਰਕਾਰ ਦੇ ਸਮੇਂ ਹੋਏ ਕਰੋੜਾਂ ਰੁਪਇਆਂ ਦੇ ਘਪਲ਼ਿਆਂ ਦਾ ਪਰਦਾਫਾਸ਼ ਕੀਤਾ ਜਾ ਸਕੇ| ਇਸ ਮੌਕੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਨਾਗਰ ਸਿੰਘ, ਸੁਰਿੰਦਰ ਸਿੰਘ, ਗੁਰਬਚਨ ਸਿੰਘ ਚੱਪੜਚਿੜੀ, ਮਨਦੀਪ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ, ਦਲਜੀਤ ਕੌਰ ਕੁੰਭੜਾ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *