ਅਕਾਲ ਤਖਤ ਦੇ ਜੱਥੇਦਾਰ ਨੇ ਸੰਗਤਾਂ ਦਾ ਭਰੋਸਾ ਤੋੜਿਆ : ਗੁਰਪ੍ਰਤਾਪ ਸਿੰਘ ਰਿਆੜ

ਅਕਾਲ ਤਖਤ ਦੇ ਜੱਥੇਦਾਰ ਨੇ ਸੰਗਤਾਂ ਦਾ ਭਰੋਸਾ ਤੋੜਿਆ : ਗੁਰਪ੍ਰਤਾਪ ਸਿੰਘ ਰਿਆੜ
ਪਾਵਨ ਬੀੜਾਂ ਗਾਇਬ ਹੋਣ ਦੇ ਮਾਮਲੇ ਵਿੱਚ ਗੁਨਾਹਦਾਰਾਂ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ
ਐਸ.ਏ.ਐਸ ਨਗਰ, 19 ਸਤੰਬਰ (ਸ.ਬ.) ਚੰਡੀਗੜ੍ਹ ਤੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸ੍ਰ. ਗੁਰਪ੍ਰਤਾਪ ਸਿੰਘ ਰਿਆੜ ਨੇ ਪਾਵਨ ਬੀੜਾ ਗੁੰਮ ਹੋਣ ਦੇ ਮਾਮਲੇ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੰਗਤਾਂ ਦਾ ਭਰੋਸਾ ਕਾਇਮ ਰੱਖਣ ਲਈ ਪਾਵਨ ਬੀੜਾਂ ਗਾਇਬ ਹੋਣ ਦੇ ਮਾਮਲੇ ਵਿੱਚ                   ਜਿੰਮੇਵਾਰ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਖਿਲਾਫ ਮਾਮਲੇ ਦਰਜ ਕਰਵਾਏ ਜਾਣ| 
ਜੱਥੇਦਾਰ ਨੂੰ ਲਿਖੇ ਪੱਤਰ ਵਿੱਚ ਸ੍ਰ. ਰਿਆੜ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਨੂੰ ਖੁਰਦ-ਬੁਰਦ ਕਰਨ ਕਾਰਨ ਸਿੱਖ ਸੰਗਤਾਂ ਵੱਲੋਂ ਪ੍ਰਗਟਾਏ ਭਾਰੀ ਰੋਸ ਨੂੰ ਵੇਖਦੇ ਹੋਏ ਜੱਥੇਦਾਰ ਨੇ ਸੰਗਤਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੇ ਮਾਮਲੇ ਵਿੱਚ ਮਾਮੂਲੀ ਸਜਾ ਦਾ ਐਲਾਨ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਣ ਦਾ ਕੰਮ ਕੀਤਾ ਹੈ| ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਜਿਹਨਾਂ ਵਿਅਕਤੀਆਂ ਵਲੋਂ ਇਹ ਗੁਨਾਹ ਕੀਤਾ ਗਿਆ ਹੈ ਉਹਨਾਂ ਨੂੰ ਸਖਤ ਸਜਾ ਦਿੱਤੀ ਜਾਂਦੀ ਅਤੇ ਇਹਨਾਂ ਵਿੱਚੋਂ ਜੇਕਰ ਕੋਈ ਕਮੇਟੀ ਮੈਂਬਰ ਹੈ ਤਾਂ ਉਸ ਤੋਂ ਅਸਤੀਫਾ ਲੈ ਕੇ ਅੱਗੇ ਵਾਸਤੇ ਕਦੀ ਵੀ ਸ਼੍ਰੋ. ਕਮੇਟੀ ਦੀ ਚੋਣ ਲੜਣ ਤੇ ਰੋਕ ਲਗਾਈ ਜਾਂਦੀ ਅਤੇ ਉਨ੍ਹਾਂ ਦੇ ਖਿਲਾਫ ਸਖਤ ਧਾਰਾਵਾਂ ਤਹਿਤ ਐਫ. ਆਈ. ਆਰ ਦਰਜ ਕਰਵਾਈ ਜਾਂਦੀ| 
ਉਹਨਾਂ ਲਿਖਿਆ ਹੈ ਕਿ                   ਜੱਥੇਦਾਰ ਜਾਂ ਤਾਂ ਜੱਥੇਦਾਰ ਵਾਂਗ ਫੈਸਲਾ ਕਰਨ ਜਾਂ ਫਿਰ ਅਸਤੀਫਾ ਦੇ ਕੇ ਗ੍ਰੰਥੀ ਦੀ ਸੇਵਾ ਨਿਭਾਉਣ ਕਿਉਂਕਿ ਸੰਗਤਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ| ਉਹਨਾਂ ਲਿਖਿਆ ਹੈ ਕਿ ਮੌਜੂਦਾ ਕਮੇਟੀ ਨੂੰ ਭੰਗ ਕਰਕੇ ਉਨ੍ਹਾਂ ਉਪਰ ਵੀ  ਐਫ.ਆਈ.ਆਰ ਦਰਜ ਕਰਵਾਈ ਜਾਵੇ ਵਰਨਾ ਸੰਗਤਾਂ ਦੇ ਵਿਰੋਧ ਲਈ ਤਿਆਰ ਰਹਿਣ| ਉਹਨਾਂ ਲਿਖਿਆ ਹੈ ਕਿ ਧੜੇ ਨਾਲੋਂ ਧਰਮ ਪਿਆਰਾ ਹੋਣਾ ਚਾਹੀਦਾ  ਹੈ ਪਰ ਤੁਸੀਂ (ਜੱਥੇਦਾਰ) ਤਾਂ ਧੜੇ ਨਾਲ ਗੱਲਵਕੜੀ ਪਾਈ ਬੈਠੇ ਹੋ, ਅਤੇ ਜਿਨ੍ਹਾਂ ਨੇ ਤੁਹਾਨੂੰ ਇਸ ਅਹੁਦੇ ਦੀ ਬਖਸ਼ਿਸ ਕੀਤੀ ਹੈ, ਉਨ੍ਹਾਂ ਦੀ ਬੋਲੀ ਬੋਲੀ ਜਾਂਦੇ ਹੋ| ਉਹਨਾਂ ਲਿਖਿਆ ਹੈ ਕਿ ਜੇਕਰ ਕੁਕਰਮ ਕਰਨ ਵਾਲਿਆਂ ਨੂੰ ਇਹੋ ਜਿਹੀ ਮਾਮੂਲੀ ਸਜਾ ਦੇਣ ਦੀ ਇਸ ਗਲਤੀ ਨਾਲ ਸ਼੍ਰੋਮਣੀ ਕਮੇਟੀ ਦਾ 100 ਸਾਲ ਦਾ ਇਤਿਹਾਸ ਕਲੰਕਤ ਹੋ ਜਾਵੇਗਾ ਅਤੇ  ਸੰਗਤ ਤਾਂ ਕੀ ਗੁਰੂ ਜੀ ਸਾਹਿਬ ਅਤੇ ਅਕਾਲ ਪੁਰਖ ਵੀ ਆਪ ਜੀ ਨੂੰ ਮੁਆਫ ਨਹੀਂ ਕਰਨਗੇ|
ਪੱਤਰ ਵਿੱਚ ਜੱਥੇਦਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਆਪਣੇ ਫੈਸਲੇ ਉੱਪਰ ਮੁੜ ਵਿਚਾਰ ਕਰਨ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਸਜਾ ਦਾ ਐਲਾਨ ਕਰਨ|

Leave a Reply

Your email address will not be published. Required fields are marked *