ਅਕਾਲ ਤਖ਼ਤ ਵੱਲੋਂ ਫਿਲਮ ‘ਨਾਨਕ ਸ਼ਾਹ ਫ਼ਕੀਰ’ ਦੀ ਰਿਲੀਜ਼ ਤੇ ਰੋਕ

ਅਕਾਲ ਤਖ਼ਤ ਵੱਲੋਂ ਫਿਲਮ ‘ਨਾਨਕ ਸ਼ਾਹ ਫ਼ਕੀਰ’ ਦੀ ਰਿਲੀਜ਼ ਤੇ ਰੋਕ
ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੈਂਸਰ ਬੋਰਡ ਸਥਾਪਤ ਕਰਨ ਦਾ ਫੈਸਲਾ
ਅੰਮ੍ਰਿਤਸਰ, 9 ਅਪ੍ਰੈਲ (ਸ.ਬ.) ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਦੇ ਕੇਂਦਰ ਵਿੱਚ ਰਹੀ ਪੰਜਾਬੀ ਫਿਲਮ ‘ਨਾਨਕ ਸ਼ਾਹ ਫ਼ਕੀਰ’ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ| ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਐਲਾਨ ਕੀਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵਿਵਾਦਿਤ ਫਿਲਮ ‘ਨਾਨਕ ਸ਼ਾਹ ਫ਼ਕੀਰ’ ਉੱਤੇ ਪੂਰਨ ਤੌਰ ਤੇ ਰੋਕ ਲਗਾਈ ਜਾਂਦੀ ਹੈ| ਇਹ ਫਿਲਮ ਰਿਲੀਜ਼ ਨਹੀਂ ਹੋ ਸਕਦੀ| ਇਸ ਸਬੰਧੀ ਸਿੰਘ ਸਾਹਿਬ ਨੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ‘ਨਾਨਕ ਸ਼ਾਹ ਫ਼ਕੀਰ’ ਫਿਲਮ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨ|
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਲੋਂ ਇਸ ਫਿਲਮ ਦੇ ਪ੍ਰਸਾਰਣ ਤੇ ਰੋਕ ਲਗਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਿੱਠੀ ਲਿਖੀ ਹੈ| ਐਸ ਜੀ ਪੀ ਸੀ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਲਦੀ ਇਕ ਸਿੱਖ ਸੈਂਸਰ ਬੋਰਡ ਸਥਾਪਿਤ ਕੀਤਾ ਜਾਵੇਗਾ, ਜਿਸ ਵਿੱਚ ਐਸ. ਜੀ. ਪੀ. ਸੀ., ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਇਤਿਹਾਸਕਾਰ, ਬੁੱਧੀਜੀਵੀ, ਧਾਰਮਿਕ ਸ਼ਖਸੀਅਤਾਂ, ਸਿੱਖ ਸੰਸਥਾਵਾਂ, ਸਿੱਖ ਸੰਪਰਦਾਵਾਂ, ਸੰਤ ਸਮਾਜ ਤੇ ਫਿਲਮ ਇੰਡਸਟਰੀ ਵਿਚੋਂ ਨੁਮਾਇੰਦੇ ਲਏ ਜਾਣਗੇ| ਸਿੱਖ ਧਰਮ ਨਾਲ ਸਬੰਧਤ ਫਿਲਮ ਬਣਾਉਣ ਤੋਂ ਪਹਿਲਾਂ ਸਿੱਖ ਸੈਂਸਰ ਬੋਰਡ ਤੋਂ ਫਿਲਮ ਦੀ ਸਕ੍ਰਿਪਟ ਤਿਆਰ ਕਰਨ ਲਈ ਆਗਿਆ ਲੈਣੀ ਜ਼ਰੂਰੀ ਹੋਵੇਗੀ| ਧਾਰਮਿਕ ਫਿਲਮ ਬਣਨ ਉਪਰੰਤ ਸਿੱਖ ਸੈਂਸਰ ਬੋਰਡ ਦੀ ਸਿਫਾਰਿਸ਼ ਉਪਰੰਤ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਫਿਲਮ ਨੂੰ ਪ੍ਰਵਾਨਗੀ ਦਿੱਤੀ ਜਾਇਆ ਕਰੇਗੀ|

Leave a Reply

Your email address will not be published. Required fields are marked *