ਅਕਾਲ ਯੂਥ ਦੀ ਮੀਟਿੰਗ ਵਿੱਚ ਨੌਜਵਾਨਾਂ ਨੂੰ ਲਾਮਬੰਦ ਕਰਨ ਬਾਰੇ ਵਿਚਾਰ ਚਰਚਾ
ਖਰੜ, 23 ਫਰਵਰੀ (ਸ਼ਮਿੰਦਰ ਸਿੰਘ) ਅਕਾਲ ਯੂਥ ਸੰਸਥਾ ਦੀ ਇੱਥੇ ਹੋਈ ਇੱਕ ਮੀਟਿੰਗ ਵਿੱਚ ਅਕਾਲ ਯੂਥ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿੱਚ ਵਿਸਥਾਰ ਕਰਨ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਨ ਬਾਰੇ ਚਰਚਾ ਕੀਤੀ ਗਈ।
ਇਸ ਮੌਕੇ ਅਕਾਲ ਯੂਥ ਦੇ ਮੁੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਨਨਕਾਣਾ ਸਾਹਿਬ ਦੇ ਸਾਕੇ ਨੂੰ ਅੱਜ 100 ਸਾਲ ਪੂਰੇ ਹੋ ਗਏ ਹਨ, ਪਰ ਜਿਨ੍ਹਾਂ ਸਿਧਾਂਤਾਂ ਲਈ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ ਜਾਂ ਸਿੰਘ ਸ਼ਹੀਦ ਹੋਏ ਸਨ, ਕੀ ਉਹ ਗੱਲ ਜਾਂ ਸਿਧਾਂਤ ਅੱਜ ਸਾਡੇ ਗੁਰਦੁਆਰਿਆਂ ਵਿੱਚ ਲਾਗੂ ਹਨ? ਉਹਨਾਂ ਸਵਾਲ ਕੀਤਾ ਕਿ ਕੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਨਰੈਣੂ ਮਹੰਤ ਤੋਂ ਘੱਟ ਕੰਮ ਕਰ ਰਹੀ ਹੈ?
ਭਾਈ ਬਲਬੀਰ ਸਿੰਘ ਹਿਸਾਰ ਅਤੇ ਜਸਵੰਤ ਸਿੰਘ ਸਿੱਧੂਪੁਰ ਨੇ ਨੌਜਵਾਨਾਂ ਨੂੰ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਅਪੀਲ ਕੀਤੀ। ਇਸ ਮੌਕੇ ਮਾਸਟਰ ਦਰਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਨਸ਼ੇ ਤਿਆਗ ਤੇ ਕਿਸਾਨੀ ਸੰਘਰਸ਼ ਵੱਲ ਮੂੰਹ ਮੌੜਨ ਲਈ ਕਿਹਾ।
ਮੀਟਿੰਗ ਦੌਰਾਨ ਅਕਾਲ ਯੂਥ ਵੱਲੋਂ ਭਾਈ ਗੁਰਵਿੰਦਰ ਸਿੰਘ ਨੂੰ ਮਾਲਵਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਨੌਜਵਾਨਾਂ ਨੂੰ ਲਾਮਬੰਦ ਕਰਨ ਦੀ ਜਿੰਮੇਵਾਰੀ ਦਿੱਤੀ ਗਈ।
ਇਸ ਮੌਕੇ ਭਾਈ ਸੁਖਬੀਰ ਸਿੰਘ ਸੁਰੌਂ, ਭਾਈ ਜਗਤਾਰ ਸਿੰਘ, ਭਾਈ ਦੀਪਕ ਸਿੰਘ, ਭਾਈ ਪਵਨਦੀਪ ਸਿੰਘ, ਭਾਈ ਮਨਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।