ਅਖੀਰਕਾਰ ਪਾਕਿਸਤਾਨ ਨੇ ਹਾਫਿਜ਼ ਸਈਦ ਨੂੰ ਐਲਾਣਿਆ ਅੱਤਵਾਦੀ

ਆਖ਼ਿਰਕਾਰ ਪਾਕਿਸਤਾਨ ਨੇ ਮੁੰਬਈ ਹਮਲੇ ਦੇ ਮਾਸਟਰਮਾਇੰਡ ਹਾਫਿਜ ਸਈਦ ਨੂੰ ਅੱਤਵਾਦੀ ਮੰਨ ਲਿਆ ਹੈ| ਪਾਕਿ ਦੇ ਪੰਜਾਬ ਪ੍ਰਾਂਤ ਦੀ ਸਰਕਾਰ ਨੇ ਜਮਾਤ-ਉਦ-ਦਾਅਵਾ ਮੁੱਖੀ ਨੂੰ ਅੱਤਵਾਦ ਨਿਰੋਧਕ ਕਾਨੂੰਨ (ਏਟੀਏ) ਦੀ ਸੂਚੀ ਵਿੱਚ ਪਾ ਦਿੱਤਾ ਹੈ| ਪਾਕਿਸਤਾਨੀ ਕਾਨੂੰਨ ਦੇ ਮੁਤਾਬਕ ਏਟੀਏ ਦੀ ਸੂਚੀ ਵਿੱਚ ਨਾਮ ਆਉਣਾ ਹੀ ਇਹ ਜਾਹਿਰ ਕਰਦਾ ਹੈ ਕਿ ਉਸ ਸ਼ਖਸ ਦਾ ਅੱਤਵਾਦ ਨਾਲ ਸੰਬੰਧ ਹੈ| ਇਸ ਵਿੱਚ ਸ਼ਾਮਿਲ ਲੋਕਾਂ ਨੂੰ ਯਾਤਰਾ ਪਾਬੰਦੀ ਅਤੇ ਜਾਇਦਾਦ ਦੀ ਜਾਂਚ ਦਾ ਸਾਮਣਾ ਕਰਨਾ ਪੈ ਸਕਦਾ ਹੈ|
ਪਾਬੰਦੀ ਦੀ ਉਲੰਘਣਾ ਕਰਨ ਤੇ ਤਿੰਨ ਸਾਲ ਦੀ ਜੇਲ੍ਹ ਅਤੇ ਜੁਰਮਾਨੇ ਦਾ ਵੀ ਨਿਯਮ ਹੈ| ਹਾਲਾਂਕਿ ਪਾਕਿਸਤਾਨੀ ਹੁਕਮਰਾਨਾਂ ਦੇ ਹੁਣ ਤੱਕ ਦੇ ਰਵਈਏ ਨੂੰ ਵੇਖਦੇ ਹੋਏ ਇਹ ਕਹਿਣਾ ਹੁਣੇ ਮੁਸ਼ਕਲ ਹੈ ਕਿ ਹਾਫਿਜ ਸਈਦ ਦੇ ਖਿਲਾਫ ਕੋਈ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ| ਸੰਭਵ ਹੈ, ਅਲੱਗ-ਥਲਗ ਪੈ ਜਾਣ ਦੇ ਡਰ ਨਾਲ ਪਾਕਿ ਨੇ ਇਹ ਕਦਮ  ਚੁੱਕਿਆ ਹੋਵੇ| ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਨਾਲ ਪਾਕਿਸਤਾਨ ਸਰਕਾਰ ਪ੍ਰੇਸ਼ਾਨ ਹੈ ਅਤੇ ਉਸਤੋਂ ਬਚਣ ਦੇ ਰਸਤੇ ਲੱਭ ਰਹੀ ਹੈ|
ਦੂਜੇ ਪਾਸੇ ਭਾਰਤ ਨੇ ਜਿਸ ਤਰ੍ਹਾਂ ਅੰਤਰਰਾਸ਼ਟਰੀ ਮੰਚਾਂ ਤੇ ਉਸਦੀ ਘੇਰੇਬੰਦੀ ਕੀਤੀ ਹੈ, ਉਸ ਨਾਲ ਵੀ ਉਸਦੀ ਨੀਂਦ ਉੜੀ ਹੋਈ ਹੈ| ਅਨੇਕ ਅੰਤਰਰਾਸ਼ਟਰੀ ਸੰਗਠਨਾਂ ਨੇ ਅੱਤਵਾਦ ਤੇ ਉਸਦੇ ਦੋਹਰੇ ਰਵਈਏ ਦੀ ਨਿੰਦਿਆ ਕੀਤੀ ਹੈ| ਪਿਛਲੇ ਦਿਨੀਂ ਇੱਕ ਅੰਤਰਰਾਸ਼ਟਰੀ ਥਿੰਕ ਟੈਂਕ ‘ਇੰਟਰਨੈਸ਼ਨਲ ਕ੍ਰਾਇਸਿਸ ਗਰੁਪ’ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਕਿ ਪਾਕਿਸਤਾਨ ਦਾ ਤੱਟੀ ਸ਼ਹਿਰ ਕਰਾਚੀ ਭਾਰਤ ਵਿਰੋਧੀ ਅੱਤਵਾਦੀ ਸਮੂਹਾਂ ਦਾ ਕੇਂਦਰ ਬਣ ਗਿਆ ਹੈ ਅਤੇ ਉਹ ਜਾਤੀ ਅਤੇ ਰਾਜਨੀਤਕ ਤਨਾਓ ਨਾਲ ਘਿਰਿਆ ਹੋਇਆ ਹੈ|
ਇਸ ਤੋਂ ਇਲਾਵਾ ਸਿੰਧ ਪ੍ਰਾਂਤ ਦੇ ਸਹਵਾਨ ਕਸਬੇ ਵਿੱਚ ਸਥਿਤ ਲਾਲ ਸ਼ਾਹਬਾਜ ਕਲੰਦਰ ਦਰਗਾਹ ਦੇ ਅੰਦਰ ਇੱਕ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਗਏ ਧਮਾਕੇ ਵਿੱਚ ਕਰੀਬ ਸੌ ਲੋਕਾਂ ਦੀ ਮੌਤ ਨਾਲ ਪਾਕਿਸਤਾਨ ਵਿੱਚ ਭਾਰੀ ਗੁੱਸਾ ਹੈ| ਸੰਭਵ ਹੈ, ਪਾਕਿ ਸਰਕਾਰ ਨੇ ਆਪਣੇ ਇਸ ਕਦਮ ਨਾਲ ਆਪਣੇ ਨਾਗਰਿਕਾਂ ਨੂੰ ਵੀ ਸੁਨੇਹਾ ਦੇਣਾ ਚਾਹਿਆ ਹੋਵੇ| ਬਹਿਰਹਾਲ ਭਾਰਤ ਨੇ ਇਸ ਤੇ ਜ਼ਿਆਦਾ ਉਤਸ਼ਾਹ ਨਹੀਂ ਵਿਖਾਇਆ ਹੈ| ਉਹ ਪਾਕਿਸਤਾਨ ਦੇ ਕਦਮਾਂ ਨੂੰ ਲੈ ਕੇ ਚੇਤੰਨ ਹੈ ਅਤੇ ਹੁਣ ਵੀ ਉਸਤੋਂ ਕਿਸੇ ਠੋਸ ਅਤੇ ਭਰੋਸੇਯੋਗ ਕਾਰਵਾਈ ਦੀ ਉਮੀਦ ਕਰ ਰਿਹਾ ਹੈ|
ਹਾਫਿਜ ਦਾ ਪਾਕ ਫੌਜ ਅਤੇ ਆਈਐਸਆਈ ਨਾਲ ਕੀ ਰਿਸ਼ਤਾ ਹੈ, ਇਹ ਸਾਰਿਆਂ ਨੂੰ ਪਤਾ ਹੈ| ਅਜਿਹੇ ਵਿੱਚ ਇਹ ਵੇਖਣਾ ਹੈ ਕਿ ਪਾਕ ਫੌਜ ਮੁੱਖੀ ਕਮਰ ਬਾਜਵਾ ਕੀ ਰੁਖ਼ ਅਪਣਾਉਂਦੇ ਹਨ| ਉਹ ਨਵਾਜ ਸ਼ਰੀਫ ਨੂੰ ਹਾਫਿਜ ਦੇ ਖਿਲਾਫ ਖੁੱਲੀ ਕਾਰਵਾਈ ਦੀ ਛੂਟ ਦੇਣਗੇ ਜਾਂ ਨਹੀਂ, ਇਹ ਵੱਡਾ ਸਵਾਲ ਹੈ| ਪਾਕਿਸਤਾਨ ਜੇਕਰ ਵਾਕਈ ਅੱਤਵਾਦ ਦੇ ਖਿਲਾਫ ਗੰਭੀਰ ਹੈ, ਤਾਂ ਉਸਨੂੰ ਹਾਫਿਜ ਸਈਦ ਅਤੇ ਉਸ ਵਰਗੇ ਦੂਜੇ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ|
ਦਿਲਪ੍ਰੀਤ

Leave a Reply

Your email address will not be published. Required fields are marked *