ਅਖੀਰਕਾਰ ਮਟੌਰ ਥਾਣੇ ਵਿੱਚ ਐਸ ਆਈ ਟੀ ਦੇ ਸਾਮ੍ਹਣੇ ਪੇਸ਼ ਹੋਏ ਸਾਬਕਾ ਡੀ ਜੀ ਪੀ ਸੁਮੇਧ ਸੈਣੀ

ਬਹੁਚਰਚਿਤ ਮੁਲਤਾਨੀ ਮਾਮਲੇ ਵਿੱਚ ਚਲ ਰਹੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਆਪਣੀ ਗੱਡੀ ਥਾਣੇ ਦੇ ਬਾਹਰ ਖੜ੍ਹਾ ਕੇ ਥਾਣੇ ਅੰਦਰ ਗਏ ਸੈਣੀ, ਐਸ ਆਈ ਟੀ ਨੇ ਕਈ ਘੰਟੇ ਤੱਕ ਕੀਤੀ ਸੈਣੀ ਤੋਂ ਪੁੱਛਗਿੱਛ
ਐਸ ਏ ਐਸ ਨਗਰ, 28 ਸਤੰਬਰ (ਸ.ਬ.) ਬਹੁਚਰਚਿਤ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਮ੍ਹਣਾ ਕਰ ਰਹੇ ਪੰਜਾਬ ਪੁਲੀਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਅੱਜ ਥਾਣਾ ਮਟੌਰ ਵਿਖੇ ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਟੀ ਦੇ ਸਾਮ੍ਹਣੇ ਪੇਸ਼ ਹੋਏ ਅਤੇ ਇਸ ਸੰਬੰਧੀ ਚਲ ਰਹੀ ਮਾਮਲੇ ਦੀ ਜਾਂਚ ਵਿੱਚ ਸ਼ਾਮਿਲ ਹੋਏ| ਸੈਣੀ             ਸਵੇਰੇ 11 ਵਜੇ ਆਪਣੀ ਇਨੋਵਾ ਕਾਰ ਨੰਬਰ ਸੀ ਐਸ 01 ਜੀ ਏ 1507 ਤੇ ਥਾਣਾ ਮਟੌਰ ਵਿਖੇ ਪਹੁੰਚੇ| ਇਸ ਮੌਕੇ ਉਹਨਾਂ ਦੀ ਗੱਡੀ ਅਤੇ ਉਹਨਾਂ ਦੀ ਸੁਰਖਿਆ ਵਾਸਤੇ ਤੈਨਾਤ ਜਿਪਸੀ ਥਾਣੇ ਦੇ ਬਾਹਰ ਹੀ ਮੁੱਖ ਸੜਕ ਤੇ ਰੋਕ ਲਈ ਗਈ ਅਤੇ ਸੈਣੀ ਪੈਦਲ ਚਲਦੇ ਹੋਏ ਥਾਣੇ ਦੇ ਅੰਦਰ ਗਏ| 
ਇਸ ਦੌਰਾਨ ਸੈਣੀ ਨੇ ਥਾਣੇ ਦੇ ਬਾਹਰ ਉਹਨਾਂ ਦੀ ਉਡੀਕ ਕਰ ਰਹੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਅਤੇ ਮੀਡੀਆ ਵੱਲ ਹੱਥ ਹਿਲਾਉਂਦੇ ਹੋਏ ਥਾਣੇ ਦੇ ਅੰਦਰ ਚਲੇ ਗਏ| 
ਥਾਣੇ ਦੇ ਅੰਦਰ ਐਸ ਆਈ ਟੀ ਦੇ ਮੁਖੀ ਐਸ ਪੀ ਸ੍ਰ. ਹਰਮਨਦੀਪ ਸਿੰਘ ਹਾਂਸ, ਡੀ ਐਸ ਪੀ ਸ੍ਰ. ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਫੇਜ਼ 8 ਦੇ ਐਸ ਐਚ ਓ ਸ੍ਰੀ ਰਾਜੀਵ ਕੁਮਾਰ ਵਲੋਂ ਸੈਣੀ ਤੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਜਿਹੜੀ ਖਬਰ ਲਿਖੇ ਜਾਣ ਤੱਕ ਜਾਰੀ ਸੀ| ਇਸ ਦੌਰਾਨ ਸੈਣੀ ਦੇ ਨਿੱਜੀ ਅਮਲੇ ਦੇ ਕਰਮਚਾਰੀ ਅਤੇ ਉਹਨਾਂ ਦੀ ਸੁਰਖਿਆ ਵਿੱਚ ਤੈਨਾਤ ਪੁਲੀਸ ਕਰਮਚਾਰੀ ਵੀ ਥਾਣੇ ਦੇ ਬਾਹਰ ਹੀ ਉਹਨਾਂ ਦੀ ਉਡੀਕ ਕਰ ਰਹੇ ਸਨ ਅਤੇ ਵੱਡੀ ਗਿਣਤੀ ਵਿੱਚ ਪਿੰ੍ਰਟ ਅਤੇ ਇਲੈਕਟ੍ਰਾਨਿਕ ਮੀਡੀਆ ਵਲੋਂ ਵੀ ਸ੍ਰੀ ਸੈਣੀ ਦੇ ਬਾਹਰ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ| 
ਇੱਥੇ ਜਿਕਰਯੋਗ ਹੈ ਕਿ ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਬੀਤੇ ਦਿਨੀਂ ਮੁਹਾਲੀ ਪੁਲੀਸ ਵਲੋਂ ਦੂਜਾ ਨੋਟਿਸ ਜਾਰੀ ਕੀਤਾ ਗਿਆ ਸੀ| ਸਾਬਕਾ ਡੀਜੀਪੀ ਅੱਜ ਆਪਣੇ ਵਕੀਲਾਂ ਅਤੇ ਸੁਰੱਖਿਆ ਅਮਲੇ ਨਾਲ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਪਹੁੰਚੇ| ਉਹ ਸਿੱਧਾ ਥਾਣਾ ਮੁਖੀ ਦੇ ਦਫ਼ਤਰ ਵਿੱਚ ਦਾਖਿਲ ਹੋ ਗਏ|  
ਜ਼ਿਕਰਯੋਗ ਹੈ ਕਿ ਬੀਤੀ 15 ਸਤੰਬਰ ਨੂੰ ਸੁਪਰੀਮ ਕੋਰਟ ਵਿੱਚ ਆਰਜ਼ੀ ਜ਼ਮਾਨਤ ਮਿਲਣ ਦੇ ਬਾਵਜੂਦ ਸਾਬਕਾ ਡੀਜੀਪੀ ਪੁਲੀਸ ਜਾਂਚ ਵਿੱਚ ਸ਼ਾਮਿਲ ਹੋਣ ਤੋਂ ਟਾਲਾ ਵਟਦੇ ਆ ਰਹੇ ਸੀ| ਸੁਪਰੀਮ ਕੋਰਟ ਨੇ ਹਾਲਾਂਕਿ ਸੈਣੀ ਦੀ ਗ੍ਰਿਫ਼ਤਾਰੀ ਤੇ ਆਰਜ਼ੀ ਰੋਕ ਲਗਾਉਣ ਸਮੇਂ ਹੁਕਮ ਜਾਰੀ ਕੀਤਾ ਸੀ ਕਿ ਸੈਣੀ ਨੂੰ 15 ਦਿਨਾਂ ਵਿੱਚ ਪੁਲੀਸ ਜਾਂਚ ਵਿੱਚ ਸ਼ਾਮਿਲ ਹੋਣਾ ਪਵੇਗਾ| 
ਪ੍ਰਾਪਤ ਜਾਣਕਾਰੀ ਅਨੁਸਾਰ ਇਸਤੋਂ ਪਹਿਲਾਂ 25 ਸਤੰਬਰ ਨੂੰ ਪੰਜਾਬ ਬੰਦ ਵਾਲੇ ਦਿਨ ਵੀ ਸੈਣੀ ਚੁਪ ਚੁਪੀਤੇ ਥਾਣਾ ਮਟੌਰ ਵਿੱਚ ਪਹੁੰਚੇ ਸਨ ਅਤੇ ਹਾਜਰੀ ਲਗਵਾ ਕੇ ਵਾਪਸ ਪਰਤ ਗਏ ਸਨ|

Leave a Reply

Your email address will not be published. Required fields are marked *