ਅਗਲੇ ਕੁਝ ਹਫਤਿਆਂ ਵਿੱਚ ਤਿਆਰ ਹੋਵੇਗੀ ਕੋਰੋਨਾ ਵੈਕਸੀਨ, ਵਿਗਿਆਨੀਆਂ ਦੀ ਮਨਜ਼ੂਰੀ ਦਾ ਇੰਤਜ਼ਾਰ : ਮੋਦੀ


ਨਵੀਂ ਦਿੱਲੀ, 4 ਦਸੰਬਰ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਹਾਲਾਤ ਤੇ ਚਰਚਾ ਲਈ ਅੱਜ ਸਾਰੇ ਦਲਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ| ਇਸ ਮੀਟਿੰਗ ਵਿੱਚ ਵੱਖ-ਵੱਖ ਸਿਆਸੀ ਦਲਾਂ ਦੇ ਨੇਤਾਵਾਂ ਨਾਲ ਸੀਨੀਅਰ ਕੇਂਦਰੀ ਮੰਤਰੀ ਵੀ ਮੌਜੂਦ ਰਹੇ| ਇਸ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਜਿਹੀ ਉਮੀਦ ਹੈ ਕਿ ਅਗਲੇ ਕੁਝ ਹਫਤਿਆਂ ਵਿੱਚ ਵੈਕਸੀਨ ਨੂੰ ਲੈ ਕੇ ਚੰਗੀ ਖ਼ਬਰ ਮਿਲੇਗੀ| ਵਿਗਿਆਨੀਆਂ ਵਲੋਂ ਮਨਜ਼ੂਰੀ ਮਿਲਦੇ ਹੀ ਇਸ ਤੇ ਕੰਮ ਸ਼ੁਰੂ ਹੋ ਜਾਵੇਗਾ| ਉਨ੍ਹਾਂ ਨੇ ਕਿਹਾ ਕਿ 8 ਵੈਕਸੀਨਾਂ ਤੇ ਟ੍ਰਾਇਲ ਚੱਲ ਰਿਹਾ ਹੈ| ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਬੀਮਾਰ ਅਤੇ ਬਜ਼ੁਰਗਾਂ ਨੂੰ ਦਿੱਤੀ ਜਾਵੇਗੀ| ਉੱਥੇ ਹੀ ਵੈਕਸੀਨ ਦੀ ਕੀਮਤ ਤੇ ਹਾਲੇ ਗੱਲ ਚੱਲ ਰਹੀ ਹੈ|
ਉਹਨਾਂ ਕਿਹਾ ਕਿ ਸਰਕਾਰ ਹਰ ਕਿਸੇ ਦਾ ਸੁਝਾਅ ਲੈ ਰਹੀ ਹੈ ਅਤੇ ਉਸ ਅਨੁਸਾਰ ਹੀ ਅੱਗੇ ਵੱਧ ਰਹੀ ਹੈ| ਵੈਕਸੀਨ ਨੂੰ ਲੈ ਕੇ ਅਫਵਾਹਾਂ ਨਾ ਫੈਲਣ ਅਤੇ ਰਾਸ਼ਟਰਹਿੱਤ ਸਭ ਤੋਂ ਵੱਧ ਹੋਵੇ, ਅਜਿਹੇ ਵਿੱਚ ਸਿਆਸੀ ਦਲਾਂ ਨੂੰ ਜਾਗਰੂਕ ਹੋਣਾ ਪਵੇਗਾ| ਉਨ੍ਹਾਂ ਕਿਹਾ ਕਿ ਭਾਰਤ ਇਕ ਵਿਸ਼ੇਸ਼ ਸਾਫਟਵੇਅਰ ਤੇ ਕੰਮ ਕਰ ਰਿਹਾ ਹੈ, ਜੋ ਹਰ ਕਿਸੇ ਨੂੰ ਵੈਕਸੀਨ ਪਹੁੰਚਾਉਣ ਤੇ ਟਰੈਕਿੰਗ ਕਰੇਗਾ| ਸਾਰੇ ਦਲਾਂ ਦੀ ਮੀਟਿੰਗ ਵਿੱਚ ਸ੍ਰੀ ਮੋਦੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਹਰਸ਼ਵਰਧਨ ਮੌਜੂਦ ਰਹੇ| ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਮਾਮਲਿਆਂ ਵਿੱਚ ਫਿਰ ਤੋਂ ਹੋ ਰਹੇ ਤੇਜ਼ ਵਾਧੇ ਨੂੰ ਦੇਖਦੇ ਹੋਏ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ ਸੀ|

Leave a Reply

Your email address will not be published. Required fields are marked *