ਅਗਲੇ ਸਾਲ ਮਾਰਚ ਤੱਕ ਪੰਜਾਬ ਦੇ ਸਾਰੇ ਪੇਂਡੂ ਘਰਾਂ ਨੂੰ ਮਿਲੇਗੀ ਪਾਣੀ ਦੀ ਸਪਲਾਈ : ਰਜ਼ੀਆ ਸੁਲਤਾਨਾ
ਚੰਡੀਗੜ੍ਹ, 8 ਜਨਵਰੀ (ਸ਼ਬ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਹੈ ਕਿ ਪੰਜਾਬ ਦੇ ਸਾਰੇ 35 ਲੱਖ ਪੇਂਡੂ ਘਰਾਂ ਨੂੰ ਪਾਈਪ ਰਾਹੀਂ ਪਾਣੀ ਦੀ ਸਪਲਾਈ ਦਾ ਟੀਚਾ ਮਾਰਚ 2022 ਤੱਕ ਪੂਰਾ ਕਰ ਲਿਆ ਜਾਵੇਗਾ। ਇਹ ਟੀਚਾ ਜਲ ਜੀਵਨ ਮਿਸ਼ਨ ਤਹਿਤ ਪੂਰਾ ਕੀਤਾ ਜਾਵੇਗਾ। ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਦਸੰਬਰ 2020 ਤੱਕ 66 ਫੀਸਦੀ ਪੇਂਡੂ ਘਰਾਂ ਨੂੰ ਪਾਈਪ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਜਾ ਚੁੱਕੀ ਹੈ ਅਤੇ ਅਗਲੇ ਸਾਲ ਮਾਰਚ ਮਹੀਨੇ ਤੱਕ ਇਹ ਦਰ 100 ਫੀਸਦੀ ਕਰ ਦਿੱਤੀ ਜਾਵੇਗੀ। ਸਾਲ 2020 ਵਿੱਚ 6 ਲੱਖ ਕੁਨੈਕਸ਼ਨ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਕਰੋਨਾ ਸੰਕਟ ਦੇ ਬਾਵਜੂਦ ਸਾਲ 2020 ਦੌਰਾਨ ਪੰਜਾਬ ਦੇ ਤਿੰਨ ਜਿਲਿ੍ਹਆਂ ਐਸ. ਏ. ਐਸ. ਨਗਰ, ਐਸ.ਬੀ.ਐਸ.ਨਗਰ ਅਤੇ ਰੂਪਨਗਰ ਵਿੱਚ 100 ਫੀਸਦੀ ਪਰਿਵਾਰਾਂ ਨੂੰ ਪਾਈਪ ਰਾਹੀਂ ਪਾਣੀ ਦੀ ਸੁਵਿੱਧਾ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ 14 ਬਲਾਕਾਂ ਅਤੇ 4608 ਪਿੰਡਾਂ ਵਿੱਚ ਵੀ 100 ਫੀਸਦੀ ਪਾਈਪ ਰਾਹੀਂ ਪਾਣੀ ਦਾ ਟੀਚਾ ਪੂਰਾ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਨਿੱਜੀ ਅਤੇ ਸਰਕਾਰੀ ਪੇਂਡੂ ਸਕੂਲਾਂ ਵਿੱਚ ਪਾਈਪ ਰਾਹੀ ਪਾਣੀ ਦੀ ਸਪਲਾਈ ਸਿੱਖਿਆ ਵਿਭਾਗ ਦੀ ਸਹਾਇਤਾ ਨਾਲ ਮੁਹੱਈਆ ਕਰਵਾ ਕੇ ਪੰਜਾਬ ਨੇ ਦੇਸ਼ ਭਰ ਵਿੱਚ ਸਭ ਤੋ ਪਹਿਲਾਂ ਇਹ ਮੁਕਾਮ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਸਕੂਲਾਂ ਵਿੱਚ ਪਖਾਨਿਆਂ ਦੀ ਘਾਟ ਪੂਰੀ ਕਰਨ ਲਈ ਜਲ ਸਪਲਾਈ ਵਿਭਾਗ ਵਲੋਂ 11 ਕਰੋੜ ਰੁਪਏ ਦੀ ਰਾਸ਼ੀ ਸਿੱਖਿਆ ਵਿਭਾਗ ਨੂੰ ਜਾਰੀ ਕੀਤੀ ਗਈ ਹੈ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਦੱਸਿਆ ਕਿ ਰੂਰਲ ਸੈਨੀਟੇਸ਼ਨ ਪ੍ਰੋਗਰਾਮ ਅਧੀਨ ਰਾਜ ਦੇ 100 ਫੀਸਦੀ ਪੇਂਡੂ ਘਰਾਂ ਨੂੰ ਨਿੱਜੀ ਪਖਾਨਿਆਂ ਦੀ ਸਹੂਲਤ ਮਹੱਈਆ ਕਰਵਾਈ ਜਾ ਚੁੱਕੀ ਹੈ। ਮੰਤਰੀ ਨੇ ਦੱਸਿਆ ਕਿ ਮੋਗਾ, ਪਟਿਆਲਾ, ਫਤਿਹਗੜ੍ਹ ਸਾਹਿਬ, ਅੰਮਿ੍ਰਤਸਰ, ਤਰਨਤਾਰਨ ਅਤੇ ਗੁਰਦਾਸਪੁਰ ਵਿਚ ਅਜਿਹੇ 11 ਪ੍ਰੋਜੈਕਟ ਚੱਲ ਰਹੇ ਹਨ ਜਿਹਨਾਂ ਰਾਹੀਂ 1103 ਪਿੰਡਾਂ ਲਈ 1249 ਕਰੋੜ ਰੁਪਏ ਦੀ ਲਾਗਤ ਨਾਲ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜੋ ਪਿੰਡ ਨਹਿਰੀ ਪਾਣੀ ਨਾਲ ਕਵਰ ਨਹੀਂ ਕੀਤੇ ਜਾ ਸਕਦੇ ਉਹਨਾਂ ਨੂੰ ਸ਼ੁੱਧ ਪਾਣੀ ਮੁਹੱਈਆਂ ਕਰਵਾਉਣ ਲਈ ਅੰਮਿ੍ਰਤਸਰ, ਤਰਨਤਾਰਨ, ਫਿਰੋਜਪੁਰ, ਪਟਿਆਲਾ, ਜਲੰਧਰ, ਕਪੂਰਥਲਾ, ਲੁਧਿਆਣਾ, ਐਸ.ਬੀ.ਐਸ. ਨਗਰ ਅਤੇ ਗੁਰਦਾਸਪੁਰ ਦੇ ਪਿੰਡਾਂ ਨੂੰ ਆਰਸੈਨਿਕ ਅਤੇ ਆਇਰਨ ਰਿਮੂਵਲ ਪਲਾਂਟਾਂ/ਇੰਨਡਿਊਜਲ ਹਾਊਸ ਹੋਲਡ ਯੂਨਿਟ/ਆਰ.ਓ ਪਲਾਟਾਂ ਨਾਲ ਕਵਰ ਕੀਤਾ ਜਾ ਰਿਹਾ ਹੈ। ਇਹਨਾਂ ਪ੍ਰੋਜੈਕਟਾਂ ਦੀ ਲਾਗਤ ਲਗਭਗ 80 ਕਰੋੜ ਰੁਪਏ ਹੈ।
ਉਨ੍ਹਾਂ ਦੱਸਿਆ ਕਿ ਸਾਲ 2021 ਦੌਰਾਨ ਆਨੰਦਪੁਰ ਸਾਹਿਬ ਸ਼ਹਿਰ ਦੀ ਸੀਵਰੇਜ ਸਕੀਮ ਦੀ 7.69 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡਸ਼ਨ ਕੀਤੀ ਜਾਵੇਗੀ। ਫਰੀਦਕੋਟ ਸ਼ਹਿਰ ਦੀ ਵਾਟਰ ਸਪਲਾਈ ਸਕੀਮ ਜੋ ਕਿ ਸਾਲ 1974 ਵਿਚ ਬਣਾਈ ਗਈ ਸੀ, ਦੇ ਨਵੀਨੀਕਰਨ ਦੇ ਪਹਿਲੇ ਫੇਜ਼ ਦਾ ਕੰਮ 8 ਕਰੋੜ ਰੁਪਏ ਦੀ ਲਾਗਤ ਨਾਲ ਇਸ ਸਾਲ ਵਿੱਚ ਸ਼ੁਰੂ ਕੀਤਾ ਜਾਵੇਗਾ