ਅਗਸਤਾ ਵੈਸਟਲੈਂਡ ਘੁਟਾਲਾ: ਇਟਲੀ ਸਰਕਾਰ ਨੇ ਜੇਰੋਸਾ ਨੂੰ ਭਾਰਤ ਨੂੰ ਸਪੁਰਦ ਕਰਨ ਤੋਂ ਕੀਤਾ ਇਨਕਾਰ

ਰੋਮ, 23 ਜੂਨ (ਸ.ਬ.) ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿਚ ਵਿਚੋਲਗੀ ਦੀ ਭੂਮਿਕਾ ਨਿਭਾਉਣ ਵਾਲੇ ਕਾਰਲੋ ਜੇਰੋਸਾ ਨੂੰ ਇਟਲੀ ਸਰਕਾਰ ਨੇ ਭਾਰਤ ਨੂੰ ਸਪੁਰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ| ਜੇਰੋਸਾ ਤੇ ਸੌਦੇ ਵਿਚ ਰਿਸ਼ਵਤਖੋਰੀ ਦਾ ਦੋਸ਼ ਹੈ| ਇਟਲੀ ਸਰਕਾਰ ਨੇ ਕਿਹਾ ਹੈ ਕਿ ਉਸ ਦਾ ਭਾਰਤ ਨਾਲ ਕਾਨੂੰਨੀ ਪ੍ਰਕਿਰਿਆ ਵਿਚ ਸਹਾਇਤਾ ਕਰਨ ਦਾ ਕੋਈ ਸਮਝੌਤਾ ਨਹੀਂ ਹੈ|
ਇਟਲੀ ਦੇ ਇਸ ਰਵੱਈਏ ਨਾਲ ਭਾਰਤ ਵਿਚ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੂੰ ਵੱਡਾ ਝਟਕਾ ਲੱਗਾ ਹੈ| ਇਟਲੀ ਵੱਲੋਂ ਜੇਰੋਸਾ ਨੂੰ ਸਪੁਰਦ ਨਾ ਕਰਨ ਦੇ ਫੈਸਲੇ ਤੋਂ ਬਾਅਦ ਸੀ.ਬੀ.ਆਈ. ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਹੈ ਕਿ ਹੁਣ ਉਹ ਦੋਸ਼ੀ ਨੂੰ ਕਿਵੇਂ ਭਾਰਤ ਲਿਆ ਸਕਦੀ ਹੈ| ਦੋਵਾਂ ਦੇਸ਼ਾਂ ਵਿਚਕਾਰ ਸਪੁਰਦਗੀ ਦਾ ਰਸਮੀ ਸਮਝੌਤਾ ਨਾ ਹੋਣ ਦੀ ਵਜ੍ਹਾ ਨਾਲ ਹੁਣ ਜੇਰੋਸਾ ਨੂੰ ਕੁਟਨੀਤਕ ਕੋਸ਼ਿਸ਼ ਨਾਲ ਹੀ ਭਾਰਤ ਲਿਆਇਆ ਜਾ ਸਕਦਾ ਹੈ|
ਇਟਲੀ ਅਤੇ ਸਵਿੱਟਜ਼ਰਲੈਂਡ ਦੀ ਦੋਹਰੀ ਨਾਗਰਿਕਤਾ ਵਾਲੇ ਜੇਰੋਸਾ ਨੂੰ ਹੈਲੀਕਾਪਟਰ ਸੌਦੇ ਦਾ ਮੁੱਖ ਸੂਤਰਧਾਰ ਮੰਨਿਆ ਜਾਂਦਾ ਹੈ| ਮੰਨਿਆ ਜਾ ਰਿਹਾ ਹੈ ਕਿ ਜੇਰੋਸਾ ਦੀ ਸਾਬਕਾ ਹਵਾਈ ਫੌਜ ਮੁਖੀ ਐਸ.ਪੀ. ਤਿਆਗੀ ਦੇ ਰਿਸ਼ਤੇ ਦੇ ਭਰਾਵਾਂ ਨਾਲ ਹੋਈ ਬੈਠਕ ਤੋਂ ਬਾਅਦ ਰਿਸ਼ਵਤਖੋਰੀ ਦਾ ਸਿਲਸਿਲਾ ਅੱਗੇ ਵਧਿਆ| ਇੰਟਰਪੋਲ ਨੇ ਜੇਰੋਸਾ ਵਿਰੁੱਧ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ| ਉਸ ਆਧਾਰ ਤੇ ਇਟਲੀ ਤੋਂ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਪਰ ਦੋਵਾਂ ਦੇਸ਼ਾਂ ਵਿਚਕਾਰ ਸਪੁਰਦਗੀ ਸਮਝੌਤਾ ਨਾ ਹੋਣ ਦਾ ਉਸ ਦੇ ਫਾਇਦਾ ਚੁੱਕਿਆ| 12 ਅਗਸਤਾ ਵੈਸਟਲੈਂਡ ਹੈਲੀਕਾਪਟਰ ਭਾਰਤ ਵਿਚ ਬਹੁਤ ਮਹੱਤਵਪੂਰਨ ਲੋਕਾਂ ਦੀ ਆਵਾਜਾਈ ਲਈ 3600 ਕਰੋੜ ਰੁਪਏ ਵਿਚ ਖਰੀਦੇ ਜਾਣੇ ਸਨ| ਰਿਸ਼ਵਤਖੋਰੀ ਦੀ ਗੱਲ ਸਾਹਮਣੇ ਆਉਣ ਤੇ ਭਾਰਤ ਨੇ ਇਹ ਸੌਦਾ ਰੱਦ ਕਰ ਦਿੱਤਾ ਸੀ| ਮਾਮਲੇ ਦੀ ਜਾਂਚ ਕਰ ਰਹੇ ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੌਦੇ ਵਿਚ ਰਿਸ਼ਵਤਖੋਰੀ ਲਈ ਜਿਨ੍ਹਾਂ 3 ਲੋਕਾਂ ਨੂੰ ਦੋਸ਼ੀ ਦੱਸਿਆ ਹੈ, ਉਨ੍ਹਾਂ ਵਿਚ ਜੇਰੋਸਾ ਸ਼ਾਮਲ ਹੈ| 2 ਹੋਰ ਦੋਸ਼ੀ ਕਿਸ਼ਚੀਅਨ ਮਿਸ਼ੈਲ ਅਤੇ ਗੁਈਡੋ ਹੈਸ਼ਕੇ ਹਨ|

Leave a Reply

Your email address will not be published. Required fields are marked *