ਅਗਸਤਾ ਵੈਸਟਲੈਂਡ ਘੁਟਾਲਾ: ਸਾਬਕਾ ਹਵਾਈ ਫੌਜ ਮੁਖੀ ਐਸ.ਪੀ. ਤਿਆਗੀ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, 26 ਦਸੰਬਰ (ਸ.ਬ.) ਅਗਸਤਾ ਵੈਸਟਲੈਂਡ ਘੁਟਾਲੇ ਵਿੱਚ ਅੱਜ ਸੁਣਵਾਈ ਦੌਰਾਨ ਪਟਿਆਲਾ ਹਾਊਸ ਕੋਰਟ ਨੇ ਸਾਬਕਾ ਹਵਾਈ ਫੌਜ ਮੁਖੀ ਐੱਸ.ਪੀ. ਤਿਆਗੀ ਨੂੰ ਜ਼ਮਾਨਤ ਦੇ ਦਿੱਤੀ ਹੈ, ਜਦੋਂ ਕਿ ਇਸ ਮਾਮਲੇ ਵਿੱਚ ਹੋਰ ਦੋਸ਼ੀ ਸੰਜੀਵ ਤਿਆਗੀ ਅਤੇ ਗੌਤਮ ਖੇਤਾਨ ਨੂੰ ਅਜੇ ਜ਼ਮਾਨਤ ਨਹੀਂ ਮਿਲੀ ਹੈ| ਉਨ੍ਹਾਂ ਦੀ ਪਟੀਸ਼ਨ ‘ਤੇ ਸੁਣਵਾਈ 4 ਜਨਵਰੀ ਨੂੰ ਹੋਵੇਗੀ| ਐਸ.ਪੀ. ਤਿਆਗੀ ਨੂੰ ਕੋਰਟ ਨੇ ਗਵਾਹਾਂ ਅਤੇ ਸਬੂਤਾਂ ਨਾਲ ਛੇੜਛਾੜ ਨਾ ਕਰਨ ਦੀ ਹਿਦਾਇਤ ਦਿੰਦੇ ਹੋਏ 2 ਲੱਖ ਦੇ ਮੁਚਲਕੇ ਤੇ ਜ਼ਮਾਨਤ ਦਿੱਤੀ ਹੈ| ਕੋਰਟ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਜ਼ਮਾਨਤ ਦੀ ਮਿਆਦ ਦੌਰਾਨ ਤਿਆਗੀ ਐਨ.ਸੀ.ਆਰ. ਛੱਡ ਕੇ ਨਹੀਂ ਜਾਣਗੇ ਅਤੇ ਜਾਂਚ ਵਿੱਚ ਸਹਿਯੋਗ ਕਰਨਗੇ|
ਸੁਣਵਾਈ ਵਿੱਚ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਸੀ.ਬੀ.ਆਈ. ਨੇ ਕਿਹਾ ਕਿ ਇਹ ਇਕ ਵੱਡੀ ਅਤੇ ਅਹਿਮ ਜਾਂਚ ਹੈ, ਜਿਸ ਵਿੱਚ ਕਈ ਹਾਈ ਰੈਂਕ ਲੋਕਾਂ ਦੀ ਭੂਮਿਕਾ ਦੀ ਜਾਂਚ ਜਾਰੀ ਹੈ| ਹੁਣ ਦੀ ਜਾਂਚ ਵਿੱਚ ਤਿਆਗੀ ਦੇ ਖਿਲਾਫ ਅਹਿਮ ਸਬੂਤ ਮਿਲੇ ਹਨ, ਜਿਨ੍ਹਾਂ ਵਿੱਚੋਂ ਘੁਟਾਲੇ ਦੀਆਂ ਕੜੀਆਂ ਜੋੜਨ ਵਿੱਚ ਮਦਦ ਮਿਲੇਗੀ| ਇਸ ਮਾਮਲੇ ਵਿੱਚ ਸੀ.ਬੀ.ਆਈ. ਸਹੀ ਢੰਗ ਨਾਲ ਜਾਂਚ ਨੂੰ ਅੱਗੇ ਵਧਾ ਰਹੀ ਹੈ| ਇਸ ਜਾਂਚ ਬਾਰੇ ਅਜੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇਕਰ ਦੋਸ਼ੀ ਨੂੰ ਪਤਾ ਲੱਗ ਗਿਆ ਕਿ ਜਾਂਚ ਕਿਸ ਦਿਸ਼ਾ ਵਿੱਚ ਚੱਲ ਰਹੀ ਹੈ ਅਤੇ ਕਿਸ ਤੋਂ ਪੁੱਛ-ਗਿੱਛ ਹੋਵੇਗੀ, ਕਿੱਥੇ ਰੇਡ ਹੋਵੇਗੀ ਤਾਂ ਉਹ ਦੂਜੇ ਲੋਕਾਂ ਨੂੰ ਅਪੀਲ ਕਰ ਸਕਦਾ ਹੈ ਅਤੇ ਉਹ ਲੋਕ ਅਹਿਮ ਸਬੂਤਾਂ ਨੂੰ ਨਸ਼ਟ ਕਰ ਸਕਦੇ ਹਨ|

Leave a Reply

Your email address will not be published. Required fields are marked *