ਅਗਸਤਾ ਵੈਸਟਲੈਂਡ ਮਾਮਲਾ: ਘੁਟਾਲੇ ਦਾ ਮੁੱਖ ਦੋਸ਼ੀ ਇਟਲੀ ਵਿੱਚ ਗ੍ਰਿਫਤਾਰ

ਰੋਮ, 5 ਅਕਤੂਬਰ (ਸ.ਬ.) ਇਕ ਵੱਡੀ ਅਤੇ ਅਹਿਮ ਘਟਨਾ ਦੇ ਤਹਿਤ ਇਟਲੀ ਵਿਚ ਅਗਸਤਾ ਵੈਸਟਲੈਂਡ ਘੋਟਾਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਸਥਾਨਕ ਅਧਿਕਾਰੀਆਂ ਨੇ ਕੁਝ ਦਿਨ ਪਹਿਲਾਂ ਹੀ ਕਾਰਲੋ ਗੇਰੋਸਾ ਨੂੰ ਸਵਿਟਰਜ਼ਲੈਂਡ ਤੋਂ ਵਾਪਸ ਆਉਣ ਮਗਰੋਂ ਗ੍ਰਿਫਤਾਰ ਕੀਤਾ ਹੈ| ਗੇਰੋਸਾ ਦੀ ਗ੍ਰਿਫਤਾਰੀ ਰੈਡ ਈ. ਡੀ. ਵੱਲੋਂ ਭੇਜੇ ਗਏ ਰੈਡ ਕਾਰਨਰ ਨੋਟਿਸ ਦੀ ਅਪੀਲ ਮਗਰੋਂ ਕੀਤੀ ਗਈ ਹੈ| ਈ. ਡੀ., ਵੀ. ਵੀ. ਆਈ. ਪੀ. ਚਾਪਰ ਘੋਟਾਲੇ ਵਿਚ 3,600 ਕਰੋੜ ਰੁਪਏ ਨਾਲ ਜੁੜੇ ਮਨੀ ਲਾਂਡਰਿੰਗ   ਕੇਸ ਦੀ ਜਾਂਚ ਕਰ ਰਹੀ ਹੈ|
ਈ. ਡੀ. ਅਧਿਕਾਰੀ ਹੁਣ 70 ਸਾਲਾ ਗੇਰੋਸਾ ਦੀ ਸਪੁਰਦਗੀ ਲਈ ਅਪੀਲ ਕਰਨਗੇ| ਸਾਲ 2014 ਵਿਚ ਭਾਰਤ ਨੇ ਅਗਸਤਾ ਵੈਸਟਲੈਂਡ ਨਾਲ ਕੀਤੇ ਕਰਾਰ ਨੂੰ ਖਤਮ ਕਰ ਦਿੱਤਾ ਸੀ| ਇਹ ਕੰਪਨੀ ਇਟਲੀ ਦੀ ਵੱਡੀ ਰੱਖਿਆ ਕੰਪਨੀ ਫਿਨਮੇਕਨਾ ਦਾ ਬ੍ਰਿਟਿਸ਼ ਹਿੱਸਾ ਹੈ| ਭਾਰਤ ਨੇ ਇਸ ਕੰਪਨੀ ਨਾਲ ਇੰਡੀਅਨ ਏਅਰਫੋਰਸ ਨੂੰ 12 ਡਬਲਊ-101 ਵੀ. ਵੀ. ਆਈ. ਪੀ. ਹੈਲੀਕਾਪਟਰ ਸਪਲਾਈ ਕਰਨ ਦਾ ਕਰਾਰ ਕੀਤਾ ਸੀ| ਇਸ ਸਾਲ ਜੁਲਾਈ ਵਿਚ ਸੀ. ਬੀ. ਆਈ. ਨੇ ਇਸ ਸਿਲਸਿਲੇ ਵਿਚ ਸਾਬਕਾ ਏਅਰਫੋਰਸ ਚੀਫ ਐਸ. ਪੀ. ਤਿਆਗੀ ਅਤੇ ਉਸ ਦੇ ਚਚੇਰੇ ਭਰਾ ਸੰਜੀਵ ਤਿਆਗੀ ਨਾਲ ਗੌਤਮ ਖੇਤਾਨ ਨੂੰ ਗ੍ਰਿਫਤਾਰ ਕੀਤਾ ਸੀ| ਈ. ਡੀ. ਨੇ ਇਸ ਡੀਲ ਵਿਚ ਕਈ ਚਾਰਜ ਸ਼ੀਟਾਂ ਲਗਾਈਆਂ ਹਨ| ਇਟਲੀ ਦੀ ਅਦਾਲਤ ਨੇ 225 ਪੇਜਾਂ ਦਾ ਇਕ ਆਰਡਰ ਜਾਰੀ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਇਸ ਡੀਲ ਵਿਚ ਭਾਰਤੀ ਅਧਿਕਾਰੀਆਂ ਨੂੰ ਰਕਮ ਦੀ ਅਦਾਇਗੀ ਕਰ ਦਿੱਤੀ ਗਈ ਸੀ|

Leave a Reply

Your email address will not be published. Required fields are marked *