ਅਚਾਨਕ ਆਈ ਹਨੇਰੀ ਕਾਰਨ ਕਈ ਥਾਵਾਂ ਤੇ ਦਰਖਤ ਡਿੱਗੇ

ਅਚਾਨਕ ਆਈ ਹਨੇਰੀ ਕਾਰਨ ਕਈ ਥਾਵਾਂ ਤੇ ਦਰਖਤ ਡਿੱਗੇ
ਸ਼ਹਿਰ ਵਿੱਚ ਬਿਜਲੀ ਸਪਲਾਈ ਸਾਰਾ ਦਿਨ ਪ੍ਰਭਾਵਿਤ ਰਹੀ
ਐਸ ਏ ਐਸ ਨਗਰ, 22 ਅਪ੍ਰੈਲ (ਸ.ਬ.) ਬੀਤੀ ਰਾਤ ਤਿੰਨ ਵਜੇ ਦੇ ਕਰੀਬ ਅਤੇ ਬਾਅਦ ਵਿੱਚ ਅੱਜ ਦੁਪਹਿਰ ਵੇਲੇ ਆਈ ਤੇਜ ਹਨੇਰੀ ਕਾਰਨ ਜਿੱਥੇ ਸ਼ਹਿਰ ਵਿੱਚ ਥਾਂ ਥਾਂ ਤੇ ਦਰਖਤ ਟੁੱਟ ਕੇ ਡਿੱਗ ਗਏ ਉੱਥੇ ਕੁੱਝ ਥਾਵਾਂ ਤੇ ਬਿਜਲੀ ਦੇ ਖੰਭੇ ਟੁੱਟ ਜਾਣ ਅਤੇ ਬਿਜਲੀ ਦੀਆਂ ਤਾਰਾਂ ਡਿੱਗਣ ਕਾਰਨ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ| ਬਿਜਲੀ ਵਿਭਾਗ ਦੇ ਕਰਮਚਾਰੀ ਹਾਲੇ ਰਾਤ ਨੂੰ ਆਈ ਤੇਜ ਹਨੇਰੀ ਕਾਰਨ ਹੋਏ ਨੁਕਸਾਨ ਕਾਰਨ ਬਿਜਲੀ ਸਪਲਾਈ ਨੂੰ ਚਾਲੂ ਕਰਨ ਵਿੱਚ ਲੱਗੇ ਹੋਏ ਸਨ ਕਿ ਦੁਪਹਿਰ ਇੱਕ ਵਜੇ ਦੇ ਆਸ ਪਾਸ ਫਿਰ ਤੇਜ ਹਨੇਰੀ ਆਉਣ ਕਾਰਨ ਨਵੇਂ ਸਿਰੇ ਤੋਂ ਦਰਖਤ ਅਤੇ ਖੰਭੇ ਆਦਿ ਟੁੱਟ ਗਏ ਜਿਸ ਕਾਰਨ ਪੂਰੇ ਸ਼ਹਿਰ ਦੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਜਿਹੜੀ ਬਾਅਦ ਦੁਪਹਿਰ ਤਿੰਨ ਵਜੇ ਤਕ ਬਹਾਲ ਹੋ ਪਾਈ|
ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ (3-5 ਦੇ ਚੌਂਕ ਨੇੜੇ) ਵਿੱਚ ਸ਼ੋਰੂਮਾਂ ਦੇ ਸਾਮ੍ਹਣੇ ਲੱਗਿਆ ਇੱਕ ਵੱਡਾ ਦਰਖਤ ਡਿੱਗ ਪਿਆ| ਇਸ ਦੌਰਾਨ ਇੱਥੇ ਬਿਊਟੀ ਸੈਲੂਨ ਦਾ ਕੰਮ ਕਰਦੇ ਇੱਕ ਦੁਕਾਨਦਾਰ ਦੀ ਆਲਟੋ ਕਾਰ ਅਤੇ ਉੱਥੇ ਖੜ੍ਹੇ ਦੋ ਐਕਟਿਵਾ ਸਕੂਟਰ ਇਸ ਰੁੱਖ ਦੀ ਮਾਰ ਹੇਠ ਆ ਗਏ ਜਿਹਨਾਂ ਦਾ ਕਾਫੀ ਨੁਕਸਾਨ ਹੋਇਆ| ਇਸ ਦੌਰਾਨ ਕਿਸੇ ਵੱਡੇ ਹਾਦਸੇ ਤੋਂ ਬਚਾਓ ਹੋ ਗਿਆ| ਇਸੇ ਤਰ੍ਹਾਂ ਫੇਜ਼ 6 ਵਿੱਚ ਬਣੇ ਛੋਟੇ ਕਵਾਟਰਾਂ ਦੇ ਪਿੱਛੇ ਲੱਗਿਆ ਇੱਕ ਵੱਡਾ ਰੁੱਖ ਅੱਜ ਦੁਪਹਿਰ ਆਈ ਹਨੇਰੀ ਦੌਰਾਨ ਟੁੱਟ ਗਿਆ ਅਤੇ ਇਹਨਾਂ ਮਕਾਨਾਂ ਦੇ ਪਿਛਲੇ ਪਾਸੇ ਬਣੇ ਸ਼ੋ ਰੂਮਾਂ ਦੇ ਪਿੱਛੇ ਲੱਗੇ ਇੱਕ ਵੱਡੇ ਖੰਭੇ ਤੇ ਜਾ ਕੇ ਟਿਕ ਗਿਆ| ਇਸ ਦੌਰਾਨ ਉੱਥੇ ਲੱਗੇ ਬਿਜਲੀ ਦੇ ਖੰਭੇ ਤੋਂ ਤਾਰਾਂ (ਜਿਹਨਾਂ ਵਿੱਚ ਕਰੰਟ ਚਲ ਰਿਹਾ ਸੀ) ਟੁੱਟ ਕੇ ਡਿੱਗ ਪਈਆਂ| ਇਲਾਕੇ ਦੇ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਵਲੋਂ ਇਸ ਸੰਬੰਧੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਦੱਸਿਆ ਗਿਆ ਜਿਹਨਾਂ ਵਲੋਂ ਇੱਥੇ ਸਪਲਾਈ ਬੰਦ ਕਰਕੇ ਡਿੱਗੀਆਂ ਤਾਰਾਂ ਦੀ ਮੁਰੰਮਤ ਕੀਤੀ ਗਈ ਅਤੇ ਫਿਰ ਬਿਜਲੀ ਸਪਲਾਈ ਚਾਲੂ ਹੋਈ| ਸ੍ਰੀ ਆਰ ਪੀ ਸ਼ਰਮਾ ਨੇ ਕਿਹਾ ਕਿ ਉਹਨਾਂ ਵਲੋਂ ਪਹਿਲਾਂ ਵੀ ਕਈ ਵਾਰ ਮੰਗ ਕੀਤੀ ਜਾ ਚੁੱਕੀ ਹੈ ਕਿ ਅੰਦਰੋ ਖੋਖਲੇ ਹੋ ਚੁੱਕੇ ਡੇਕ ਦੇ ਦਰਖਤਾਂ ਅਤੇ ਬਹੁਤ ਜਿਆਦਾ ਉੱਚੇ ਹੋ ਚੁੱਕੇ ਬਹੇੜੇ ਦੇ ਦਰਖਤ ਕਟਵਾ ਕੇ ਨਵੇਂ ਦਰਖਤ ਲਗਵਾਏ ਜਾਣ ਤਾਂ ਜੋ ਅਚਾਨਕ ਆਈ ਹਨੇਰੀ ਜਾਂ ਕਿਸੇ ਹੋਰ ਕਾਰਨ ਇਹਨਾਂ ਦਰਖਤਾਂ ਦੇ ਡਿੱਗਣ ਕਾਰਨ ਹੋਣ ਵਾਲੇ ਕਿਸੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ| ਇਸ ਦੌਰਾਨ ਹਨੇਰੀ ਕਾਰਨ ਉਦਯੋਗਿਕ ਖੇਤਰ ਵਿੱਚ ਵੱਖੋ ਵੱਖਰੀਆਂ ਥਾਵਾਂ ਤੇ ਕਈ ਥਾਵਾਂ ਤੇ ਦਰਖਤ ਡਿੱਗ ਪਏ|
ਸਥਾਨਕ ਫੇਜ਼ 10 ਵਿੱਚ ਅੱਜ ਕੋਠੀਆਂ ਦੇ ਸਾਮ੍ਹਣੇ ਲੱਗੇ ਖੰਭਿਆ ਤੇ ਬਿਜਲੀ ਦੀ ਸਪਲਾਈ ਲਾਈਨ ਦੀਆਂ ਤਾਰਾਂ ਅਚਾਨਕ ਟੁੱਟ ਕੇ ਡਿੱਗ ਪੈਣ ਕਾਰਨ ਇਸ ਖੇਤਰ ਵਿੱਚ ਬਿਜਲੀ ਸਪਲਾਈ ਕਾਫੀ ਸਮਾਂ ਠੱਪ ਰਹੀ| ਇੱਥੋਂ ਦੇ ਕੌਂਸਲਰ ਸ੍ਰ. ਹਰਦੀਪ ਸਿੰਘ ਸਰਾਓ ਨੇ ਦੱਸਿਆ ਕਿ ਬੀਤੀ ਰਾਤ ਤਿੰਨ ਵਜੇ ਦੇ ਆਸ ਪਾਸ ਜਦੋਂ ਤੇਜ ਹਨੇਰੀ ਆਈ ਸੀ ਤਾਂ ਬਿਜਲੀ ਸਪਲਾਈ ਪਿੱਛੋਂ ਬੰਦ ਕਰ ਦਿੱਤੀ ਗਈ ਸੀ ਜਿਹੜੀ ਸਵੇਰ ਵੇਲੇ ਬਹਾਲ ਹੋ ਗਈ ਸੀ| ਉਹਨਾਂ ਦੱਸਿਆ ਕਿ 11 ਵਜੇ ਦੇ ਕਰੀਬ ਅਚਾਨਕ ਕੋਠੀ ਨੰਬਰ 1709 ਦੇ ਸਾਮ੍ਹਣੇ ਤੋਂ ਜਾਂਦੀ ਬਿਜਲੀ ਸਪਲਾਈ ਲਾਈਨ ਦੀਆਂ ਤਾਰਾਂ ਵਿੱਚ ਪਟਾਕੇ ਪੈਣ ਲੱਗ ਪਏ ਅਤੇ   ਤੇਜ ਚੰਗਿਆੜੇ ਨਿਕਲਣ ਲੱਗ ਪਏ| ਇਸ ਦੌਰਾਨ ਇਸ ਖੰਭੇ ਤੋਂ ਹੋ ਕੇ ਲੰਘ ਰਹੀਆਂ ਤਾਰਾਂ ਟੁੱਟ ਕੇ ਹੇਠਾਂ ਡਿੱਗ ਪਈਆਂ ਜਿਹਨਾਂ ਵਿੱਚ ਕਰੰਟ ਚਲ ਰਿਹਾ ਸੀ|
ਉਹਨਾਂ ਦੱਸਿਆ ਕਿ ਇਹ ਤਾਰਾਂ ਇਸ ਤੋਂ ਪਹਿਲਾਂ ਵੀ ਟੁੱਟ ਕੇ ਡਿੱਗ ਚੁੱਕੀਆਂ ਹਨ ਅਤੇ ਉਹਨਾਂ ਵਲੋਂ ਇਸ ਸੰਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਕੀਤੀ ਗਈ ਸੀ ਕਿ ਕਮਜੋਰ ਹੋ ਚੁੱਕੀਆਂ ਇਹਨਾਂ ਤਾਰਾਂ ਨੂੰ ਬਦਲਿਆ ਜਾਵੇ ਵਰਨਾ ਇੱਥੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ| ਉਹਨਾਂ ਕਿਹਾ ਕਿ ਅੱਜ ਜਦੋਂ ਤਾਰਾਂ ਟੁੱਟ ਕੇ ਡਿੱਗਣ ਉਪਰੰਤ ਉਹਨਾਂ ਨੇ ਇਸ ਖੇਤਰ ਦੇ ਬਿਜਲੀ ਵਿਭਾਗ ਦੇ ਐਸ ਡੀ ਓ ਸ੍ਰੀ ਮੋਹਿਤ ਨਾਲ ਸੰਪਰਕ ਕਰਕੇ ਇੱਥੇ ਨਵੀਆਂ ਤਾਰਾਂ ਪਾਉਣ ਲਈ ਕਿਹਾ ਤਾਂ ਸ੍ਰੀ ਮੋਹਿਤ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਬਿਜਲੀ ਵਿਭਾਗ ਕੋਲ ਤਾਰ ਨਹੀਂ ਹੈ ਅਤੇ ਨਵੀਂ ਤਾਰ ਮੰਗਵਾਉਣ ਵਿੱਚ 15 ਕੁ ਦਿਨ ਦਾ ਸਮਾਂ ਲੱਗੇਗਾ| ਉਹਨਾਂ ਦੱਸਿਆ ਕਿ ਬਾਅਦ ਵਿੱਚ ਇੱਕ ਜੇ ਈ ਦੀ ਅਗਵਾਈ ਵਿੱਚ ਬਿਜਲੀ ਵਿਭਾਗ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਦੇ ਪੁੱਛਣ ਤੇ ਜੇ ਈ ਨੇ ਇਹ ਗੱਲ ਮੰਨ ਲਈ ਕਿ ਨਵੀਂ ਤਾਰ ਸਟੋਰ ਵਿੱਚ ਪਈ ਹੈ| ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੀ ਗੱਡੀ ਭੇਜ ਕੇ ਸਟੋਰ ਤੋਂ ਨਵੀਂ ਤਾਰ ਮੰਗਵਾਈ ਅਤੇ ਉਸਤੋਂ ਬਾਅਦ ਇੱਥੇ ਤਾਰ ਬਦਲੀ ਗਈ| ਉਹਨਾਂ ਇਲਜਾਮ ਲਗਾਇਆ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਜਾਣ ਬੁੱਝ ਕੇ ਕਾਰਵਾਈ ਨੂੰ ਲਮਕਾਉਂਦੇ ਹਨ ਅਤੇ ਉਹ ਇਸ ਸੰਬੰਧੀ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਣਗੇ|
ਦੂਜੇ ਪਾਸੇ ਬਿਜਲੀ ਵਿਭਾਗ ਦੇ ਅਧਿਕਾਰੀ ਸ੍ਰੀ ਮੋਹਿਤ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਅੱਜ ਹਨੇਰੀ ਦੇ ਕਾਰਨ ਇੱਥੇ ਤਾਰਾਂ ਟੁੱਟ ਗਈਆਂ ਸਨ ਜਿਹਨਾਂ ਨੂੰ ਵਿਭਾਗ ਵਲੋਂ ਠੀਕ ਕਰਵਾ ਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *