ਅਜੇ ਲੰਮਾ ਸਮਾਂ ਚਲੇਗਾ ਨਿਠਾਰੀ ਕਾਂਡ ਮਾਮਲਾ

ਬਹੁਚਰਚਿਤ ਨਿਠਾਰੀ ਕਾਂਡ  ਨਾਲ ਜੁੜੇ ਇੱਕ ਮਾਮਲੇ ਵਿੱਚ ਸੀਬੀਆਈ ਕੋਰਟ ਨੇ ਸੁਰਿੰਦਰ ਕੋਲੀ ਅਤੇ ਮੋਨਿੰਦਰ ਸਿੰਘ  ਪੰਧੇਰ (ਦੋਵਾਂ) ਨੂੰ ਫਾਂਸੀ ਦੀ ਸਜਾ ਸੁਣਾਈ ਹੈ| 11 ਸਾਲ ਬਾਅਦ ਆਏ ਇਸ ਫੈਸਲੇ ਵਿੱਚ ਅਦਾਲਤ ਨੇ ਇਸ ਮਾਮਲੇ ਨੂੰ ‘ਰੇਅਰੇਸਟ ਆਫ ਰੇਅਰ’ ਦੱਸਦਿਆਂ ਕਿਹਾ ਕਿ ਪੰਧੇਰ ਅਤੇ ਕੋਲੀ ਨੇ ਜਿਸ ਤਰ੍ਹਾਂ ਦਾ ਆਚਰਨ ਦਿਖਾਇਆ ਹੈ ਉਹ ਪਸ਼ੂਆਂ ਵਿੱਚ ਵੀ ਨਹੀਂ ਮਿਲਦਾ| ਇਸ ਲਈ ਇਨ੍ਹਾਂ ਨੂੰ ਜੀਣ ਦਾ ਕੋਈ ਹੱਕ ਨਹੀਂ ਹੈ|  ਨਿਠਾਰੀ ਕਾਂਡ ਵਿੱਚ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਬੱਚਿਆਂ  ਦੀਆਂ ਸੜੀਆਂ-ਗਲੀਆਂ ਲਾਸ਼ਾਂ ਨੋਇਡਾ ਦੇ ਇੱਕ ਪਾਸ਼ ਇਲਾਕੇ ਦੇ ਬੰਗਲੇ ਤੋਂ ਬਰਾਮਦ ਹੋਈਆਂ ਸਨ  ਉਸ ਨਾਲ ਪੂਰਾ ਦੇਸ਼ ਹੈਰਾਨ ਹੋ ਗਿਆ ਸੀ| ਕੁਲ 19 ਮਾਮਲਿਆਂ ਵਿੱਚੋਂ ਤਿੰਨ ਨੂੰ ਸਬੂਤਾਂ  ਦੀ ਕਮੀ ਕਰਕੇ ਬੰਦ ਕਰਨਾ ਪਿਆ| ਬਾਕੀ 16 ਮਾਮਲਿਆਂ ਵਿੱਚੋਂ 8 ਦੇ ਫੈਸਲੇ ਆ ਚੁੱਕੇ ਹਨ ਅਤੇ ਅੱਠ ਹੋਰ ਦੇ ਅਜੇ ਆਉਣੇ ਹਨ| ਇਹ ਅੱਠਵਾਂ ਮਾਮਲਾ 20 ਸਾਲਾ ਪਿੰਕੀ ਸਰਕਾਰ ਦੇ ਬਲਾਤਕਾਰ ਅਤੇ ਕਤਲ ਦਾ ਸੀ|  ਹੁਣ ਤੱਕ  ਦੇ ਸਾਰੇ ਮਾਮਲਿਆਂ ਵਿੱਚ ਕੋਲੀ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਹੈ|  14 ਸਾਲਾ ਰਿੰਪਾ ਹਲਦਰ ਦੀ ਹੱਤਿਆ ਵਾਲੇ ਮਾਮਲੇ ਵਿੱਚ ਸੀਬੀਆਈ ਕੋਰਟ ਨੇ ਪੰਧੇਰ ਨੂੰ ਵੀ ਫਾਂਸੀ ਸੁਣਾਈ ਸੀ, ਪਰੰਤੂ ਬਾਅਦ ਵਿੱਚ ਇਲਾਹਾਬਾਦ ਹਾਈਕੋਰਟ ਨੇ ਉਸਨੂੰ ਸਬੂਤਾਂ  ਦੀ ਕਮੀ ਵਿੱਚ ਬਰੀ ਕਰ ਦਿੱਤਾ|
ਨਿਠਾਰੀ ਕਾਂਡ ਨੇ ਸ਼ੁਰੂ ਤੋਂ ਹੀ ਸਾਡੇ ਸਮਾਜ ਅਤੇ ਸ਼ਾਸਨ ਤੰਤਰ ਨਾਲ ਜੁੜੀਆਂ ਤ੍ਰਾਸਦੀਆਂ ਨੂੰ ਆਪਣੇ ਵਿੱਚ ਸਮੇਟਿਆ ਹੋਇਆ ਹੈ| ਇਹ ਕਾਂਡ ਇਸ ਗੱਲ ਦਾ ਪ੍ਰਤੱਖ ਸਬੂਤ ਬਣ ਕੇ ਉਭਰਿਆ ਸੀ ਕਿ ਸਾਡਾ ਪੁਲਸੀਆ ਤੰਤਰ ਕਿਵੇਂ ਝੋਪੜਪੱਟੀਆਂ ਤੋਂ ਗਾਇਬ ਹੁੰਦੇ ਬੱਚਿਆਂ ਦੀਆਂ ਸ਼ਿਕਾਇਤਾਂ ਲੰਬੇ ਸਮੇਂ ਤੋਂ ਅਨਸੁਣੀਆਂ ਕਰਕੇ ਬੈਠਾ ਰਿਹਾ ਸੀ| ਮਾਮਲਾ ਸਾਹਮਣੇ ਆਉਣ  ਤੋਂ ਬਾਅਦ ਵੀ ਜਿਸ ਤਰ੍ਹਾਂ ਇਸਦੀ ਜਾਂਚ ਚੱਲੀ ਉਸ ਵਿੱਚ ਗੰਭੀਰਤਾ ਤੋਂ ਜ਼ਿਆਦਾ ਸਨਸਨੀ ਦਾ ਪ੍ਰਭਾਵ ਦਿਸਦਾ ਰਿਹਾ|  ਮੁਕੱਦਮਾ ਵੀ ਜਿਸ ਰਫਤਾਰ ਨਾਲ ਚੱਲ ਰਿਹਾ ਹੈ,  ਉਸਨੂੰ ਦੇਖਦੇ ਹੋਏ ਇਹ ਉਮੀਦ ਕਰਨਾ ਮੁਸ਼ਕਿਲ ਹੈ ਕਿ ਹਾਲ- ਫਿਲਹਾਲ ਮੁਲਜਮਾਂ ਨੂੰ ਸਮੁਚਿਤ ਸਜਾ ਮਿਲ ਜਾਵੇਗੀ| ਪਹਿਲਾਂ ਤਾਂ ਜੋ ਅੱਠ ਮਾਮਲੇ ਬਾਕੀ ਹਨ ਉਨ੍ਹਾਂ ਦਾ ਫੈਸਲਾ ਆਉਣਾ ਹੈ| ਉਸ ਤੋਂ ਬਾਅਦ ਹਾਈਕੋਰਟ ਅਤੇ ਸੁਪ੍ਰੀਮ ਕੋਰਟ ਵਿੱਚ ਇਹਨਾਂ ਫੈਸਲਿਆਂ ਨੂੰ ਚੁਣੌਤੀ ਮਿਲਣੀ ਹੀ ਹੈ| ਅਜਿਹੇ ਵਿੱਚ ਗਰੀਬ ਅਤੇ ਕਮਜੋਰ ਤਬਕੇ ਤੋਂ ਆਉਣ ਵਾਲੇ ਪੀੜਿਤ ਪਰਿਵਾਰਾਂ  ਲਈ ਇਨਸਾਫ ਦੀ ਉਮੀਦ ਬਣਾ ਕੇ ਰੱਖਣਾ ਕਿੰਨਾ ਮੁਸ਼ਕਿਲ ਹੋ ਸਕਦਾ ਹੈ ਇਸਦਾ ਅੰਦਾਜਾ ਅਦਾਲਤ ਵਿੱਚ ਬੈਠੀ ਪਿੰਕੀ ਸਰਕਾਰ ਦੀ ਮਾਂ ਵੰਦਨਾ ਸਰਕਾਰ  ਦੇ ਇਹਨਾਂ ਸ਼ਬਦਾਂ ਤੋਂ ਹੁੰਦਾ ਹੈ ਕਿ,  ‘ਫੈਸਲਾ ਚੰਗਾ ਹੈ| ਇਸਨੇ ਸਾਨੂੰ ਰਾਹਤ ਦਿੱਤੀ ਹੈ, ਪਰੰਤੂ ਸੰਤੁਸ਼ਟ ਤਾਂ ਮੈਂ ਉਸੇ ਦਿਨ ਹੋ ਸਕਾਂਗੀ ਜਿਸ ਦਿਨ ਇਨ੍ਹਾਂ ਦੋਵਾਂ ਨੂੰ ਸਚਮੁੱਚ ਫਾਂਸੀ ਦੇ ਦਿੱਤੀ ਜਾਵੇਗੀ|’
ਮਨੋਜ ਕੁਮਾਰ

Leave a Reply

Your email address will not be published. Required fields are marked *