ਅਜੇ ਵੀ ਨੋਟਬੰਦੀ ਦਾ ਅਸਰ ਦਿਖਾਈ ਦੇ ਰਿਹਾ ਹੈ ਦਿਵਾਲੀ ਦੀਆਂ ਰੌਣਕਾਂ ਉਪਰ

ਅਜੇ ਵੀ ਨੋਟਬੰਦੀ ਦਾ ਅਸਰ ਦਿਖਾਈ ਦੇ ਰਿਹਾ ਹੈ ਦਿਵਾਲੀ ਦੀਆਂ ਰੌਣਕਾਂ ਉਪਰ
ਪਿਛਲੇ ਸਾਲ ਦੇ ਮੁਕਾਬਲੇ ਫਿੱਕੀ ਪੈ ਗਈ ਹੈ ਦਿਵਾਲੀ, ਘੱਟ ਵਿਕਰੀ ਹੋਣ ਕਾਰਨ ਦੁਕਾਨਦਾਰ ਮਾਯੂਸ
ਐਸ ਏ ਐਸ ਨਗਰ, 17 ਅਕਤੂਬਰ (ਸ.ਬ.)ਦਿਵਾਲੀ ਦੇ ਤਿਉਹਾਰ ਮੌਕੇ ਭਾਵੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿਚ  ਭਾਵੇਂ ਦਿਵਾਲੀ ਦੇ ਤਿਉਹਾਰ ਕਾਰਨ ਦੁਕਾਨਾਂ ਅਤੇ ਸ਼ੋਅਰੂਮ ਸਜਾਏ ਹੋਏ ਦਿਖਾਈ ਦੇ ਰਹੇ ਹਨ| ਇਹਨਾਂ ਮਾਰਕੀਟਾਂ ਵਿਚ ਲੋਕਾਂ ਦੀ ਚਹਿਲ ਪਹਿਲ ਵੀ ਦਿਖਾਈ ਦੇ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਇਸ ਵਾਰੀ ਦਿਵਾਲੀ ਦਾ ਤਿਉਹਾਰ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਫਿੱਕਾ ਦਿਖਾਈ ਦੇ ਰਿਹਾ ਹੈ|
ਇਸ ਵਾਰ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿਚ ਲੋਕ ਆ ਤਾਂ ਰਹੇ ਹਨ ਪਰ ਉਹ ਖੁਲ ਕੇ ਖਰੀਦਦਾਰੀ ਨਹੀਂ ਕਰ ਰਹੇ| ਵੱਡੀ ਗਿਣਤੀ ਲੋਕ ਤਾਂ ਵੱਖ ਵੱਖ ਆਈਟਮਾਂ ਦਾ ਰੇਟ ਪੁੱਛ ਕੇ ਹੀ ਅੱਗੇ ਚਲੇ ਜਾਂਦੇ ਹਨ ਅਤੇ ਕੁਝ ਵੀ ਨਹੀਂ ਖਰੀਦਦੇ| ਜਿਸ ਕਾਰਨ ਦਿਵਾਲੀ ਮੌਕੇ ਚੰਗੀ ਕਮਾਈ ਕਰਨ ਦੀ ਉਮੀਦ ਲਾਈ ਬੈਠੇ ਦੁਕਾਨਦਾਰਾਂ ਵਿਚ ਮਾਯੂਸੀ ਪਾਈ ਜਾ ਰਹੀ ਹੈ|
ਇਸ ਸਬੰਧੀ ਫੇਜ 7 ਦੀ ਮਾਰਕੀਟ ਦੇ ਦੁਕਾਨਦਾਰ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਸ ਸੀ ਕਿ ਉਹ ਇਸ ਵਾਰ ਦਿਵਾਲੀ ਮੌਕੇ ਚੰਗੀ ਕਮਾਈ ਕਰ ਲੈਣਗੇ ਪਰ ਜਿਸ ਢੰਗ ਨਾਲ ਗਾਹਕਾਂ ਦੀ ਘੱਟ ਆਮਦ ਹੋ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਇਸ ਵਾਰ ਤਾਂ ਦਿਵਾਲੀ ਦੇ ਤਿਉਹਾਰ ਮੌਕੇ ਦੁਕਾਨਾਂ ਦੇ ਖਰਚੇ ਹੀ ਮੁਸ਼ਕਿਲ ਨਾਲ ਨਿਕਲਣਗੇ| ਉਹਨਾਂ ਕਿਹਾ ਕਿ ਲੋਕ ਮਾਰਕੀਟ ਵਿਚ ਆ ਤਾਂ ਰਹੇ ਹਨ ਪਰ ਖੁੱਲ ਕੇ ਖਰੀਦਦਾਰੀ ਕਰਨ ਤੋਂ ਗੁਰੇਜ ਕਰ ਰਹੇ ਹਨ ਜਿਸ ਕਾਰਨ ਇਸ ਵਾਰ ਦਿਵਾਲੀ ਦਾ ਤਿਉਹਾਰ ਵੀ ਫਿੱਕਾ ਹੀ ਰਹਿ ਜਾਣ ਦੇ ਆਸਾਰ ਬਣ ਗਏ ਹਨ|
ਫੇਜ 3 ਬੀ 2 ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ ਜਤਿੰਦਰਪਾਲ ਸਿੰਘ ਜੇ ਪੀ ਦਾ ਕਹਿਣਾ ਹੈ ਕਿ ਦਿਵਾਲੀ ਦੇ ਤਿਉਹਾਰ ਮੌਕੇ ਰੌਣਕਾਂ ਤਾਂ ਖੂਬ ਲੱਗੀਆਂ ਹੋਈਆਂ ਹਨ ਪਰ ਦੁਕਾਨਾਂ ਉਪਰ ਲੋਕ ਖਰੀਦਦਾਰੀ ਘੱਟ ਕਰ ਰਹੇ ਹਨ| ਉਹਨਾਂ ਕਿਹਾ ਕਿ ਮਾਰਕੀਟ ਵਿਚ ਲੱਗੀਆਂ     ਰੇਹੜੀਆਂ ਫੜੀਆਂ ਕਾਰਨ ਅਤੇ  ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਹੋਰ ਖਾਲੀ ਥਾਂਵਾਂ ਉਪਰ ਬੈਠੇ ਸਮਾਨ    ਵੇਚਣ ਵਾਲਿਆਂ ਕਾਰਨ ਵੀ ਦੁਕਾਨਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ| ਆਮ ਲੋਕ ਸਸਤੇ ਦੇ ਲਾਲਚ ਵਿਚ ਰੇਹੜੀ ਫੜੀ ਵਾਲਿਆਂ ਤੋਂ ਹੀ ਸਮਾਨ ਖਰੀਦਣ ਨੂੰ ਤਰਜੀਹ ਦੇ ਰਹੇ ਹਨ ਜਿਸ ਕਰਕੇ ਦੁਕਾਨਾਂ ਉਪਰ ਵਿਕਰੀ ਕਾਫੀ ਘੱਟ ਹੋ ਰਹੀ ਹੈ|
ਕਟਾਣੀ ਸਵੀਟਸ ਦੇ ਮਾਲਕ ਹਰਨੇਕ ਸਿੰਘ ਕਟਾਣੀ ਦਾ ਕਹਿਣਾ ਹੈ ਕਿ ਇਸ ਵਾਰ ਲੋਕਾਂ ਵਿਚ ਇਹ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਬਾਜਾਰ ਵਿਚ ਵਿਕ ਰਹੀਆਂ ਮਿਠਾਈਆਂ ਵਿਚ ਮਿਲਾਵਟ ਕੀਤੀ ਹੋਈ ਹੈ, ਇਸ ਕਾਰਨ ਲੋਕ ਮਿਠਾਈਆਂ ਖਰੀਦਣ ਤੋਂ ਹੀ    ਗੁਰੇਜ ਕਰ ਰਹੇ ਹਨ| ਉਹਨਾਂ ਕਿਹਾ ਕਿ ਰਹਿੰਦੀ ਕਸਰ ਜੀ  ਐਸ ਟੀ ਟੈਕਸ ਨੇ ਕੱਢ ਦਿਤੀ ਹੈ, ਜੀ ਐਸ ਟੀ ਲਾਗੂ ਹੋਣ ਕਾਰਨ ਹਰ ਚੀਜ ਹੀ ਮਹਿੰਗੀ ਹੋ ਗਈ ਹੈ| ਜਿਸ ਕਾਰਨ ਲੋਕ ਹੁਣ ਮਿਠਾਈਆਂ ਦੇ ਨਾਲ ਨਾਲ ਡਰਾਈ ਫਰੂਟਸ ਖਰੀਦਣ ਤੋਂ ਵੀ ਗੁਰੇਜ ਕਰ ਰਹੇ ਹਨ| ਸਰਕਾਰ ਨੇ ਡਰਾਈ ਫਰੂਟਸ ਉਪਰ ਵੀ ਵੱਖ ਵੱਖ ਤਰਾਂ ਦਾ ਜੀ ਐਸ ਟੀ ਟੈਕਸ ਲਾਗੂ ਕੀਤਾ ਹੈ, ਹਲਵਾਈਆਂ ਤੇ ਹੋਰ ਦੁਕਾਨਦਾਰਾਂ ਨੇ ਤਾਂ ਵੱਖ ਵੱਖ ਤਰਾਂ ਦੇ ਡਰਾਈਫਰੂਟਸ ਦੀ ਪੈਕਿੰਗ ਇਕੋ ਡੱਬੇ ਵਿਚ ਪਾ ਕੇ ਹੀ ਵੇਚਣੀ ਹੁੰਦੀ ਹੈ ਪਰ ਵੱਖ ਵੱਖ ਤਰਾਂ ਦੇ ਡਰਾਈ ਫਰੂਟਸ ਉਪਰ ਵੱਖ ਵੱਖ ਜੀ ਐਸ ਟੀ ਟੈਕਸ ਲੱਗਣ ਕਾਰਨ ਦੁਕਾਨਦਾਰਾਂ ਨੂੰ ਆਪਣਾ ਸਮਾਨ  ਵੇਚਣ ਵਿਚ ਕਾਫੀ ਮੁਸ਼ਕਿਲ ਹੋ ਰਹੀ ਹੈ|
ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿਚ ਦੁਕਾਨਾਂ ਚਲਾ ਰਹੇ ਵੱਡੀ ਗਿਣਤੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨੋਟਬੰਦੀ ਦੀ ਮਾਰ ਤੋਂ ਅਜੇ ਵੀ ਦੁਕਾਨਦਾਰ ਅਤੇ ਆਮ ਲੋਕ ਮੁਕਤ ਨਹੀਂ ਹੋਏ| ਇਸ ਵਾਰ ਦਿਵਾਲੀ ਦੀਆਂ ਰੌਣਕਾਂ ਉਪਰ ਨੋਟਬੰਦੀ ਹੀ ਕੁੰਡਲ ਮਾਰ ਕੇ ਬੈਠ ਗਈ ਹੈ| ਆਮ ਲੋਕਾਂ ਕੋਲ ਨੋਟਬੰਦੀ ਕਾਰਨ ਪੈਸਾ ਘੱਟ ਹੈ ਅਤੇ ਇਸ ਕਾਰਨ ਹੀ ਉਹ ਘੱਟ ਖਰੀਦਦਾਰੀ ਕਰ ਰਹੇ ਹਨ| ਇਸ ਕਾਰਨ ਇਸ ਵਾਰ ਦਿਵਾਲੀ ਦਾ ਤਿਉਹਾਰ ਪਿਛਲੇ ਸਾਲਾਂ ਦੇ ਮੁਕਾਬਲੇ ਫਿੱਕਾ ਹੀ ਜਾ ਰਿਹਾ ਹੈ|

Leave a Reply

Your email address will not be published. Required fields are marked *