ਅਣਅਧਿਕਾਰਤ ਤਰੀਕੇ ਨਾਲ ਬੋਰ ਕਰਕੇ ਪੰਪ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਟਾਲਮਟੋਲ ਕਰਦੇ ਹਨ ਅਧਿਕਾਰੀ: ਮਨਜੀਤ ਸਿੰਘ ਸੇਠੀ

ਅਣਅਧਿਕਾਰਤ ਤਰੀਕੇ ਨਾਲ ਬੋਰ ਕਰਕੇ ਪੰਪ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਟਾਲਮਟੋਲ ਕਰਦੇ ਹਨ ਅਧਿਕਾਰੀ: ਮਨਜੀਤ ਸਿੰਘ ਸੇਠੀ
ਡਿਪਟੀ ਮੇਅਰ ਵੱਲੋਂ ਦੱਸਣ ਤੇ ਬੋਰ ਦਾ ਕੰਮ ਰੁਕਵਾਇਆ: ਐਕਸੀਅਨ
ਐਸ.ਏ.ਐਸ.ਨਗਰ, 19 ਅਪ੍ਰੈਲ, (ਸ.ਬ.) ਇੱਕ ਪਾਸੇ ਤਾਂ ਜਨਸਿਹਤ ਵਿਭਾਗ ਵੱਲੋਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੋਰਾਨ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਤੇ ਕਾਬੂ ਕਰਨ ਵਿੱਚ ਨਾਕਾਮ ਹੈ ਅਤੇ ਸ਼ਹਿਰ ਵਿੱਚ ਲੋਕਾਂ ਵੱਲੋਂ ਬਗੀਚਿਆਂ ਨੂੰ ਪਾਣੀ ਲਾਉਣ ਅਤੇ ਕਾਰਾਂ ਆਦਿ ਧੋਣ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ|
ਇਸ ਸੰਬੰਧੀ ਖੁਦ ਜਨਸਿਹਤ ਵਿਭਾਗ ਵੱਲੋਂ ਹੀ ਸ਼ਹਿਰ ਵਿੱਚ ਸੈਂਕੜਿਆਂ ਦੇ ਹਿਸਾਬ ਨਾਲ ਨੋਟਿਸ ਵੀ ਦਿੱਤੇ ਗਏ ਹਨ ਪਰੰਤੂ ਇਹ ਕਾਰਵਾਈ ਰੁਕ ਨਹੀਂ ਪਾ ਰਹੀ ਹੈ ਅਤੇ ਦੂਜੇ ਪਾਸੇ ਸ਼ਹਿਰ ਵਿੱਚ ਰਸੂਖਦਾਰ ਲੋਕਾਂ ਵੱਲੋਂ ਆਪਣੇ ਘਰਾਂ ਵਿੱਚ ਹੀ ਪਾਣੀ ਲਈ ਬੋਰ ਲਗਵਾਉਣ ਦੀ ਕਾਰਵਾਈ ਤੇ ਕਾਬੂ ਕਰਨ ਲਈ ਵੀ ਵਿਭਾਗ ਵੱਲੋਂ ਕੁਝ ਨਹੀਂ ਕੀਤਾ ਜਾਂਦਾ ਅਤੇ ਵਿਭਾਗ ਦੇ ਅਧਿਕਾਰੀ ਇਸ ਸੰਬੰਧੀ ਬਣਦੀ ਕਾਰਵਾਈ ਕਰਨ ਤੋਂ ਪੱਲਾ ਝਾੜਦੇ ਦਿਖਦੇ ਹਨ|
ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਨੇ ਅੱਜ ਇਸ ਸੰਬਧੀ ਰੋਹ ਜਾਹਿਰ ਕਰਦਿਆ ਕਿਹਾ ਕਿ ਫੇਜ-10 ਵਿੱਚ ਇੱਕ ਵਿਅਕਤੀ ਵੱਲੋਂ ਆਪਣੇ ਮਕਾਨ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਬੋਰ ਕਰਵਾ ਕੇ ਸਬਮਰਸੀਬਲ ਪੰਪ ਲਗਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਦੋਂ ਕਿ ਸ਼ਹਿਰ ਵਿੱਚ ਬੋਰ ਕਰਵਾ ਕੇ ਪੰਪ ਲਗਵਾਉਣ ਦੀ ਕਾਰਵਾਈ ਤੇ ਪਾਬੰਦੀ ਲਾਗੂ ਹੈ| ਉਹਨਾਂ ਕਿਹਾ ਕਿ ਫੇਜ਼-10 ਦੇ ਇੱਕ ਵਸਨੀਕ ਵੱਲੋਂ ਇਸ ਤਰੀਕੇ ਨਾਲ ਬੋਰ ਕਰਵਾਉਣ ਦੀ ਗੱਲ ਜਦੋਂ ਉਹਨਾਂ ਦੀ ਜਾਣਕਾਰੀ ਵਿੱਚ ਆਈ ਤਾਂ ਉਹਨਾਂ ਨੇ ਇਸ ਸੰਬਧੀ ਪਹਿਲਾਂ ਨਗਰ ਨਿਗਮ ਵਿੱਚ ਤੈਨਾਤ ਪਬਲਿਕ ਹੈਲਥ ਦੇ ਐਸ.ਡੀ.ਉ. ਅਤੇ ਫਿਰ ਜਨਸਿਹਤ ਵਿਭਾਗ ਦੇ ਐਸ.ਡੀ.ਉ. ਇਸ ਸੰਬੰਧੀ ਕਾਰਵਾਈ ਲਈ ਕਿਹਾ ਪਰੰਤੂ ਇਹ ਦੋਵੇਂ ਅਧਿਕਾਰੀ ਇਸ ਸੰਬੰਧੀ ਕੋਈ ਕਾਰਵਾਈ ਕਰਨ ਦੀ ਥਾਂ ਟਾਲਮਟੋਲ ਕਰਦੇ ਰਹੇ| ਉਹਨਾਂ ਕਿਹਾ ਕਿ ਇਸ ਤਰੀਕੇ ਨਾਲ ਸ਼ਹਿਰੀ ਖੇਤਰ ਵਿੱਚ ਬੋਰ ਕਰਨ ਤੇ ਪਾਬੰਦੀ ਵਾਲਾ     ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਨੂੰ ਪੰਜਾਬ ਸਰਕਾਰ ਵੱਲੋਂ ਮੰਜੂਰ ਕੀਤਾ ਹੋਇਆ ਹੈ ਪਰੰਤੂ ਇਸਦੇ ਬਾਵਜੂਦ ਸਬੰਧਿਤ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਨਾਲ ਇਹਨਾਂ ਅਧਿਕਾਰੀਆਂ ਦੀ ਕਾਰਗੁਜਾਰੀ ਤੇ ਹੀ ਸਵਾਲ ਉਠਦੇ ਹਨ| ਇਸ ਸੰਬੰਧੀ ਸੰਪਰਕ ਕਰਨ ਤੇ ਜਨਸਿਹਤ ਵਿਭਾਗ ਦੇ ਐਕਸੀਅਨ ਸ੍ਰੀ ਕਮਲ ਕਿਸ਼ੋਰ ਨੇ ਕਿਹਾ ਕਿ ਡਿਪਟੀ ਮੇਅਰ ਸ੍ਰ. ਸੇਠੀ ਵੱਲੋਂ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਇਸ ਸੰਬੰਧੀ ਕਾਰਵਾਈ ਕਰਦਿਆਂ ਉਹਨਾਂ ਵੱਲੋਂ ਬੋਰ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ|

Leave a Reply

Your email address will not be published. Required fields are marked *