ਅਣਅਧਿਕਾਰਤ ਤਰੀਕੇ ਨਾਲ ਵੱਜਦੇ ਪ੍ਰੈਸ਼ਰ ਹਾਰਨਾਂ ਅਤੇ ਹੂਟਰਾਂ ਤੇ ਕਾਬੂ ਕਰੇ ਪੁਲੀਸ

ਸਾਡੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਕਾਰਨ ਸ਼ਹਿਰ ਵਾਸੀ ਕਾਫੀ ਤੰਗ ਹਨ| ਸ਼ਹਿਰ ਦੀਆਂ ਸੜਕਾਂ ਤੇ ਵਾਹਨ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਕਾਰਵਾਈ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਤਾਂ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੀ ਹੈ ਇਸਦੇ ਨਾਲ ਨਾਲ ਸ਼ਹਿਰ ਵਿੱਚ ਮਨਚਲੇ ਨੌਜਵਾਨਾਂ ਦੀਆਂ ਗੱਡੀਆਂ ਅਤੇ ਮੋਟਰ ਸਾਈਕਲਾਂ ਤੇ ਲੱਗੇ ਪ੍ਰੈਸ਼ਰ ਹਾਰਨ ਅਤੇ ਵੀ ਵੀ ਆਈ ਪੀ ਵਾਹਨਾਂ ਦੇ ਵੱਜਦੇ ਹੂਟਰ ਵੀ ਇਸ ਸਮੱਸਿਆ ਵਿੱਚ ਵਾਧਾ ਕਰਦੇ ਹਨ|
ਸ਼ਹਿਰ ਦੀਆਂ ਸੜਕਾਂ ਤੇ ਖਰਮਸਤੀਆਂ ਕਰਦੇ ਨੌਜਵਾਨਾਂ ਦੇ ਅਜਿਹੇ ਟੋਲੇ ਅਕਸਰ ਨਜਰ ਆ ਜਾਂਦੇ ਹਨ ਜਿਹੜੇ ਇਕੱਠੇ ਹੋ ਕੇ ਖੁੱਲੀਆਂ ਜੀਪਾਂ ਜਾਂ ਦੋਪਹੀਆ ਵਾਹਨਾਂ ਤੇ ਮਸਤ ਹੋ ਕੇ ਗੇੜੀਆਂ ਲਗਾਉਂਦੇ ਹਨ| ਇਹਨਾਂ ਵਿੱਚੋਂ ਜਿਆਦਾਤਰ ਦੇ ਵਾਹਨਾਂ ਵਿੱਚ ਅਜਿਹੇ ਤੇਜ ਆਵਾਜ ਵਾਲੇ ਪ੍ਰੈਸ਼ਰ ਹਾਰਨ ਲੱਗੇ ਹੁੰਦੇ ਹਨ ਜਿਹੜੇ ਜਦੋਂ ਵੱਜਦੇ ਹਨ ਤਾਂ ਆਮ ਬੰਦੇ ਦੀ ਜਾਨ ਕੱਢਣ ਤਕ ਜਾਂਦੇ ਹਨ| ਆਪਣੀ ਇਸ ਕਾਰਵਾਈ ਨਾਲ ਨੌਜਵਾਨਾਂ ਦੇ ਇਹ ਟੋਲੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤਾਂ ਕਰਦੇ ਹੀ ਹਨ, ਆਮ ਲੋਕਾਂ ਵਿੱਚ ਦਹਿਸ਼ਤ ਦਾ ਪਸਾਰ ਵੀ ਕਰਦੇ ਹਨ| ਸੜਕ ਤੇ ਸਹਿਜ ਸੁਭਾਵ ਤੁਰੇ ਜਾ ਰਹੇ ਬਜੁਰਗਾਂ, ਬੱਚਿਆਂ, ਮਹਿਲਾਵਾਂ, ਸਾਈਕਲ ਸਵਾਰਾਂ ਆਦਿ ਦੇ ਨੇੜੇ ਆ ਕੇ ਅਜਿਹਾ ਕੋਈ ਸ਼ਰਾਰਤੀ ਟੋਲਾ ਜਦੋਂ ਅਚਾਨਕ ਆਪਣੇ ਵਾਹਨਾਂ ਦੇ ਹਾਰਨ ਵਜਾਉਣੇ ਸ਼ੁਰੂ ਕਰਦਾ ਹੈ ਤਾਂ ਆਮ ਆਦਮੀ ਬੁਰੀ ਤਰ੍ਹਾਂ ਤ੍ਰਭਕ ਜਾਂਦਾ ਹੈ ਅਤੇ ਇਸ ਕਾਰਣ ਕਈ ਵਾਰ ਲੋਕ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ|
ਸਾਡੇ ਸ਼ਹਿਰ ਵਿੱਚ ਰਹਿਣ ਵਾਲੇ ਅਜਿਹੇ ਵੀ. ਵੀ. ਆਈ. ਪੀ. ਵਿਅਕਤੀਆਂ ਦੀ ਗਿਣਤੀ ਵੀ ਕਾਫੀ ਜਿਆਦਾ ਹੈ ਜਿਹਨਾਂ ਦੀ ਨਿੱਜੀ ਸੁਰਖਿਆ ਲਈ ਸਰਕਾਰ ਵਲੋਂ ਬਕਾਇਦਾ ਹੂਟਰਾਂ ਵਾਲੀਆਂ ਗੱਡੀਆਂ ਤੈਨਾਤ ਕੀਤੀਆਂ ਗਈਆਂ ਹਨ| ਇਹ ਗੱਡੀਆਂ ਭਾਵੇਂ ਇਹਨਾਂ ਵੀ. ਵੀ. ਆਈ. ਪੀ. ਵਿਅਕਤੀਆਂ ਦੀ ਸੁਰੱਖਿਆ ਲਈ ਤੈਨਾਤ ਕੀਤੀਆਂ ਜਾਂਦੀਆਂ ਹਨ ਪਰੰਤੂ ਇਹਨਾਂ ਵੀ.ਵੀ. ਆਈ. ਪੀ ਲੋਕਾਂ ਦੇ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਵਲੋਂ ਵੀ ਆਪਣੇ ਨਿੱਜੀ ਵਾਹਨਾਂ ਤੇ ਹੂਟਰਾਂ ਦੀ ਵਰਤੋਂ ਦੀ ਕਾਰਵਾਈ ਅਕਸਰ ਵੇਖਣ ਵਿੱਚ ਆ ਜਾਂਦੀ ਹੈ| ਕਈ ਵਾਰ ਅਜਿਹਾ ਵੀ ਵੇਖਣ ਵਿੱਚ ਆਉਂਦਾ ਹੈ ਕਿ ਅਜਿਹਾ ਕੋਈ ਸਰਕਾਰੀ ਵਾਹਨ ਹੂਟਰ ਵਜਾਉਂਦਾ ਲੰਘ ਰਿਹਾ ਹੁੰਦਾ ਹੈ ਪਰੰਤੂ ਉਸ ਵਾਹਨ ਦੀ ਵਰਤੋਂ ਉਕਤ ਵੀ.ਵੀ.ਆਈ.ਪੀ. ਵਿਅਕਤੀ ਦੇ ਕਿਸੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ, ਵਾਹਨ ਦੇ ਡ੍ਰਾਈਵਰ ਜਾਂ ਘਰ ਦੇ ਕਿਸੇ ਨੌਕਰ ਵਲੋਂ ਮਾਰਕੀਟ ਤੋਂ ਕੋਈ ਸਾਮਾਨ ਲਿਆਉਣ ਜਾਂ ਘਰ ਦੇ ਕਿਸੇ ਨਿੱਜੀ ਕੰਮ ਲਈ ਕੀਤੀ ਜਾ ਰਹੀ ਹੁੰਦੀ ਹੈ|
ਸ਼ਹਿਰ ਦੀਆਂ ਸੜਕਾਂ ਤੇ ਵਾਹਨ ਚਾਲਕਾਂ ਵਲੋਂ ਅਣਅਧਿਕਾਰਤ ਤੌਰ ਤੇ ਵਜਾਏ ਜਾਂਦੇ ਹੂਟਰਾਂ ਅਤੇ ਦੋ ਪਹੀਆ ਵਾਹਨਾਂ ਤੇ ਉੱਚੀ ਆਵਾਜ ਵਿੱਚ ਵਜਾਏ ਜਾਂਦੇ ਪ੍ਰੈਸ਼ਰ ਹਾਰਨਾਂ ਕਾਰਨ ਟ੍ਰੈਫਿਕ ਵਿਵਸਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ| ਇਹਨਾਂ ਵਾਹਨਾਂ ਵਲੋਂ ਸੜਕਾਂ ਤੇ ਹੂਟਰ ਜਾਂ ਪ੍ਰੈਸ਼ਰ ਹਾਰਨ ਵਜਾਉਣ ਦੀ ਇਹ ਕਾਰਵਾਈ ਟ੍ਰੈਫਿਕ ਨਿਯਮਾਂ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਜਿਸ ਤੇ ਰੋਕ ਲਗਾਉਣਾ ਟ੍ਰੈਫਿਕ ਪੁਲੀਸ ਦੀ ਜਿੰਮੇਵਾਰੀ ਬਣਦੀ ਹੈ, ਪਰੰਤੂ ਅਜਿਹੇ ਬਿਗੜੈਲ ਨੌਜਵਾਨਾਂ ਜਾਂ ਅਣਅਧਿਕਾਰਤ ਤੌਰ ਤੇ ਹੂਟਰ ਵਜਾਉਣ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਥਾਂ ਟ੍ਰੈਫਿਕ ਪੁਲੀਸ ਵੱਲੋਂ ਆਮ ਤੌਰ ਤੇ ਇਹਨਾਂ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ|
ਸ਼ਾਇਦ ਇਸਦਾ ਇੱਕ ਕਾਰਨ ਇਹ ਵੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਹਨਾਂ ਲੋਕਾਂ ਦਾ ਨਾਮ ਕਿਸੇ ਨਾ ਕਿਸੇ ਅਸਰ ਰਸੂਖ ਵਾਲੇ ਵਿਅਕਤੀ ਨਾਲ ਜੁੜਿਆ ਹੁੰਦਾ ਹੈ ਅਤੇ ਟ੍ਰੈਫਿਕ ਪੁਲੀਸ ਦੇ ਮੁਲਾਜਮ ਛੇਤੀ ਕੀਤਿਆਂ ਕਿਸੇ ਸਖਤ ਕਾਰਵਾਈ ਤੋਂ ਪਰਹੇਜ ਹੀ ਕਰਦੇ ਨਜਰ ਆਉਂਦੇ ਹਨ| ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਇਸ ਸੰਬੰਧੀ ਪੁਲੀਸ ਵਲੋਂ ਸਖਤ ਕਾਰਵਾਈ ਕੀਤੀ ਜਾਵੇ| ਜਿਲ੍ਹੇ ਦੇ ਪੁਲੀਸ ਮੁਖੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਅਣਅਧਿਕਾਰਤ ਤੌਰ ਤੇ ਵੱਜਦੇ ਪ੍ਰੈਸ਼ਰ ਹਾਰਨਾਂ ਅਤੇ ਹੂਟਰਾਂ ਵਿਰੁੱਧ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ| ਟੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਕਾਰਵਾਈ ਲਈ ਜਿੰਮੇਵਾਰ ਅਨਸਰਾਂ ਨੂੰ ਕਾਨੂੰਨ ਦੀ ਪਾਲਣਾ ਲਈ ਪਾਬੰਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਾਨੂੰਨ ਦੀ ਉਲੰਘਣਾ ਦੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ|

Leave a Reply

Your email address will not be published. Required fields are marked *