ਅਣਅਧਿਕਾਰਤ ਤਰੀਕੇ ਨਾਲ ਵੱਜਦੇ ਪ੍ਰੈਸ਼ਰ ਹਾਰਨਾਂ ਤੇ ਕਾਬੂ ਕਰੇ ਟ੍ਰੈਫਿਕ ਪੁਲੀਸ

ਪੰਜਾਬ ਸਰਕਾਰ ਵਲੋਂ ਭਾਵੇਂ ਸਾਡੇ ਸ਼ਹਿਰ ਨੂੰ ਵਿਸ਼ਵਪੱਧਰੀ ਅਤਿਆਧੁਨਿਕ ਸੁਵਿਧਾਵਾਂ ਮੁਹਈਆ ਕਰਵਾਉਣ ਦੇ ਦਮਗਜੇ ਮਾਰੇ ਜਾਂਦੇ ਹਨ ਪਰੰਤੂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਪਿਛਲੇ ਲੰਬੇ ਸਮੇਂ ਤੋਂ ਸਵਾਲਾਂ ਦੇ ਘੇਰੇ ਵਿੱਚ ਚਲਦੀ ਆ ਰਹੀ ਹੈ ਅਤੇ ਸ਼ਹਿਰ ਦੇ ਵਸਨੀਕ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਕਾਰਨ ਬੁਰੀ ਤਰ੍ਹਾਂ ਤ੍ਰਸਤ ਦਿਖਦੇ ਹਨ| ਸ਼ਹਿਰ ਵਿੱਚ ਵੀ ਆਈ ਪੀ ਵਾਹਨਾਂ ਦੇ ਵੱਜਦੇ ਹੁਟਰ ਅਤੇ ਮਨਚਲੇ ਨੌਜਵਾਨਾਂ ਦੀਆਂ ਗੱਡੀਆਂ ਅਤੇ ਦੋਪਹੀਆ ਵਾਹਨਾਂ ਤੇ ਲੱਗੇ ਪ੍ਰੈਸ਼ਰ ਹਾਰਨ ਇਸ ਸਮੱਸਿਆ ਵਿੱਚ ਹੋਰ ਵੀ ਵਾਧਾ ਕਰਦੇ ਹਨ ਪਰੰਤੂ ਟ੍ਰੈਫਿਕ ਪੁਲੀਸ ਵਲੋਂ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਇਸ ਸਾਰੇ ਕੁੱਝ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਇਹ ਸਮੱਸਿਆ ਲਗਾਤਾਰ ਵੱਧਦੀ ਰਹੀ ਹੈ|
ਸ਼ਹਿਰ ਦੀਆਂ ਸੜਕਾਂ ਤੇ ਖਰਮਸਤੀਆਂ ਕਰਦੇ ਨੌਜਵਾਨਾਂ ਦੇ ਅਜਿਹੇ ਟੋਲੇ ਵੀ ਅਕਸਰ ਦਿਖ ਜਾਂਦੇ ਹਨ ਜਿਹੜੇ ਆਪਣੀ ਮਸਤੀ ਵਿੱਚ ਇਕੱਠੇ ਹੋ ਕੇ ਖੁੱਲੀਆਂ ਜੀਪਾਂ ਜਾਂ ਦੋਪਹੀਆ ਵਾਹਨਾਂ ਤੇ ਸ਼ਹਿਰ ਦੀਆਂ ਗੇੜੀਆਂ ਲਗਾਉਂਦੇ ਹਨ| ਇਹਨਾਂ ਵਿੱਚੋਂ ਜਿਆਦਾਤਰ ਵਾਹਨਾਂ ਵਿੱਚ ਅਜਿਹੇ ਤੇਜ ਆਵਾਜ ਵਾਲੇ ਪ੍ਰੈਸ਼ਰ ਹਾਰਨ ਲੱਗੇ ਹੁੰਦੇ ਹਨ ਜਿਹੜੇ ਜਦੋਂ ਵੱਜਦੇ ਹਨ ਤਾਂ ਆਮ ਬੰਦੇ ਦੀ ਜਾਨ ਕੱਢਣ ਤਕ ਜਾਂਦੇ ਹਨ| ਸੜਕ ਤੇ ਸਹਿਜ ਸੁਭਾਵ ਤੁਰੇ ਜਾ ਰਹੇ ਬਜੁਰਗਾਂ, ਬੱਚਿਆਂ, ਮਹਿਲਾਵਾਂ, ਸਾਈਕਲ ਸਵਾਰਾਂ ਆਦਿ ਦੇ ਨੇੜੇ ਆ ਕੇ ਅਜਿਹਾ ਕੋਈ ਸ਼ਰਾਰਤੀ ਟੋਲਾ ਜਦੋਂ ਅਚਾਨਕ ਆਪਣੇ ਵਾਹਨਾਂ ਦੇ ਹਾਰਨ ਵਜਾਉਣੇ ਸ਼ੁਰੂ ਕਰਦਾ ਹੈ ਤਾਂ ਆਮ ਆਦਮੀ ਬੁਰੀ ਤਰ੍ਹਾਂ ਤ੍ਰਭਕ ਜਾਂਦਾ ਹੈ ਅਤੇ ਇਸ ਕਾਰਣ ਕਈ ਵਾਰ ਲੋਕ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ|
ਆਪਣੀ ਇਸ ਕਾਰਵਾਈ ਨਾਲ ਨੌਜਵਾਨਾਂ ਦੇ ਇਹ ਟੋਲੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤਾਂ ਕਰਦੇ ਹੀ ਹਨ, ਆਮ ਲੋਕਾਂ ਵਿੱਚ ਦਹਿਸ਼ਤ ਦਾ ਪਸਾਰ ਵੀ ਕਰਦੇ ਹਨ ਅਤੇ ਅਣਅਧਿਕਾਰਤ ਤੌਰ ਤੇ ਉੱਚੀ ਆਵਾਜ ਵਿੱਚ ਵਜਾਏ ਜਾਂਦੇ ਪ੍ਰੈਸ਼ਰ ਹਾਰਨਾਂ ਕਾਰਨ ਟ੍ਰੈਫਿਕ ਵਿਵਸਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ| ਸੂਬੇ ਦੀ ਰਾਜਧਾਨੀ (ਚੰਡੀਗੜ੍ਹ) ਵਿੱਚ ਟ੍ਰੈਫਿਕ ਪੁਲੀਸ ਵਲੋਂ ਉੱਥੇ ਚਲਦੇ ਹਰ ਤਰ੍ਹਾਂ ਦੇ ਵਾਹਨਾਂ ਤੇ ਲੱਗੇ ਹਾਰਨ ਵਜਾਉਣ ਤੇ ਰੋਕ ਲਾਗੂ ਕੀਤੀ ਹੋਈ ਹੈ ਜਿਸ ਨਾਲ ਉੱਥੇ ਚਲਦੇ ਵਾਹਨਾਂ ਦੇ ਹਾਰਨਾਂ ਕਾਰਨ ਪੈਦਾ ਹੋਣ ਵਾਲੇ ਸ਼ੋਰ ਪ੍ਰਦੂਸ਼ਨ ਨੂੰ ਕਾਫੀ ਹੱਦ ਤਕ ਕਾਬੂ ਕੀਤਾ ਜਾ ਚੁੱਕਿਆ ਹੈ| ਪਰੰਤੂ ਸਾਡੇ ਸ਼ਹਿਰ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ ਬਲਕਿ ਇੱਥੇ ਮਨਚਲੇ ਅਤੇ ਸ਼ਰਾਰਤੀ ਕਿਸਮ ਦੇ ਨੌਜਵਾਨਾਂ ਦੇ ਟੋਲਿਆਂ ਨੂੰ ਉਹਨਾਂ ਦੇ ਵਾਹਨਾਂ ਤੇ ਲੱਗੇ ਪ੍ਰੈਸ਼ਰ ਹਾਰਨ ਵਜਾ ਕੇ ਆਮ ਲੋਕਾਂ ਨੂੰ ਤੰਗ ਕਰਦਿਆਂ ਆਮ ਵੇਖਿਆ ਜਾ ਸਕਦਾ ਹੈ|
ਇਹਨਾਂ ਮਨਚਲੇ ਨੌਜਵਾਨਾਂ ਦੇ ਟੋਲਿਆਂ ਵਲੋਂ ਸੜਕਾਂ ਤੇ ਇਸ ਤਰੀਕੇ ਨਾਲ ਪ੍ਰੈਸ਼ਰ ਹਾਰਨ ਵਜਾਉਣ ਦੀ ਇਹ ਕਾਰਵਾਈ ਟ੍ਰੈਫਿਕ ਨਿਯਮਾਂ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਜਿਸ ਤੇ ਰੋਕ ਲਗਾਉਣਾ ਟ੍ਰੈਫਿਕ ਪੁਲੀਸ ਦੀ ਜਿੰਮੇਵਾਰੀ ਬਣਦੀ ਹੈ, ਪਰੰਤੂ ਸਾਡੀ ਟ੍ਰੈਫਿਕ ਪੁਲੀਸ ਵਲੋਂ ਆਮ ਤੌਰ ਤੇ ਅਜਿਹੇ ਬਿਗੜੈਲ ਨੌਜਵਾਨਾਂ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਥਾਂ ਉਹਨਾਂ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ| ਸ਼ਾਇਦ ਇਸਦਾ ਇੱਕ ਕਾਰਨ ਇਹ ਵੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਹਨਾਂ ਲੋਕਾਂ ਦਾ ਨਾਮ ਕਿਸੇ ਨਾ ਕਿਸੇ ਅਸਰ ਰਸੂਖ ਵਾਲੇ ਵਿਅਕਤੀ ਨਾਲ ਜੁੜਿਆ ਹੁੰਦਾ ਹੈ ਅਤੇ ਟ੍ਰੈਫਿਕ ਪੁਲੀਸ ਦੇ ਮੁਲਾਜਮ ਛੇਤੀ ਕੀਤਿਆਂ ਕਿਸੇ ਸਖਤ ਕਾਰਵਾਈ ਤੋਂ ਪਰਹੇਜ ਕਰਦੇ ਹਨ|
ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਇਸ ਸੰਬੰਧੀ ਪੁਲੀਸ ਵਲੋਂ ਸਖਤ ਕਾਰਵਾਈ ਕੀਤੀ ਜਾਵੇ| ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਲਈ ਜਿੰਮੇਵਾਰ ਅਨਸਰਾਂ ਨੂੰ ਹਰ ਹਾਲ ਵਿੱਚ ਕਾਨੂੰਨ ਦੀ ਪਾਲਣਾ ਲਈ ਪਾਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਸਿਰਫ ਸਖਤ ਕਾਰਵਾਈ ਅਤੇ ਸਜਾ ਦਾ ਡਰ ਹੀ ਇਹਨਾਂ ਮਲਚਲਿਆਂ ਨੂੰ ਇਸ ਕਾਰਵਾਈ ਤੋਂ ਰੋਕਣ ਦਾ ਸਮਰਥ ਹੋ ਸਕਦਾ ਹੈ| ਜਿਲ੍ਹੇ ਦੇ ਪੁਲੀਸ ਮੁਖੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਅਣਅਧਿਕਾਰਤ ਤੌਰ ਤੇ ਵੱਜਦੇ ਪ੍ਰੈਸ਼ਰ ਹਾਰਨਾਂ ਵਿਰੁੱਧ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ| ਇਹਨਾਂ ਨੌਜਵਾਨਾਂ ਵਲੋਂ ਕੀਤੀ ਜਾਂਦੀ ਟੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕਾਨੂੰਨ ਦੀ ਉਲੰਘਣਾ ਦੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇ|ਲ

Leave a Reply

Your email address will not be published. Required fields are marked *