ਅਣਅਧਿਕਾਰਤ ਤੌਰ ਤੇ ਵੱਜਦੇ ਹੂਟਰਾਂ ਅਤੇ ਪ੍ਰੈਸ਼ਰ ਹਾਰਨਾਂ ਤੇ ਸਖਤੀ ਨਾਲ ਕਾਬੂ ਕਰੇ ਪੁਲੀਸ

ਸਾਡੇ ਸ਼ਹਿਰ ਦੀ ਉਸਾਰੀ ਵੇਲੇ ਭਾਵੇਂ ਇਸਨੂੰ ਚੰਡੀਗੜ੍ਹ ਦੇ ਇੱਕ ਉਪਨਗਰ ਵਜੋਂ ਵਿਕਸਿਤ ਕੀਤਾ ਗਿਆ ਸੀ ਪਰ ਸਮੇਂ ਦੇ ਨਾਲ ਨਾਲ ਸਾਡੇ ਸ਼ਹਿਰ ਨੂੰ ਨਾ ਸਿਰਫ ਵਿਸ਼ਵ ਪੱਧਰੀ ਪਹਿਚਾਣ ਹਾਸਿਲ ਹੋਈ ਬਲਕਿ ਇਸਨੂੰ ਭਾਰਤ ਹੀ ਨਹੀਂ ਬਲਕਿ ਦੁਨੀਆ ਦੇ ਅਤਿਆਧੁਨਿਕ ਸ਼ਹਿਰ ਦਾ ਦਰਜਾ ਵੀ ਹਾਸਿਲ ਹੈ| ਸਾਡੇ ਸ਼ਹਿਰ ਵਿੱਚ ਰਹਿਣ ਵਾਲੇ ਅਜਿਹੇ ਵੀ. ਵੀ. ਆਈ. ਪੀ. ਵਿਅਕਤੀਆਂ ਦੀ ਗਿਣਤੀ ਵੀ ਕਾਫੀ ਜਿਆਦਾ ਹੈ ਜਿਹਨਾਂ ਦੀ ਨਿੱਜੀ ਸੁਰਖਿਆ ਲਈ ਸਰਕਾਰ ਵਲੋਂ ਬਾਕਾਇਦਾ ਹੂਟਰਾਂ ਵਾਲੀਆਂ ਗੱਡੀਆਂ ਤੈਨਾਤ ਕੀਤੀਆਂ ਗਈਆਂ ਹਨ| ਹਾਲਾਂਕਿ ਇਹ ਗੱਡੀਆਂ ਇਹਨਾਂ ਵੀ. ਵੀ. ਆਈ. ਪੀ. ਵਿਅਕਤੀਆਂ ਦੀ ਸੁਰੱਖਿਆ ਲਈ ਤੈਨਾਤ ਕੀਤੀਆਂ ਜਾਂਦੀਆਂ ਹਨ ਪਰੰਤੂ ਇਹਨਾਂ ਵੀ ਵੀ ਆਈ ਪੀਆਂ ਦੇ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਵਲੋਂ ਵੀ ਅਕਸਰ ਆਪਣੇ ਨਿੱਜੀ ਵਾਹਨਾਂ ਤੇ ਹੂਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ|
ਕਈ ਵਾਰ ਤਾਂ ਅਜਿਹਾ ਵੀ ਵੇਖਣ ਵਿੱਚ ਆਉਂਦਾ ਹੈ ਕਿ ਅਜਿਹਾ ਕੋਈ ਸਰਕਾਰੀ ਵਾਹਨ ਹੂਟਰ ਵਜਾਉਂਦਾ ਲੰਘ ਰਿਹਾ ਹੁੰਦਾ ਹੈ ਪਰੰਤੂ ਉਸ ਵਾਹਨ ਦੀ ਵਰਤੋਂ ਉਕਤ ਵੀ. ਵੀ. ਆਈ ਪੀ. ਦੇ ਕਿਸੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਨੂੰ ਕਿਤੇ ਲਿਆਉਣ- ਲਿਜਾਉਣ ਜਾਂ ਵਾਹਨ ਦੇ ਡ੍ਰਾਈਵਰ ਜਾਂ ਘਰ ਦੇ ਕਿਸੇ ਨੌਕਰ ਵਲੋਂ ਮਾਰਕੀਟ ਤੋਂ ਕੋਈ ਸਾਮਾਨ ਲਿਆਉਣ ਜਾਂ ਘਰ ਦੇ ਕਿਸੇ ਹੋਰ ਨਿਜੀ ਕੰਮ ਲਈ ਹੀ ਕੀਤੀ ਜਾ ਰਹੀ ਹੁੰਦੀ ਹੈ| ਇਸ ਦੌਰਾਨ ਇਹਨਾਂ ਗੱਡੀਆਂ ਤੇ ਵੱਜਣ ਵਾਲੇ ਹੂਟਰ ਦੀ ਆਵਾਜ ਨਾਲ ਸੜਕਾਂ ਤੇ ਆਵਾਜਾਈ ਤਾਂ ਪ੍ਰਭਾਵਿਤ ਹੁੰਦੀ ਹੀ ਹੈ ਆਮ ਲੋਕਾਂ ਨੂੰ ਪਰੇਸ਼ਾਨੀ ਵੀ ਸਹਿਣੀ ਪੈਂਦੀ ਹੈ|
ਇਸੇ ਤਰ੍ਹਾਂ ਸ਼ਹਿਰ ਦੀਆਂ ਸੜਕਾਂ ਤੇ ਨੌਜਵਾਨਾਂ ਦੇ ਅਜਿਹੇ ਟੋਲੇ ਵੀ ਆਮ ਦਿਖ ਜਾਂਦੇ ਹਨ ਜਿਹੜੇ ਇਕੱਠੇ ਹੋ ਕੇ ਖੁੱਲੀਆਂ ਜੀਪਾਂ ਜਾਂ ਦੋਪਹੀਆ ਵਾਹਨਾਂ ਤੇ ਗੇੜੀਆਂ ਲਗਾਉਂਦੇ ਅਤੇ ਖਰਮਸਤੀਆਂ ਕਰਦੇ ਹਨ| ਨੌਜਵਾਨਾਂ ਦੇ ਇਹਨਾਂ ਟੋਲਿਆਂ ਵਲੋਂ ਵਰਤੇ ਜਾਣ ਵਾਲੇ ਅਜਿਹੇ ਜਿਆਦਾਤਰ ਵਾਹਨਾਂ ਵਿੱਚ ਬਹੁਤ ਤਿੱਖੀ ਆਵਾਜ ਵਾਲੇ ਪ੍ਰੈਸ਼ਰ ਹਾਰਨ ਲੱਗੇ ਹੁੰਦੇ ਹਨ ਜਿਹੜੇ ਆਮ ਬੰਦੇ ਦੀ ਜਾਨ ਕੱਢਣ ਤਕ ਜਾਂਦੇ ਹਨ| ਇਹ ਟੋਲੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤਾਂ ਕਰਦੇ ਹੀ ਹਨ, ਆਮ ਲੋਕਾਂ ਵਿੱਚ ਦਹਿਸ਼ਤ ਦਾ ਪਸਾਰ ਵੀ ਕਰਦੇ ਹਨ| ਸੜਕ ਤੇ ਸਹਿਜ ਸੁਭਾਵ ਤੁਰੇ ਜਾ ਰਹੇ ਬਜੁਰਗਾਂ, ਬੱਚਿਆਂ, ਮਹਿਲਾਵਾਂ, ਸਾਈਕਲ ਸਵਾਰਾਂ ਆਦਿ ਦੇ ਨੇੜੇ ਆ ਕੇ ਜਦੋਂ ਅਜਿਹਾ ਕੋਈ ਸ਼ਰਾਰਤੀ ਟੋਲਾ ਅਚਾਨਕ ਆਪਣੇ ਵਾਹਨਾਂ ਦੇ ਹਾਰਨ ਵਜਾਉਣੇ ਸ਼ੁਰੂ ਕਰਦਾ ਹੈ ਤਾਂ ਆਮ ਆਦਮੀ ਬੁਰੀ ਤਰ੍ਹਾਂ ਤ੍ਰਭਕ ਜਾਂਦਾ ਹੈ ਅਤੇ ਇਸ ਕਾਰਣ ਕਈ ਵਾਰ ਲੋਕ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ|
ਸ਼ਹਿਰ ਦੀਆਂ ਸੜਕਾਂ ਤੇ ਅਣਅਧਿਕਾਰਤ ਤਰੀਕੇ ਨਾਲ ਹੂਟਰ ਜਾਂ ਪ੍ਰੈਸ਼ਰ ਹਾਰਨ ਵਜਾਉਣ ਦੀ ਇਹ ਕਾਰਵਾਈ ਟ੍ਰੈਫਿਕ ਨਿਯਮਾਂ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਇਸ ਤੇ ਰੋਕ ਲਗਾਉਣਾ ਟ੍ਰੈਫਿਕ ਪੁਲੀਸ ਦੀ ਜਿੰਮੇਵਾਰੀ ਬਣਦੀ ਹੈ, ਪਰੰਤੂ ਅਜਿਹੇ ਬਿਗੜੈਲ ਨੌਜਵਾਨਾਂ ਜਾਂ ਅਣਅਧਿਕਾਰਤ ਤੌਰ ਤੇ ਹੂਟਰ ਵਜਾਉਣ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਥਾਂ ਟ੍ਰੈਫਿਕ ਪੁਲੀਸ ਵੱਲੋਂ ਆਮ ਤੌਰ ਤੇ ਇਹਨਾਂ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ| ਸ਼ਾਇਦ ਇਸਦਾ ਕਾਰਨ ਇਹ ਵੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਹਨਾਂ ਲੋਕਾਂ ਦਾ ਨਾਮ ਕਿਸੇ ਨਾ ਕਿਸੇ ਅਸਰ ਰਸੂਖ ਵਾਲੇ ਵਿਅਕਤੀ ਨਾਲ ਜੁੜਿਆ ਹੁੰਦਾ ਹੈ|
ਪੁਲੀਸ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰੇ| ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਅਣਅਧਿਕਾਰਤ ਤੌਰ ਤੇ ਵੱਜਦੇ ਪ੍ਰੈਸ਼ਰ ਹਾਰਨਾਂ ਅਤੇ ਹੂਟਰਾਂ ਵਿਰੁੱਧ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ| ਟੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਕਾਰਵਾਈ ਲਈ ਜਿੰਮੇਵਾਰ ਅਨਸਰਾਂ ਨੂੰ ਕਾਨੂੰਨ ਦੀ ਪਾਲਣਾ ਲਈ ਪਾਬੰਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਾਨੂੰਨ ਦੀ ਉਲੰਘਣਾ ਦੀ ਇਸ ਕਾਰਵਾਈ ਤੇ ਰੋਕ ਲੱਗੇ ਅਤੇ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇ|

Leave a Reply

Your email address will not be published. Required fields are marked *