ਅਣਗੋਲੇ ਜਾ ਰਹੇ ਬਜੁਰਗਾਂ ਦੀ ਹੁਣ ਕੌਣ ਲਊਗਾ ਸਾਰ

ਇਕ ਰਾਸ਼ਟਰੀ ਪੱਧਰ ਦੀ ਸੰਸਥਾ ਵਲੋਂ ਪੂਰੇ ਦੇਸ਼ ਵਿੱਚ ਕੀਤੇ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਦੇਸ਼ ਭਰ ਵਿੱਚ ਬਜੁਰਗਾਂ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਨਾ ਕਰਨ ਦੇ ਮਾਮਲੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਹੈ ਅਤੇ ਦੂਜਾ ਨੰਬਰ ਹਰਿਆਣੇ ਦਾ ਹੈ| ਇਸ ਸਰਵੇਖਣ ਅਨੁਸਾਰ ਪੰਜਾਬ ਵਿੱਚ ਜਿੱਥੇ ਬਿਰਧ ਘਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਉਥੇ ਇਹਨਾਂ ਬਿਰਧ ਘਰਾਂ ਵਿੱਚ ਰਹਿਣ ਵਾਲੇ ਬਜੁਰਗਾਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ|
ਆਮ ਚਰਚਾ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਪੰਜਾਬ ਵਿੱਚ ਬਿਰਧ ਘਰਾਂ ਦੀ ਉਸਾਰੀ ਦੀ ਸ਼ੁਰੂਆਤ ਐਨ ਆਰ ਆਈ ਪੰਜਾਬੀਆਂ ਵਲੋਂ ਕਰਵਾਈ ਗਈ ਸੀ| ਇਹ ਐਨ ਆਰ ਆਈ ਖੁਦ ਤਾਂ ਵਿਦੇਸ਼ ਰਹਿੰਦੇ ਸਨ ਪਰੰਤੂ ਉਹਨਾਂ ਦੇ ਬਜੁਰਗ ਮਾਪੇ (ਜੋ ਬੁਢਾਪੇ ਕਾਰਨ ਆਪਣੀ ਸਾਂਭ ਸੰਭਾਲ ਠੀਕ ਢੰਗ ਨਾਲ ਕਰਨ ਤੋਂ ਅਸਮਰਥ ਸਨ) ਪੰਜਾਬ ਵਿੱਚ ਰਹਿੰਦੇ ਸਨ| ਇਹਨਾਂ ਬਜੁਰਗਾਂ ਦੀ ਸਾਂਭ ਸੰਭਾਲ ਲਈ ਇਹਨਾਂ ਐਨ ਆਰ ਆਈ ਪੰਜਾਬੀਆਂ ਵਲੋਂ ਬਿਰਧ ਘਰਾਂ ਦੀ ਉਸਾਰੀ ਕਰਵਾਈ ਗਈ| ਇਹਨਾਂ ਬਿਰਧ ਘਰਾਂ ਦੇ ਪ੍ਰਬੰਧਕ ਉੱਥੇ ਰਹਿਣ ਵਾਲੇ ਬੁਜੁਰਗਾਂ ਨੂੰ ਸਾਰੀਆਂ ਸੁਖ ਸੁਵਿਧਾਵਾਂ ਮੁਹਈਆ ਕਰਵਾਉਂਦੇ ਸਨ ਜਿਸਦੇ ਬਦਲੇ ਉਹ ਮੋਟੀ ਰਕਮ ਵੀ ਵਸੂਲਦੇ ਸਨ| ਬਾਅਦ ਵਿੱਚ ਇਹ ਬਿਰਧ ਘਰ ਐੈਨ ਆਰ ਆਈ ਪੰਜਾਬੀਆਂ ਦੇ ਮਾਪਿਆਂ ਦੇ ਨਾਲ ਨਾਲ ਹੋਰ ਬਜੁਰਗਾਂ ਦਾ ਸਹਾਰਾ ਵੀ ਬਣ ਗਏ| ਇਸ ਤੋਂ ਬਾਅਦ ਪੰਜਾਬ ਵਿੱਚ ਕਈ ਸੰਸਥਾਵਾਂ ਨੇ ਵੀ ਬਿਰਧ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਪੰਜਾਬ ਵਿੱਚ ਬਿਰਧ ਘਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ|
ਬਿਰਧ ਘਰਾਂ ਦੀ ਗਿਣਤੀ ਵਿੱਚ ਲਗਾਤਾਰ ਹੋਣ ਵਾਲੇ ਵਾਧੇ ਦਾ ਕਾਰਨ ਇਹ ਵੀ ਹੈ ਕਿ ਆਮ ਲੋਕ ਹੁਣ ਆਪਣੇ ਬਜੁਰਗਾਂ ਨੂੰ ਆਪਣੇ ਘਰਾਂ ਵਿੱਚ ਰੱਖਣ ਤੋਂ ਇਨਕਾਰੀ ਹੋਣ ਲੱਗ ਗਏ ਹਨ| ਜਿਆਦਾਤਰ ਵਿਅਕਤੀ ਅਜਿਹੇ ਹਨ ਜਿਹੜੇ ਆਪਣੀ ਨਵੀਂ ਕੋਠੀ ਜਾਂ ਮਕਾਨ ਬਣਾਉਣ ਵੇਲੇ ਉਸ ਵਿੱਚ ਆਪਣੇ ਬੱਚਿਆਂ ਤਕ ਲਈ ਵੱਖੋ ਵਖਰੇ ਕਮਰੇ ਬਣਾਉਂਦੇ ਹਨ ਪਰ ਆਪਣੇ ਬਜੁਰਗਾਂ ਦੇ ਲਈ ਉਹ ਕੋਈ ਕਮਰਾ ਨਹੀਂ ਬਣਾਉਂਦੇ| ਇਹਨਾਂ ਬਜੁਰਗਾਂ ਨੂੰ ਫਿਰ ਗਰਮੀ- ਸਰਦੀ ਬਰਾਂਡੇ ਵਿੱਚ ਜਾਂ ਫਿਰ ਨੌਕਰਾਂ ਲਈ ਬਣਾਏ ਕਮਰੇ ਵਿੱਚ ਹੀ ਜਿੰਦਗੀ ਗੁਜਾਰਨੀ ਪਂੈਦੀ ਹੈ| ਜਿਹਨਾਂ ਘਰਾਂ ਵਿੱਚ ਦੋ ਤਿੰਨ ਭਰਾ ਹੁੰਦੇ ਹਨ ਉਹਨਾਂ ਵਿੱਚੋਂ ਕਈ ਅਜਿਹੇ ਹਨ ਜਿਹੜੇ ਆਪਣੀ ਜਾਇਦਾਦ ਵੰਡਣ ਦੇ ਨਾਲ ਹੀ ਆਪਣੇ ਬਜੁਰਗਾਂ ਨੂੰ ਵੀ ਵੰਡ ਲੈਂਦੇ ਹਨ| ਇਕ ਭਰਾ ਪਿਤਾ ਨੂੰ ਲੈ ਜਾਂਦਾ ਹੈ, ਦੂਜਾ ਭਰਾ ਮਾਂ ਨੂੰ ਆਪਣੇ ਕੋਲ ਰੱਖ ਲੈਂਦਾ ਹੈ| ਕਈ ਥਾਂਵਾਂ ਉਪਰ ਤਾਂ ਧੀਆਂ ਹੀ ਆਪਣੇ ਬਜੁਰਗ ਮਾਪਿਆਂ ਦੀ ਦੇਖਭਾਲ ਕਰਦੀਆਂ ਹਨ|
ਇਹ ਕੁਦਰਤ ਦਾ ਨਿਯਮ ਹੈ ਕਿ ਬਜੁਰਗ ਬੱਚਿਆਂ ਵਾਂਗ ਹਰਕਤਾਂ ਕਰਨ ਲੱਗਦੇ ਹਨ ਅਤੇ ਉਹ ਹਰ ਗਲ ਛੇਤੀ ਹੀ ਭੁੱਲ ਜਾਂਦੇ ਹਨ| ਇਸੇ ਕਾਰਨ ਉਹ ਹਰ ਗੱਲ ਵਾਰ ਵਾਰ ਆਪਣੇ ਬਚਿਆਂ ਤੋਂ ਪੁਛਦੇ ਹਨ ਪਰੰਤੂ ਸਭ ਕੁੱਝ ਸਮਝਣ ਦੇ ਬਾਵਜੂਦ ਉਹਨਾਂ ਦੇ ਬੱਚੇ ਉਹਨਾਂ ਉੱਪਰ ਖਿੱਝ ਜਾਂਦੇ ਹਨ| ਇਹ ਲੋਕ ਆਪਣਾ ਬਚਪਣ ਭੁੱਲ ਜਾਂਦੇ ਹਨ ਕਿਉਂਕਿ ਬਚਪਣ ਵਿੱਚ ਇਹੀ ਕੁੱਝ ਇਹਨਾਂ ਨੇ ਖੁਦ ਨੇ ਕੀਤਾ ਹੁੰਦਾ ਹੈ| ਬਚਪਣ ਦੌਰਾਨ ਬੱਚੇ ਵੀ ਇਕੋ ਹੀ ਗੱਲ ਨੂੰ ਵਾਰ ਵਾਰ ਪੁੱਛਦੇ ਰਹਿੰਦੇ ਹਨ ਪਰ ਜੇ ਉਹਨਾਂ ਦੇ ਬਜੁਰਗ ਉਹਨਾਂ ਤੋਂ ਕੋਈ ਗੱਲ ਦੁਬਾਰਾ ਪੁੱਛ ਲੈਣ ਤਾਂ ਉਹ ਬਜੁਰਗਾਂ ਨੂੰ ਮੰਦਾ ਚੰਗਾ ਵੀ ਬੋਲ ਦਿੰਦੇ ਹਨ ਜਿਸ ਕਰਕੇ ਬਜੁਰਗ ਵਿਚਾਰੇ ਆਪਣਾ ਮਨ ਮਸੋਸ ਕੇ ਰਹਿ ਜਾਂਦੇ ਹਨ|
ਪੰਜਾਬ ਦੇ ਵੱਡੀ ਗਿਣਤੀ ਘਰਾਂ ਵਿੱਚ ਬਜੁਰਗਾਂ ਦੀ ਹਾਲਤ ਚਿੰਤਾਜਨਕ ਹੈ| ਕਈ ਘਰਾਂ ਵਿੱਚ ਤਾਂ ਬਜੁਰਗ ਇਕੱਲੇ ਰਹਿ ਕੇ ਘਰ ਦੀ ਰਾਖੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਬੱਚੇ ਵਿਦੇਸ਼ ਜਾਂ ਦੂਜੇ ਸ਼ਹਿਰ ਉਡਾਰੀ ਮਾਰ ਗਏ ਹਨ| ਬਜੁਰਗਾਂ ਦੀ ਅਣਦੇਖੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਬਜੁਰਗਾਂ ਦੀਆਂ ਪਰੇਸ਼ਾਨੀਆਂ ਵੀ ਵੱਧ ਰਹੀਆਂ ਹਨ|
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹਨਾਂ ਬਜੁਰਗਾਂ ਨੇ ਆਪਣੀ ਪੂਰੀ ਜਿੰਦਗੀ ਦੇਸ਼ ਅਤੇ ਸਮਾਜ ਦੇ ਲੇਖੇ ਲਗਾਈ ਹੈ ਅਤੇ ਇਹ ਸਾਡਾ ਸਰਮਾਇਆ ਹਨ ਜਿਹਨਾਂ ਦੀ ਉਚਿਤ ਦੇਖਭਾਲ ਅਤੇ ਸਾਂਭ ਸੰਭਾਲ ਦੇ ਪ੍ਰਬੰਧ ਕੀਤੇ ਜਾਣੇ ਜਰੂਰੀ ਹਨ| ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਏ ਕਿ ਬਜੁਰਗਾਂ ਨੂੰ ਉਚਿਤ ਮਾਣ ਸਨਮਾਣ ਮਿਲੇ ਅਤੇ ਜਿੰਦਗੀ ਦੀ ਸ਼ਾਮ ਦੌਰਾਨ ਉਹਨਾਂ ਦੀ ਲੋੜੀਂਦੀ ਦੇਖਭਾਲ ਕੀਤੀ ਜਾਵੇ ਤਾਂ ਜੋ ਸਾਡੇ ਇਹ ਬਜੁਰਗ ਆਪਣੀ ਬਚੀ ਖੁਚੀ ਜਿੰਦਗੀ ਆਰਾਮ ਅਤੇ ਸਨਮਾਨ ਨਾਲ ਜੀ ਸਕਣ|

Leave a Reply

Your email address will not be published. Required fields are marked *