ਅਣਢੱਕੇ ਡੰਪਿੰਗ ਪਾਇੰਟ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਉਦਯੋਗਿਕ ਖੇਤਰ ਵਿੱਚ ਫੈਕਟ੍ਰੀਆਂ ਦੇ ਸਾਹਮ੍ਹਣੇ ਪੈਂਦੀ ਗ੍ਰੀਨ ਬੈਲਟ ਵਿੱਚ ਹੈ ਡੰਪਿਗ ਪਾਇੰਟ, ਸਾਰਾ ਦਿਨ ਖੜ੍ਹੀਆਂ ਰਹਿੰਦੀਆਂ ਹਨ ਦਰਜਨਾਂ ਦੀ ਗਿਣਤੀ ਵਿੱਚ ਆਵਾਰਾ ਗਊਆਂ


ਐਸ ਏ ਐਸ ਨਗਰ, 2 ਦਸੰਬਰ (ਸ.ਬ.) ਫੇਜ਼ 7  ਉਦਯੋਗਿਕ  ਖੇਤਰ ਵਿੱਚ ਪਾਣੀ ਦੀ ਟੈਂਕੀ ਦੇ ਸਾਮ੍ਹਣੇ ਵਾਲੀ ਗ੍ਰੀਨ ਬੈਲਟ ਵਿੱਚ ਪਲਾਟ ਨੰਬਰ ਸੀ 88 ਦੇ ਸਾਹਮਣੇ ਨਗਰ ਨਿਗਮ ਵਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ ਜੀ ਟੀ) ਦੀਆਂ ਹਿਦਾਇਤਾਂ ਦੀ ਉਲੰਘਣਾ ਕਰਕੇ ਬਣਾਏ ਗਏ ਖੁੱਲੇ ਡੰਪਿੰਗ ਪਾਇੰਟ ਗਰਾਉਂਡ ਕਾਰਨ ਇਸ ਖੇਤਰ ਵਿੱਚ ਬਿਮਾਰੀ ਫੈਲਣ ਦਾ ਖਤਰਾ ਮੰਡਰਾ ਰਿਹਾ ਹੈ| ਕਾਨੂੰਨ ਅਨੁਸਾਰ ਕਿਸੇ ਖੁੱਲੀ ਥਾਂ ਤੇ ਕੂੜਾ ਇਕੱਠਾ ਨਹੀਂ ਕੀਤਾ ਜਾ ਸਕਦਾ ਪਰੰਤੂ ਨਗਰ ਨਿਗਮ ਵਲੋਂ ਇਸ ਡੰਪਿਗ ਪਾਇੰਟ ਦੇ ਆਲੇ ਦੁਆਲੇ (ਤਿੰਨ ਪਾਸੇ) ਦੋ ਫੁੱਟ ਦੀ ਚਾਰ ਦਿਵਾਰੀ ਬਣਾ ਕੇ ਕੰਮ ਸਾਰ ਲਿਆ ਗਿਆ ਹੈ ਅਤੇ ਇਸ ਥਾਂ ਤੇ ਹਰ ਪਾਸੇ ਗੰਦਗੀ ਅਤੇ ਕੂੜੇ ਦੀ ਭਰਮਾਰ ਹੈ| ਇੱਥੇ ਇਕੱਠਾ ਹੋਣ ਵਾਲੇ ਕੂੜੇ ਤੋਂ ਬਹੁਤ ਦੂਰ ਦੂਰ ਤਕ ਗੰਦੀ ਬਦਬੂ ਉਠਦੀ ਹੈ, ਜਿਸ ਕਾਰਨ ਇਲਾਕੇ ਦੇ ਉਦਯੋਗਪਤੀਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ| 
ਸਥਾਨਕ ਉਦਯੋਗਪਤੀ ਸ੍ਰ ਐਚ ਪੀ ਸਿੰਘ ਨੇ ਦਸਿਆ ਕਿ ਨਗਰ ਨਿਗਮ ਵਲੋਂ ਇਹ ਡੰਪਿੰਡ ਪਾਇੰਟ ਐਨ ਜੀ ਟੀ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਕੇ ਬਣਾਇਆ ਗਿਆ ਹੈ ਕਿਉਂਕਿ ਇਸ ਤਰੀਕੇ ਨਾਲ ਖੁੱਲੇ ਵਿੱਚ ਕੂੜਾ ਇਕੱਠਾ ਨਹੀਂ ਕੀਤਾ ਜਾ ਸਕਦਾ| ਉਹਨਾਂ ਕਿਹਾ ਕਿ ਗ੍ਰੀਨ ਬੈਲਟ ਵਿੱਚ ਦੋ ਫੁੱਟ ਦੀ ਚਾਰਦਿਵਾਰੀ ਕਰਕੇ ਬਣਾਏ ਗਏ ਇਸ ਡੰਪਿੰਗ ਪਾਇੰਟ ਦੇ ਬਿਲਕੁਲ ਨਾਲ ਸਫਾਈ ਮਜਦੂਰਾਂ ਨੇ ਤਿਰਪਾਲ ਲਗਾ ਕੇ ਆਪਣੇ ਬੈਠਣ ਦਾ ਇੰਤਜਾਮ ਕੀਤਾ ਹੋਇਆ ਹੇ ਜਿੱਥੇ ਉਹ ਸਾਰਾ ਦਿਨ ਕੂੜੇ ਨੂੰ ਛਾਣ ਕੇ ਉਸ ਵਿੱਚੋਂ ਵਿਕਣਯੋਗ ਕਬਾੜ (ਲਿਫਾਫੇ, ਲੋਹਾ ਅਤੇ ਹੋਰ ਸਾਮਾਨ) ਇਕੱਠਾ ਕਰਦੇ ਰਹਿੰਦੇ ਹਨ| ਇਸਤੋਂ ਇਲਾਵਾ ਇੱਥੇ ਦਰਜਨਾਂ ਦੀ ਗਿਣਤੀ ਵਿੱਚ ਆਵਾਰਾ ਗਊਆਂ ਇਕੱਠੀਆ ਹੋ ਜਾਂਦੀਆ ਹਨ ਜਿਹੜੀਆਂ ਸਾਰਾ ਦਿਨ ਕੁੜੇ ਦੀ ਫਰੋਲਾ ਫਰੋਲੀ ਕਰਕੇ ਇੱਧਰ ਉੱਧਰ ਖਿਲਾਰ ਦਿੰਦੀਆਂ ਹਨ ਅਤੇ ਇਸ ਕਾਰਨ ਦੂਰ ਦੂਰ ਤਕ ਗੰਦਗੀ ਫੈਲੀ ਰਹਿੰਦੀ ਹੈ| 
ਉਹਨਾਂ ਦੱਸਿਆ ਕਿ ਇਸ ਸੰਬੰਧੀ ਉਦਯੋਗਪਤੀਆਂ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਡੰਪਿੰਗ ਮੈਦਾਨ ਵਿਚ ਫੈਲੀ ਗੰਦਗੀ ਦੀਆਂ ਤਸਵੀਰਾਂ ਭੇਜ ਕੇ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਤਕ ਕੋਈ ਕਾਰਵਾਈ ਨਹਂੀਂ ਹੋਈ| ਉਹਨਾਂ ਕਿਹਾ ਕਿ ਇਸ ਕੂੜੇ ਗੰਦਗੀ ਦੀ ਬਹੁਤ ਦੂਰ ਤਕ ਬਦਬੂ ਉਠਦੀ ਹੈ, ਜਿਸ ਕਾਰਨ ਇਲਾਕੇ ਦੇ ਉਦਯੋਗਪਤੀ ਬਹੁਤ ਤੰਗ ਹਨ| ਉਹਨਾਂ ਕਿਹਾ ਕਿ ਬਰਸਾਤ ਦੌਰਾਨ ਇਹ ਗੰਦਗੀ ਬਰਸਾਤੀ ਪਾਣੀ ਦੇ ਨਿਕਾਸੀ ਨਾਲਿਆਂ ਵਿਚ ਫਸ ਜਾਂਦੀ ਹੈ, ਜਿਸ ਕਾਰਨ ਬਰਸਾਤੀ ਨਾਲੇ ਬਲਾਕ ਹੋ ਜਾਂਦੇ ਹਨ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਹੋਣੀ ਬੰਦ ਹੋ ਜਾਂਦੀ ਹੈ|
ਉਹਨਾਂ ਕਿਹਾ ਕਿ ਜੇ ਇਸ ਥਾਂ ਤੋਂ ਕੂੜਾ ਅਤੇ ਗੰਦਗੀ ਨਾ ਚੁਕਵਾਈ ਗਈ ਤਾਂ ਉਦਯੋਗਪਤੀ ਇਸ ਥਾਂ ਤੋਂ ਗੰਦਗੀ ਦੀ ਟਰਾਲੀ ਭਰਕੇ ਨਗਰ ਨਿਗਮ ਦੇ ਅਧਿਕਾਰੀਆ ਦੇ ਘਰਾਂ ਦੇ ਬਾਹਰ ਸੁਟਵਾ ਦੇਣਗੇ ਤਾਂ ਜੋ ਇਹਨਾਂ ਅਧਿਕਾਰੀਆਂ ਨੂੰ ਵੀ ਪਤਾ ਲੱਗੇ ਕਿ ਜਦੋਂ ਘਰ ਦੇ ਬਾਹਰ ਗੰਦਗੀ ਬਦਬੂ ਮਾਰਦੀ ਹੈ ਤਾਂ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ| ਉਹਨਾਂ ਕਿਹਾ ਕਿ ਉਹ ਇਸ ਸੰਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਦੇ ਖਿਲਾਫ ਕੇਸ ਪਾਉਣਗੇ ਅਤੇ ਇਸ ਮਾਮਲੇ ਵਿੱਚ ਸੰਬੰਧਿਤ ਅਧਿਕਾਰੀਆਂ ਨੂੰ ਪਾਰਟੀ ਬਣਾਇਆ ਜਾਵੇਗਾ| 
ਸੰਪਰਕ ਕਰਨ ਤੇ ਨਗਰ ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ਸ੍ਰ. ਹਰਬੰਤ ਸੋੰਘ ਨੇ ਕਿਹਾ ਕਿ ਇਸ ਥਾਂ ਤੇ ਨਵੇਂ ਡੰਪਿਗ ਪਾਇੰਟ ਦੀ ਉਸਾਰੀ ਕੀਤੀ ਜਾਵੇਗੀ ਜਿਹੜਾ ਸਾਰੇ ਪਾਸੇ ਤੋਂ ਬੰਦ ਹੋਵੇਗਾ| ਉਹਨਾਂ ਕਿਹਾ ਕਿ ਇਸ ਸੰਬੰਧੀ ਐਸਟੀਮੇਟ ਬਣ ਚੁੱਕਿਆ ਹੈ ਅਤੇ ਨਵਾਂ ਪਾਇੰਟ ਛੇਤੀ ਹੀ ਤਿਆਰ ਹੋ ਜਾਵੇਗਾ| ਗੰਦਗੀ ਦੀ ਸਮੱਸਿਆ ਬਾਰੇ ਉਹਨਾਂ ਕਿਹਾ ਕਿ ਨਿਗਮ ਵਲੋਂ ਹਰ ਦੂਜੇ ਦਿਨ ਇੱਥੇ ਸਫਾਈ ਕਰਵਾਈ ਜਾਂਦੀ ਹੈ ਅਤੇ ਉਹ ਖੁਦ ਉਦਯੋਗਪਤੀਆਂ ਨੂੰ ਮਿਲ ਕੇ ਉਹਨਾਂ ਦੀਆਂ ਸ਼ਿਕਾਇਤਾਂ ਦੂਰ             ਕਰਣਗੇ|

Leave a Reply

Your email address will not be published. Required fields are marked *