ਅਣਪਛਾਤੇ ਵਿਅਕਤੀਆਂ ਵਲੋਂ ਖੋਹੇ ਆਪਣੇ ਪਾਲਤੂ ਕੁੱਤੇ ਨੂੰ ਲੱਭਣ ਲਈ ਥਾਂ ਥਾਂ ਭਟਕ ਰਹੀ ਹੈ ਕੁੱਤੇ ਦੀ ਮਾਲਕਣ


ਐਸ ਏ ਐਸ ਨਗਰ, 20 ਅਕਤੂਬਰ (ਸ.ਬ.) ਅੱਜ ਦੇ  ਆਪਾਧਾਪੀ ਦੇ ਯੁੱਗ ਵਿਚ ਜਦੋਂ ਇਨਸਾਨ ਹੀ ਇਨਸਾਨ ਦਾ ਵੈਰੀ ਬਣਿਆ ਹੋਇਆ ਹੈ, ਉਦੋਂ ਕੁਝ ਲੋਕ ਅਜਿਹੇ ਵੀ ਮੌਜੂਦ ਹਨ ਜੋ ਕਿ ਜਾਨਵਰਾਂ ਨੂੰ ਵੀ ਇਨਸਾਨਾਂ  ਵਾਂਗ ਪਿਆਰ ਕਰਦੇ ਹਨ| ਇਸਦੀ ਮਿਸਾਲ ਸੈਕਟਰ 68 ਐਸ ਏ ਐਸ ਨਗਰ ਦੀ ਵਸਨੀਕ ਸੁਖਵਿੰਦਰ ਕੌਰ ਤੋਂ ਮਿਲਦੀ ਹੈ| 
ਸੁਖਵਿੰਦਰ ਕੌਰ ਨੇ ਦੱਸਿਆ ਕਿ  ਉਹ ਬੀਤੀ 11 ਅਕਤੂਬਰ ਨੂੰ ਰਾਤ ਕਰੀਬ ਸਵਾ ਅੱਠ ਵਜੇ ਆਪਣੇ ਪਾਲਤੂ ਕੁਤੇ ਡੋਡੋ ਨੂੰ ਸੈਕਟਰ 68 ਵਿਚ ਸੈਰ ਕਰਵਾ ਰਹੀ ਸੀ| ਇਸ ਦੌਰਾਨ ਇੱਕ ਅਣਪਛਾਤੇ ਮੋਟਰ ਸਾਈਕਲ ਉਪਰ ਆਏ ਦੋ ਅਣਜਾਣ ਵਿਅਕਤੀ ਉਸਦਾ ਕੁੱਤਾ ਉਸ ਤੋਂ  ਖੋਹ ਕੇ ਲੈ ਗਏ| ਉਸਨੇ ਦਸਿਆ ਕਿ ਇਸ ਕੁੱਤੇ ਦੀ ਭਾਲ ਲਈ ਉਹ ਮੁਹਾਲੀ ਸਮੇਤ ਵੱਖ ਵੱਖ ਇਲਾਕਿਆਂ ਵਿੱਚ ਘੁੰਮ ਚੁਕੀ ਹੈ ਅਤੇ ਇਸ ਕੁੱਤੇ ਦੀ ਭਾਲ ਲਈ ਪੋਸਟਰ ਵੀ ਲਗਾਏ ਹਨ, ਪਰ ਅਜੇ ਤਕ ਉਸਦੇ ਕੁੱਤੇ ਦਾ ਕੁਝ ਪਤਾ ਨਹੀਂ ਲਗਿਆ| 
ਉਹਨਾਂ ਦਸਿਆ ਕਿ ਉਹਨਾਂ ਦੇ ਕੁੱਤੇ ਦਾ ਨਾਮ ਡੋਡੋ, ਨਸਲ ਡੈਸਹੁੱਡ ਅਤੇ ਰੰਗ ਭੁਰਾ ਹੈ| ਉਹਨਾਂ ਨੇ ਇਹ ਕੁੱਤਾ  ਮਾਡਲ ਟਾਊਣ ਲੁਧਿਆਣਾ ਤੋਂ ਸਾਲ 2018 ਵਿਚ ਛੇ ਹਜਾਰ ਰੁਪਏ ਵਿਚ ਖਰੀਦਿਆ ਸੀ| ਉਹਨਾਂ ਕਿਹਾ ਕਿ ਜੋ ਵਿਅਕਤੀ ਉਹਨਾਂ ਦਾ ਕੁੱਤਾ ਲਭ ਕੇ ਲਿਆਵੇਗਾ, ਉਹ ਉਸ ਨੂੰ ਵੀਹ ਹਜਾਰ ਰੁਪਏ ਇਨਾਮ ਵਜੋਂ                   ਦੇਵੇਗੀ| ਉਹਨਾਂ ਕਿਹਾ ਕਿ ਜਦੋਂ ਤੋਂ ਉਹਨਾਂ ਦਾ ਕੁੱਤਾ ਖਿਹਆ ਗਿਆ ਹੈ, ਉਹ ਉਦੋਂ ਤੋਂ ਉਦਾਸ ਹਨ ਅਤੇ ਹਰ ਸਮੇਂ ਆਪਣੇ ਪਾਲਤੂ ਕੁੱਤੇ ਦੀ ਭਾਲ ਕਰਦੇ ਰਹਿੰਦੇ ਹਨ| 
ਮੁਹਾਲੀ ਪੁਲੀਸ ਵਲੋਂ ਸੁਖਵਿੰਦਰ ਕੌਰ ਦੀ ਸ਼ਿਕਾਇਤ ਤੇ ਉਸਦਾ ਪਾਲਤੂ ਕੁੱਤਾ ਖੋਹੇ ਜਾਣ ਸੰਬੰਧੀ ਥਾਣਾ ਫੇਜ 8 ਵਿੱਚ ਦੋ ਵਿਅਕਤੀਆਂ ਵਿਰੁੱਧ ਐਫ ਆਈ ਆਰ ਕਰ ਲਈ ਹੈ| 

Leave a Reply

Your email address will not be published. Required fields are marked *