ਅਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਨੇ ਕਾਲੇ ਚੋਗੇ ਪਾ ਕੇ ਐਸ.ਐਸ.ਪੀ. ਦਫ਼ਤਰ ਅੱਗੇ ਦਿੱਤਾ ਰੋਸ ਧਰਨਾ, ਨਿਗਮ ਦਫ਼ਤਰ ਅੱਗੇ ਭੰਨੇ ਘੜੇ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਇੱਕੱਠੇ ਹੋਏ ਲੋਕਾਂ ਨੇ ਅੱਜ ਮੁਹਾਲੀ ਦੇ ਪੁਲੀਸ, ਸਿਵਲ ਪ੍ਰਸ਼ਾਸਨ ਅਤੇ ਨਗਰ ਨਿਗਮ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ| ਪ੍ਰਦਰਸ਼ਨਕਾਰੀਨਾਂ ਨੇ ਪਹਿਲਾਂ ਕਾਲੇ ਚੋਗੇ ਪਾ ਕੇ ਐਸ. ਐਸ. ਪੀ. ਮੁਹਾਲੀ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲੀਸ ਵੱਲੋਂ ਵੱਖ ਵੱਖ ਕੇਸਾਂ ਵਿੱਚ ਕੀਤੀ ਜਾਂਦੀ ਢਿੱਲੀ ਅਤੇ ਪੱਖਪਾਤੀ ਕਾਰਵਾਈ ਦਾ ਵਿਰੋਧ ਜਤਾਇਆ| ਉਸ ਉਪਰੰਤ ਇਕੱਠੇ ਹੋਏ ਲੋਕਾਂ ਨੇ ਪਿੰਡ ਕੁੰਭੜਾ ਦੀਆਂ ਵੱਖ ਵੱਖ ਸਮੱਸਿਆਵਾਂ ਨੂੰ ਹੱਲ ਨਾ ਕਰਨ ਲਈ ਨਗਰ ਨਿਗਮ ਦਫ਼ਤਰ ਦੇ ਅੱਗੇ ਘੜੇ ਭੰਨ ਕੇ ਆਪਣਾ ਰੋਸ ਜ਼ਾਹਿਰ ਕੀਤਾ|
ਇਸ ਮੌਕੇ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਪ੍ਰਸ਼ਾਸਨ ਨੂੰ ਕੋਸਿਆ ਅਤੇ ਮੰਗ ਕੀਤੀ ਕਿ ਗਰੀਬ ਲੋਕਾਂ ਨਾਲ ਧੱਕੇਸ਼ਾਹੀਆਂ ਤੇ ਰੋਕ ਲਗਾਈ ਜਾਵੇ ਅਤੇ ਲੋਕਾਂ ਖਿਲਾਫ਼ ਦਰਜ ਕੀਤੇ ਝੂਠੇ ਕੇਸਾਂ ਦੀ ਨਿਰਪੱਖ ਜਾਂਚ ਹੋਵੇ| ਐਸ.ਐਸ.ਪੀ. ਮੁਹਾਲੀ ਦਫ਼ਤਰ ਅੱਗੇ ਦਿੱਤੇ ਗਏ ਧਰਨੇ ਮੌਕੇ ਪਿੰਡ ਧੜਾਕ ਦੇ ਵਸਨੀਕ ਗਿਆਨ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਅਜੇਵੀਰ ਸਿੰਘ ਅਤੇ ਗੁਰਿੰਦਰ ਸਿੰਘ ਉਰਫ਼ ਸੰਨੀ ਉਤੇ ਮਜਾਤ ਪੁਲੀਸ ਚੌਂਕੀ ਵਿੱਚ ਕਿਡਨੈਪਿੰਗ ਦਾ ਝੂਠਾ ਕੇਸ ਦਰਜ ਕੀਤਾ ਗਿਆ ਸੀ| ਉਸ ਕੇਸ ਦੀ ਨਿਰਪੱਖ ਜਾਂਚ ਦੀ ਮੰਗ ਵਾਰ ਵਾਰ ਕਰਨ ਤੇ ਵੀ ਪੁਲੀਸ ਵੱਲੋਂ ਜਾਂਚ ਨਹੀਂ ਕੀਤੀ ਜਾ ਰਹੀ ਹੈ| ਇਸ ਮੌਕੇ ਬਲੌਂਗੀ ਦੇ ਅਜ਼ਾਦ ਨਗਰ ਕਾਲੋਨੀ ਦੀ ਇੱਕ ਔਰਤ ਨੇ ਦੋਸ਼ ਲਾਇਆ ਕਿ ਉਸ ਦੀ ਕੁੱਖ ਵਿਚੋਂ ਜਨਮਿਆ ਬੱਚਾ ਅੱਜ ਵੀ ਵੁਮੈਨ ਐਂਡ ਚਾਈਲਡ ਵੈਲਫ਼ੇਅਰ ਵਿਭਾਗ ਦੇ ਕਬਜ਼ੇ ਵਿੱਚ ਹੈ ਅਤੇ ਬੱਚੇ ਦੇ ਆਪਣੀ ਕੁੱਖ ਤੋਂ ਜਨਮ ਸਬੰਧੀ ਸਾਰੇ ਸਬੂਤ ਦਿੱਤੇ ਜਾਣ ਦੇ ਬਾਵਜੂਦ ਵੀ ਉਸ ਦਾ ਬੱਚਾ ਪਿਛਲੇ ਦੋ ਮਹੀਨੇ ਤੋਂ ਉਸ ਨੂੰ ਨਹੀਂ ਮਿਲ ਰਿਹਾ ਹੈ| ਇਸ ਮੌਕੇ ਮੁੱਲਾਂਪੁਰ ਬੱਸੀ ਨਿਵਾਸੀ ਨਿਰਭੈ ਸਿੰਘ, ਪਿੰਡ ਮੱਕੜਿਆਂ ਨਿਵਾਸੀ ਅਵਤਾਰ ਸਿੰਘ, ਪਿੰਡ ਸਿਰਕੱਪੜਾ (ਫ਼ਤਿਹਗੜ੍ਹ ਸਾਹਿਬ) ਨਿਵਾਸੀ ਅਰਜਨ ਸਿੰਘ ਅਤੇ ਕੁੰਭੜਾ ਨਿਵਾਸੀ ਹਰਜਿੰਦਰ ਸਿੰਘ ਨੇ ਵੀ ਆਪਣੇ ਕੇਸਾਂ ਦੀ ਨਿਰਪੰਖ ਜਾਂਚ ਦੀ ਮੰਗ ਕੀਤੀ|
ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਨਗਰ ਨਿਗਮ ਮੁਹਾਲੀ ਦੇ ਦਫ਼ਤਰ ਅੱਗੇ ਪਹੁੰਚ ਕੇਪਿੰਡ ਕੁੰਭੜਾ ਦੇ ਬਾਹਰਲੇ ਪਾਸੇ ਪਿੰਡ ਦੀ ਫਿਰਨੀ ਨੂੰ ਪੱਕਾ ਕਰਵਾਉਣ, ਪਿੰਡ ਵਿੱਚ ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਕਾਰਨ ਟੁੱਟ ਚੁੱਕੀਆਂ ਗਲੀਆਂ ਦੀ ਮੁਰੰਮਤ ਕਰਵਾਉਣ, ਪਿੰਡ ਵਿੱਚ ਬਿਨਾ ਨਕਸ਼ੇ ਪਾਸ ਕੀਤਿਆਂ ਬਹੁਮੰਜ਼ਿਲਾ ਇਮਾਰਤਾਂ ਦੇ ਨਿਰਮਾਣ ਤੁਰੰਤ ਰੋਕਣ ਵਰਗੀਆਂ ਹੋਰ ਕਈ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ| ਇਸ ਮੌਕੇ ਸਰਵਸ੍ਰੀ ਅਵਤਾਰ ਸਿੰਘ ਮੱਕੜਿਆਂ, ਲਖਵੀਰ ਸਿੰਘ ਬਡਾਲਾ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਸਰਪੰਚ ਸੁਰਮੁਖ ਸਿੰਘ ਝੰਜੇੜੀ, ਸਰਪੰਚ ਗੁਰਮੇਲ ਸਿੰਘ ਮੱਕੜਿਆਂ, ਹਰਦੀਪ ਸਿੰਘ, ਬੀਬੀ ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਪਰਮਜੀਤ ਕੌਰ, ਅਨੀਤਾ ਏਕਤਾ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *