ਅਦਾਲਤ ਵਲੋਂ ਫੇਜ਼ 4 ਦੇ ਗੁਰਦੁਆਰੇ ਵਿੱਚ ਹੋਏ ਝਗੜੇ ਦੇ ਮਾਮਲੇ ਵਿੱਚ ਥਾਣਾ ਫੇਜ਼ 1 ਦੇ ਐਸ ਐਚ ਓ ਨੂੰ 27 ਨਵੰਬਰ ਤਕ ਰਿਪੋਰਟ ਦਾਖਿਲ ਕਰਨ ਦੇ ਹੁਕਮ


ਐਸ ਏ ਐਸ ਨਗਰ, 24 ਨਵੰਬਰ (ਸ.ਬ.) ਮੁਹਾਲੀ ਦੀ ਜੁਡੀਸ਼ੀਅਲ ਮੈਜਿਸਟਰੇਟ  ਫਸਟ ਕਲਾਸ ਜੈਸਿਕਾ ਸੂਦ ਵਲੋਂ ਥਾਣਾ ਫੇਜ਼ 1 ਦੇ ਐਸ ਐਚ ਓ ਮਨਫੂਲ ਸਿੰਘ ਨੂੰ ਨੋਟਿਸ ਜਾਰੀ ਕਰਕੇ ਹੁਕਮ ਦਿਤੇ ਗਏ ਹਨ ਕਿ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ 4 ਐਸ ਏ ਐਸ ਨਗਰ ਦੇ                       ਸੇਵਾਦਾਰ ਅਮਰਜੀਤ ਸਿੰਘ ਮਾਮਲੇ ਸਬੰਧੀ ਰਿਪੋਰਟ 27 ਨਵੰਬਰ ਤਕ ਅਦਾਲਤ ਵਿੱਚ ਜਮਾ ਕਰਵਾਈ  ਜਾਵੇ| 
ਇਸ ਮਾਮਲੇ ਵਿੱਚ ਸ੍ਰ. ਅਮਰਜੀਤ ਸਿੰਘ ਵਲੋਂ ਮਾਣਯੋਗ ਅਦਾਲਤ ਵਿੱਚ ਅਪੀਲ ਦਾਖਿਲ ਕੀਤੀ ਗਈ ਸੀ ਕਿ ਉਹਨਾਂ ਨਾਲ ਗੁਰਦੁਆਰਾ ਸਾਹਿਬ ਵਿੱਚ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਪੁਲੀਸ ਨੂੰ ਮਾਮਲਾ ਦਰਜ ਕਰਨ ਦੀ ਹਿਦਾਇਤ ਦਿੱਤੀ ਜਾਵੇ| ਇਸ ਸੰਬੰਧੀ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਉਹਨਾਂ ਕਿਹਾ ਸੀ ਕਿ ਉਹ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ 4 ਵਿਚ ਸੇਵਾ ਕਰਦੇ ਹਨ ਅਤੇ ਬੀਤੀ 27 ਜੂਨ ਨੂੰ ਜਦੋਂ ਉਹ ਗੁਰਦੁਆਰਾ ਸਾਹਿਬ ਦੇ ਮੈਨੇਜਰ ਆਰ ਪੀ ਸਿੰਘ, ਖਜਾਨਚੀ ਮਲਕੀਤ ਸਿੰਘ  ਅਤੇ ਦੋ ਸੇਵਾਦਾਰਾਂ ਸਮੇਤ ਗੁਰਦੁਆਰਾ ਸਾਹਿਬ ਦੀ ਗੋਲਕ ਖੋਲਣ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਗਏ ਸਨ ਤਾਂ ਖੇਮ ਸਿੰਘ, ਜਗਤਾਰ ਸਿੰਘ, ਜਗਦੀਪ ਸਿੰਘ, ਸਰਬਜੀਤ ਸਿੰਘ, ਐਨ ਪੀ ਸਿੰਘ, ਬੀਬੀ ਕਿਰਨ ਕੌਰ ਅਤੇ 6 ਹੋਰ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਤੇ ਹਮਲਾ ਕੀਤਾ ਸੀ ਅਤ ਉਹਨਾਂ ਦੀ ਕੁੱਟਮਾਰ ਕਰਦਿਆਂ ਉਸਦੇ ਮੂੰਹ ਤੇ ਮੁੱਕੇ ਮਾਰੇ ਸਨ ਜਿਸ ਨਾਲ ਉਸਦਾ ਸਾਹਮਣੇ ਵਾਲਾ ਦੰਦ ਹਿਲ ਗਿਆ ਅਤੇ ਬੁੱਲ ਫੱਟ ਗਏ| ਇਸ ਮੌਕੇ ਉਪਰੋਕਤ ਵਿਅਕਤੀਆਂ ਵਲੋਂ ਉਸਦੀ ਦਾੜੀ ਪੁੱਟ ਕੇ ਦਾੜੀ ਦੀ ਬੇਅਦਬੀ ਵੀ ਕੀਤੀ ਗਈ ਸੀ| 
ਸ੍ਰ. ਅਮਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ ਉਪਰੋਕਤ ਮਾਮਲੇ ਦੀ ਥਾਣਾ ਫੇਜ਼ 1 ਦੀ ਪੁਲੀਸ  ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਪਰ ਥਾਣਾ ਫੇਜ਼ 1 ਦੇ ਐਸ ਐਚ ਓ ਮਨਫੂਲ ਸਿੰਘ ਵਲੋਂ ਦੋਸ਼ੀ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਉਹਨਾਂ ਵਲੋ ਮਾਣਯੋਗ ਅਦਾਲਤ ਵਿੱਚ ਇਨਸਾਫ ਲੈਣ ਲਈ ਪਟੀਸ਼ਨ ਪਾਈ ਗਈ, ਜਿਸ ਉਪਰੰਤ ਜੁਡੀਸ਼ੀਅਲ ਮੈਜਿਸਟਰੇਟ  ਫਸਟ ਕਲਾਸ ਜੈਸਿਕਾ ਸੂਦ ਵਲੋਂ ਥਾਣਾ ਫੇਜ਼ 1 ਦੇ ਐਸ ਐਚ ਓ ਮਨਫੂਲ ਸਿੰਘ ਨੂੰ ਨੋਟਿਸ ਜਾਰੀ ਕਰਕੇ ਹੁਕਮ ਦਿਤੇ ਗਏ ਹਨ ਕਿ ਇਸ  ਮਾਮਲੇ ਸਬੰਧੀ ਰਿਪੋਰਟ 27 ਨਵੰਬਰ ਤਕ ਅਦਾਲਤ ਵਿੱਚ ਜਮਾਂ ਕਰਵਾਈ ਜਾਵੇ| 
ਸੰਪਰਕ ਕਰਨ ਤ ਥਾਣਾ ਫੇਜ਼ 1 ਦੇ ਐਸ ਐਚ ਓ. ਸ੍ਰ. ਮਨਫੂਲ ਸਿੰਘ ਨੇ ਕਿਹਾ ਕਿ ਉਹਨਾਂ ਨੇ  ਹੁਣ ਤਕ ਇਹ ਹੁਕਮ ਨਹੀਂ ਦੇਖੇ ਹਨ ਅਤੇ ਅਦਾਲਤੀ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *