ਅਨੀਤਾ ਸ਼ਬਦੀਸ਼ ਨੇ ਖੋਲ੍ਹਿਆ ਸੁਚੇਤਕ ਸਕੂਲ ਆਫ ਐਕਟਿੰਗ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪੰਜਾਬੀ ਥੀਏਟਰ, ਸਿਨੇਮਾ ਤੇ ਟੀ ਵੀ ਜਗਤ ਦੀ ਜਾਣੀ-ਪਛਾਣੀ ਹਸਤੀ ਅਨੀਤਾ ਸ਼ਬਦੀਸ਼ ਨੇ ਅਦਾਕਾਰੀ ਦੀ ਦੁਨੀਆਂ ਵਿੱਚ ਸ਼ਿਰਕਤ ਕਰਨ ਦੇ ਚਾਹਵਾਨ ਨੌਜਵਾਨਾਂ ਤੇ ਮੁਟਿਆਰਾਂ ਨੂੰ ਟ੍ਰੇਨਿੰਗ ਦੇਣ ਦੇ ਮਕਸਦ ਨਾਲ਼ ਸੈਕਟਰ-71 ਵਿਖੇ ਸੁਚੇਤਕ ਸਕੂਲ ਆੱਫ ਐਕਟਿੰਗ ਦਾ ਆਗਾਜ਼ ਕੀਤਾ ਹੈ, ਜਿਸਦਾ ਉਦਘਾਟਨ ਅਦਾਕਾਰ ਸਰਦਾਰ ਸੋਹੀ ਅਤੇ ਨਾਟਕਕਾਰ ਤੇ ਨਿਰਦੇਸ਼ਕ ਡਾ. ਆਤਮਜੀਤ ਨੇ ਕੀਤਾ| ਇਸ ਮੌਕੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਅਸਾਂ ਅਦਾਕਾਰੀ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ, ਤਾਂ ਸਾਨੂੰ ਸੇਧ ਦੇਣ ਵਾਲਾ ਕੋਈ ਨਹੀਂ ਸੀ| ਅੱਜ ਦੇ ਨੌਜਵਾਨਾਂ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਅਨੀਤਾ ਸ਼ਬਦੀਸ਼ ਵਰਗੀ ਬਿਹਤਰੀਨ ਕਲਾਕਾਰ ਸੁਚੇਤਕ ਸਕੂਲ ਆੱਫ ਐਕਟਿੰਗ ਖੋਲ੍ਹ ਰਹੇ ਹਨ| ਉਨ੍ਹਾਂ ਦੱਸਿਆ ਕਿ ਮੈਂ ਲੰਮਾ ਸਮਾਂ ਮੁੰਬਈ ਦੀ ਚਮਕਦੀ ਦੁਨੀਆਂ ਵਿੱਚ ਅਦਾਕਾਰ ਵਜੋਂ ਸਥਾਪਤ ਹੋਣ ਲਈ ਸੰਘਰਸ਼ ਕੀਤਾ ਹੈ|
ਇਸ ਮੌਕੇ ਸੰਬੋਧਨ ਕਰਦਿਆਂ ਡਾ. ਆਤਮਜੀਤ ਨੇ ਕਿਹਾ ਕਿ ਥੀਏਟਰ ਅਦਾਕਾਰ ਤਾਂ ਬਣਾਉਂਦਾ ਹੀ ਹੈ, ਅਦਾਕਾਰ ਨੂੰ ਜ਼ਿੰਦਗੀ ਜੀਣ ਦਾ ਵੱਲ ਵੀ ਸਿਖਾਉਂਦਾ ਹੈ|
ਨਾਟਕਕਾਰ ਤੇ ਨਿਰਦੇਸ਼ਕ ਦੇਵਿੰਦਰ ਦਮਨ ਨੇ ਆਪਣੇ ਰੰਗਮੰਚੀ ਜੀਵਨ ਦੇ ਸਫ਼ਰ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੇ ਹਰਪਾਲ ਟਿਵਾਣਾ ਦੀ ਨਾਟਕ ਟੀਮ ਵਿੱਚ ਅਦਾਕਾਰੀ ਤੋਂ ਨਾਟਕਕਾਰ ਅਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਯੋਗਿਕ ਵੇਅ ਆੱਫ ਐਕਟਿਂਗ ਸਿਖਾਉਣ ਦਾ ਸਫਰ ਰੰਗਕਰਮੀ ਵਜੋਂ ਹੀ ਤੈਅ ਕੀਤਾ ਹੈ|
ਪ੍ਰਸਿੱਧ ਗਾਇਕ ਨਿੰਜਾ, ਜਿਸਨੇ ‘ਚੰਨਾ ਮੇਰਿਆ’ ਫ਼ਿਲਮ ਕਰਨ ਤੋਂ ਪਹਿਲਾਂ ਅਨੀਤਾ ਸ਼ਬਦੀਸ਼ ਕੋਲੋਂ ਅਦਾਕਾਰੀ ਦੇ ਗੁਰ ਸਿੱਖੇ ਸਨ, ਨੇ ਕਿਹਾ ਕਿ ਮੇਰੇ ਗਾਇਕ ਬਣਨ ਦਾ ਸਾਰਾ ਸਫ਼ਰ ਕਿਸੇ ਸੁਪਨੇ ਵਾਂਗ ਹੈ| ਇਸ ਵਿੱਚ ਮੇਰੇ ਉਸਤਾਦਾਂ ਦੀ ਭੂਮਿਕਾ ਹੈ. ਅਦਾਕਾਰੀ ਦਾ ਸੁਪਨਾ ਅਨੀਤਾ ਸ਼ਬਦੀਸ਼ ਤੋ ਗੁਰ ਸਿੱਖ ਕੇ ਹੀ ਪੂਰਾ ਹੋਇਆ ਹੈ|
ਇਸ ਮੌਕੇ ਪ੍ਰੈਸ ਨੂੰ ਮੁਖ਼ਾਤਿਬ ਹੁੰਦੇ ਹੋਏ ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਇਹ ਫ਼ੈਸਲਾ ਕਾਫੀ ਦੇਰ ਤੱਕ ਸੋਚਣ-ਵਿਚਾਰਨ ਤੋਂ ਬਾਅਦ ਲਿਆ ਗਿਆ ਹੈ| ਸਾਡੇ ਸਾਹਮਣੇ ਅਦਾਕਾਰੀ ਸਿਖ਼ਾਉਣ ਵਾਲ਼ੀਆਂ ਕਈ ਸੰਸਥਾਵਾਂ ਹਨ ਤੇ ਉਨ੍ਹਾਂ ਦਾ ਤਜ਼ਰਬਾ ਵੀ ਹੈ| ਸੁਚੇਤਕ ਸਕੂਲ ਆੱਫ ਐਕਟਿੰਗ ਟਿਕੇ ਰਹਿਣ ਤੇ ਕੁਝ ਵੱਖਰੇ ਅੰਦਾਜ਼ ਨਾਲ਼ ਸਿਖਿਅਤ ਕਰਨ ਦੇ ਮਕਸਦ ਨਾਲ਼ ਆਇਆ ਹੈ|
ਇਸ ਮੌਕੇ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਦਰਸ਼ਨ ਦਰਵੇਸ਼, ਪਾਲੀ ਭੂਪਿੰਦਰ ਸਿੰਘ, ਸਲੀਮ ਸਿਕੰਦਰ, ਰਮਨ ਢਿਲੋਂ, ਦਵੀ ਦਵਿੰਦਰ ਕੌਰ, ਆਰਟਿਸਟ ਆਰ ਐਮ ਰਾਹੀ, ਫ਼ਿਲਮ ਅਦਾਕਾਰ ਸ਼ਵਿੰਦਰ ਮਾਹਲ, ਬੀ ਬੀ ਵਰਮਾ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ ਅਤੇ ਲੱਖਾ ਲਹਿਰੀ ਤੋਂ ਇਲਾਵਾ ਫ਼ਿਲਮ ਜਗਤ ਤੇ ਰੰਗਮੰਚ ਨਾਲ਼ ਜੁੜੀਆਂ  ਅਨੇਕਾਂ ਹਸਤੀਆਂ ਸ਼ਾਮਲ ਸਨ|

Leave a Reply

Your email address will not be published. Required fields are marked *