ਅਨੁਸੂਚਿਤ ਜਾਤੀ ਦੀ ਗਰੀਬ ਔਰਤ ਨਾਲ ਮਾਰਕੁੱਟ ਕਰਨ ਅਤੇ ਜਾਤੀਸੂਚਕ ਅਪਸ਼ਬਦ ਬੋਲਣ ਵਾਲਿਆਂ ਖਿਲਾਫ਼ ਤੁਰੰਤ ਕੇਸ ਦਰਜ ਕਰੇ ਪੁਲੀਸ : ਕੁੰਭੜਾ

ਐਸ.ਏ.ਐਸ. ਨਗਰ, 18 ਜੂਨ (ਸ.ਬ.) ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਮੰਗ ਕੀਤੀ ਹੈ ਕਿ ਕੁਝ ਦਿਨ ਪਹਿਲਾਂ ਜ਼ਿਲ੍ਹਾ ਮੁਹਾਲੀ ਦੇ ਪਿੰਡ ਸਿੱਲ ਵਿਖੇ ਜਨਰਲ ਕੈਟਾਗਰੀ ਦੇ ਕੁਝ ਵਿਅਕਤੀਆਂ ਵਲੋਂ ਰਮਦਾਸੀਆ ਜਾਤੀ ਨਾਲ ਸਬੰਧਿਤ ਇਕ ਔਰਤ ਨਾਲ ਮਾਰਕੁੱਟ ਅਤੇ ਜਾਤੀਸੂਚਕ ਸ਼ਬਦਾਂ ਨਾਲ ਅਪਮਾਨਿਤ ਕਰਨ ਦੇ ਮਾਮਲੇ ਵਿਚ ਮਹਿਲਾ ਨੂੰ ਇਨਸਾਫ਼ ਦਿੱਤਾ ਜਾਵੇ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੰਟ ਦੇ ਪ੍ਰਧਾਨ ਸ੍ਰ. ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਪਿੰਡ ਸਿੱਲ ਵਿਖੇ ਬੀਬੀ ਜਸਵਿੰਦਰ ਕੌਰ ਦਾ ਕੋਈ ਭਰਾ ਨਾ ਹੋਣ ਕਾਰਨ ਉਹ ਆਪਣੇ ਪਰਿਵਾਰ ਸਮੇਤ ਆਪਣੀ ਅੱਖਾਂ ਤੋਂ ਅੰਨ੍ਹੀ ਮਾਤਾ ਦੇ ਕੋਲ ਰਹਿ ਰਹੀ ਹੈ| ਉਹਨਾਂ ਦੱਸਿਆ ਕਿ 13 ਜੂਨ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਪਿੰਡ ਵਿਚ ਕੂੜਾ ਸੁੱਟਣ ਵਾਲੀ ਥਾਂ ਤੇ ਕੂੜਾ ਸੁੱਟਣ ਲਈ ਗਈ ਸੀ| ਉਥੇ ਜਨਰਲ ਕੈਟਾਗਰੀ ਨਾਲ ਸਬੰਧਿਤ ਕੁੱਝ ਵਿਅਕਤੀਆਂ ਨੇ ਢੇਰ ਉਤੇ ਕੂੜਾ ਸੁੱਟਣ ਗਈ ਨੂੰ ਫੜ ਕੇ ਮਾਰਕੁੱਟ ਕੀਤੀ ਅਤੇ ਜਾਤੀਸੂਚਤ ਅਪਸ਼ਬਦ ਬੋਲੇ| ਜਸਵਿੰਦਰ ਕੌਰ ਮੁਤਾਬਕ ਜਿਸ ਜਗ੍ਹਾ ਤੇ ਕੂੜਾ ਸੁੱਟਿਆ ਗਿਆ ਸੀ, ਉਹ ਜਗ੍ਹਾ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਦਿੱਤੀ ਹੋਈ ਹੈ|
ਸ੍ਰ. ਕੁੰਭੜਾ ਨੇ ਕਿਹਾ ਕਿ ਜਖ਼ਮੀ ਹਾਲਤ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਖਰੜ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਇਸ ਦੀ ਸੂਚਨਾ ਪੁਲੀਸ ਨੂੰ ਵੀ ਦਿੱਤੀ ਪ੍ਰੰਤੂ ਅਜੇ ਤੱਕ ਪੁਲੀਸ ਨੇ ਕੇਸ ਦਰਜ ਹੀ ਨਹੀਂ ਕੀਤਾ|
ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੱਕ ਅਨੁਸੂਚਿਤ ਜਾਤੀ ਦੀ ਔਰਤ ਨਾਲ ਉਚ ਸ਼੍ਰੇਣੀ ਦੇ ਲੋਕਾਂ ਵੱਲੋਂ ਪਿੰਡ ਵਿੱਚ ਸ਼ਰੇਆਮ ਮਾਰਕੁੱਟ ਕਰਨ ਅਤੇ ਜਾਤੀਸੂਚਕ ਅਪਸ਼ਬਦ ਬੋਲ ਕੇ ਸਮਾਜ ਵਿੱਚ ਨਿਰਾਦਰ ਕਰਨ ਵਾਲੇ ਪਿੰਡ ਸਿੱਲ ਦੇ ਲੋਕਾਂ ਖਿਲਾਫ਼ ਪੁਲੀਸ ਨੇ ਅਜੇ ਤੱਕ ਕੇਸ ਵੀ ਦਰਜ ਨਹੀਂ ਕੀਤਾ|
ਉਨ੍ਹਾਂ ਕਿਹਾ ਕਿ ਜੇਕਰ 24 ਜੂਨ ਤੱਕ ਘੜੂੰਆਂ ਪੁਲੀਸ ਚੌਂਕੀ ਵਿੱਚ ਉਕਤ ਮਹਿਲਾ ਦੀ ਮਾਰਕੁੱਟ ਕਰਨ ਅਤੇ ਜਾਤੀਸੂਚਕ ਅਪਸ਼ਬਦ ਕਹਿਣ ਵਾਲਿਆਂ ਖਿਲਾਫ ਕੇਸ ਦਰਜ ਨਾ ਕੀਤਾ ਗਿਆ ਤਾਂ 25 ਜੂਨ ਨੂੰ ਸਵੇਰੇ 11 ਵਜੇ ਐਸ.ਐਸ.ਪੀ. ਮੁਹਾਲੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਔਰਤ ਨੂੰ ਇਨਸਾਫ ਦਿਵਾਉਣ ਲਈ ਪਿੰਡ ਸਿੱਲ ਦੇ ਉਕਤ ਲੋਕਾਂ ਖਿਲਾਫ਼ ਆਈ.ਪੀ.ਸੀ. ਦੀਆਂ ਅਤੇ ਐਸ.ਸੀ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਦੀ ਮੰਗ ਕੀਤੀ ਜਾਵੇਗੀ|
ਇਸ ਮੌਕੇ ਫਰੰਟ ਦੇ ਅਹੁਦੇਦਾਰਾਂ ਵਿੱਚ ਅਵਤਾਰ ਸਿੰਘ ਮੱਕੜਿਆਂ, ਗੁਰਮੇਲ ਸਿੰਘ ਮੱਕੜਿਆਂ, ਵਰਿੰਦਰ ਸਿੰਘ ਬਿੱਟੂ ਸਿੱਲ (ਜਨਰਲ ਸਕੱਤਰ), ਹਰਨੇਕ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ ਮੌਲੀ ਬੈਦਵਾਨ, ਚਰਨਜੀਤ ਸਿੰਘ ਚੰਨੀ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਨਾਗਰ ਸਿੰਘ ਮੱਕੜਿਆਂ, ਹਰਭਜਨ ਸਿੰਘ ਨੰਬਰਦਾਰ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *