ਅਨੁਸੂਚਿਤ ਜਾਤੀ ਦੇ 2.5 ਲੱਖ ਵਿਦਿਆਰਥੀਆਂ ਤੋਂ ਫੀਸਾਂ ਦੀ ਮੰਗ ਕਰਨ ਲਈ ਮਜਬੂਰ ਹਨ 1650 ਅਨਏਡਿਡ ਕਾਲਜ : ਜੈਕ

ਐਸ. ਏ. ਐਸ. ਨਗਰ, 12 ਸਤੰਬਰ (ਸ.ਬ.) ਜੁਆਇੰਟ  ਐਸੋਸੀਏਸ਼ਨ ਆਫ ਕਾਲੇਜਿਸ (ਜੈਕ) ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ 20 ਸਤੰਬਰ ਤੋਂ ਪਹਿਲਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਜਾਂਚ ਪੂਰੀ ਕਰੇ| ਜੈਕ ਨੇ ਕਿਹਾ ਕਿ ਸਰਕਾਰ ਨੂੰ 309 ਕਰੋੜ ਤੁਰੰਤ ਜਾਰੀ ਕਰਨੇ ਚਾਹੀਦੇ ਹਨ ਅਤੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ 1500 ਕਰੋੜ  ਬਕਾਇਆ ਕੌਣ ਅਦਾ ਕਰੇਗਾ|
ਜੈਕ ਦੇ ਪ੍ਰਧਾਨ ਸ੍ਰ. ਜਗਜੀਤ ਸਿੰਘ ਅਤੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਜੇਕਰ ਸਰਕਾਰ ਸਕਾਲਰਸ਼ਿਪ ਦਾ ਪੈਸਾ ਵਿਦਿਆਰਥੀਆਂ ਨੂੰ ਜਾਰੀ ਨਹੀਂ ਕਰਦੀ ਤਾਂ 1650 ਅਨਏਡਿਡ ਕਾਲਜ 2.5 ਲੱਖ ਐਸ.ਸੀ. ਵਿਦਿਆਰਥੀਆਂ ਤੋਂ ਫੀਸ ਮੰਗਣ ਲਈ ਮਜਬੂਰ ਹੋ ਜਾਣਗੇ ਜਿਨਾਂ ਨੂੰ ਉਹ ਪਿਛਲੇ 3-4 ਸਾਲਾਂ ਤੋਂ ਮੁਫਤ ਪੜ੍ਹਾ ਰਹੇ ਹਨ|
ਜੈਕ ਦੇ ਪੈਟਰਨ ਸ੍ਰ. ਮਨਜੀਤ ਸਿੰਘ ਪੈਟਰਨ ਅਤੇ ਕੋ-ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਪਿਛਲੇ 3-4 ਸਾਲਾਂ ਤੋਂ ਸਰਕਾਰ ਨੇ ਆਡਿਟ ਅਤੇ ਜਾਂਚ ਤੋਂ ਇਲਾਵਾ ਕੁਝ ਨਹੀਂ ਕੀਤਾ ਹੈ| ਨਾ ਹੀ ਸਰਕਾਰ ਨੇ ਕਾਲਜਾਂ ਨੂੰ ਸਕਾਲਰਸ਼ਿਪ ਜਾਰੀ ਕੀਤੀ ਅਤੇ ਨਾ ਹੀ ਵਿਦਿਆਰਥੀਆਂ ਨੇ ਫੀਸਾਂ ਦਿੱਤੀਆਂ ਹਨ| ਸਕਾਲਰਸ਼ਿਪ ਦਾ ਬਕਾਇਆ ਵੱਧਦੇ-ਵੱਧਦੇ 1850 ਕਰੋੜ ਹੋ ਗਿਆ ਹੈ ਜੋ ਹੁਣ ਕੰਟਰੋਲ ਤੋਂ ਬਾਹਰ ਹੈ|
ਇਸ ਸੰਬੰਧੀ ਜੈਕ ਵਲੋਂ ਵੀਡਿਓ ਕਾਨਫਰੰਸਿੰਗ ਰਾਹੀਂ ਕੀਤੀ ਇੱਕ ਮੀਟਿੰਗ ਵਿੱਚ ਵਿਦਿਆਰਥੀਆਂ ਤੋਂ ਫੀਸਾਂ ਮੰਗਣ ਦਾ ਫੈਸਲਾ ਲਿਆ ਗਿਆ ਕਿਉਂਕਿ ਸਰਕਾਰ ਪਿਛਲੇ 3-4 ਸਾਲਾਂ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਭੁਗਤਾਨ ਕਰਨ ਵਿੱਚ ਅਸਫਲ ਰਹੀ ਹੈ| ਮੀਟਿੰਗ ਵਿੱਚ ਸ੍ਰ. ਸਤਨਾਮ ਸਿੰਘ ਸੰਧੂ, ਚੀਫ ਪੈਟਰਨ ਜੈਕ, ਸ੍ਰ. ਚਰਨਜੀਤ ਸਿੰਘ ਵਾਲੀਆ ਸਰਪ੍ਰਸਤ ਜੈਕ, ਸ੍ਰ. ਸੁਖਮੰਦਰ ਸਿੰਘ ਚੱਠਾ ਜਨਰਲ ਸੱਕਤਰ ਜੈਕ, ਸ੍ਰ. ਨਿਰਮਲ ਸਿੰਘ ਸੀਨੀਅਰ ਮੀਤ ਪ੍ਰਧਾਨ ਜੈਕ, ਸ਼੍ਰੀ ਸਿਮਾਂਸ਼ੂ ਗੁਪਤਾ ਵਿੱਤ ਸਕੱਤਰ, ਸ੍ਰ. ਰਾਜਿੰਦਰ ਸਿੰਘ ਧਨੋਆ ਸਕੱਤਰ, ਸ੍ਰ. ਜਸਨੀਕ ਸਿੰਘ ਕੱਕੜ, ਸ੍ਰ. ਸਤਵਿੰਦਰ ਸਿੰਘ ਸੰਧੂ ਅਤੇ ਸ਼੍ਰੀ ਵਿਪਨ ਸ਼ਰਮਾ ਉਪ ਪ੍ਰਧਾਨ ਮੌਜੂਦ ਸਨ|

Leave a Reply

Your email address will not be published. Required fields are marked *