ਅਪਰਾਧੀਆਂ ਤੇ ਕਾਬੂ ਕਰਨ ਵਿੱਚ ਮਦਦਗਾਰ ਹੋਣਗੇ ਸ਼ਹਿਰ ਵਿੱਚ ਲੱਗਣ ਵਾਲੇ ਸੀ ਸੀ ਟੀ ਵੀ ਕੈਮਰੇ

ਅਖੀਰਕਾਰ ਸ਼ਹਿਰ ਦੇ ਵੱਖ ਵੱਖ ਟ੍ਰੈਫਿਕ ਲਾਈਟ ਪਾਇੰਟਾਂ ਅਤੇ ਹੋਰਨਾਂ ਮਹੱਤਵਪੂਰਨ ਥਾਵਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ  ਕਾਰਵਾਈ ਚਾਲੂ ਹੋ ਹੀ ਗਈ ਹੈ| ਇਸ ਸੰਬੰਧੀ ਜਿਲ੍ਹਾ ਪੁਲੀਸ ਵਲੋਂ ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਲਗਾਏ ਜਾ ਰਹੇ ਇਹਨਾਂ ਸੀ ਸੀ ਟੀ ਵੀ ਕੈਮਰਿਆਂ ਵਾਸਤੇ ਇੱਕ ਕੰਟਰੋਲ ਰੂਮ ਵੀ ਬਣਾਇਆ ਜਾ ਰਿਹਾ ਹੈ ਜਿੱਥੇ ਸ਼ਹਿਰ ਵਿੱਚ ਲੱਗੇ ਇਹਨਾਂ ਤਮਾਮ ਕੈਮਰਿਆਂ ਦੀ ਮਦਦ ਨਾਲ ਮੁਕੰਮਲ ਨਜਰ ਰੱਖੀ ਜਾ ਸਕੇਗੀ| ਅਜਿਹਾ ਹੋਣ ਨਾਲ ਜਿੱਥੇ ਸ਼ਹਿਰ ਵਿੱਚ ਟ੍ਰੈਫਿਕ  ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਲਕਾਂ ਦੇ ਖਿਲਾਫ ਬਿਹਤਰ ਢੰਗ ਨਾਲ ਕਾਰਵਾਈ ਸੰਭਵ ਹੋ ਸਕੇਗੀ ਉੱਥੇ ਵੱਖ ਵੱਖ ਸੜਕ ਹਾਦਸਿਆਂ ਮੌਕੇ  ਵੀ ਪੁਲੀਸ ਬਿਹਤਰ ਕਾਰਵਾਈ ਕਰਨ ਦੀ ਸਮਰਥ ਹੋ ਸਕੇਗੀ| ਇਸਦੇ ਨਾਲ ਨਾਲ ਅਜਿਹੇ ਸਮਾਜ ਵਿਰੋਧੀ ਅਨਸਰਾਂ ਤੇ ਵੀ ਨਿਗਾਹ ਰੱਖਣੀ ਆਸਾਨ ਹੋ ਜਾਵੇਗੀ ਜਿਹਨਾਂ ਵਲੋਂ ਸਮੇਂ ਸਮੇਂ ਤੇ ਸਮਾਜ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ|
ਸ਼ਹਿਰ ਵਿੱਚ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਮੰਗ ਬਹੁਤ ਪੁਰਾਣੀ ਹੈ ਅਤੇ ਇਸਦੀ ਸ਼ੁਰੂਆਤ ਸਾਲ 2011 ਵਿੱਚ ਹੋਈ ਸੀ| ਉਸ ਵੇਲੇ ਦੇ ਜਿਲ੍ਹਾ ਪੁਲੀਸ ਮੁਖੀ ਸ੍ਰ. ਗੁਰਪ੍ਰੀਤ ਸਿੰਘ ਭੁੱਲਰ ਵਲੋਂ  ਸ਼ਹਿਰ ਦੀ ਸੁਰਖਿਆ ਵਿਵਸਥਾ ਵਿੱਚ ਲੋੜੀਂਦਾ ਸੁਧਾਰ ਕਰਨ ਲਈ ਉਸ ਵੇਲੇ ਦੇ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਨੂੰ ਸ਼ਹਿਰ ਦੀਆਂ ਪ੍ਰਮੁਖ ਥਾਵਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਉਣ ਸੰਬੰਧੀ ਤਜਵੀਜ ਦਿੱਤੀ ਗਈ ਸੀ| ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਲੋਂ ਇਸ ਸੰਬੰਧੀ ਗਮਾਡਾ ਨਾਲ ਤਾਲਮੇਲ ਵੀ ਆਰੰਭ ਕੀਤਾ ਗਿਆ ਸੀ ਪਰੰਤੂ ਕੁੱਝ ਸਮੇਂ ਬਾਅਦ ਪਹਿਲਾਂ ਜਿਲ੍ਹਾ ਪੁਲੀਸ ਮੁਖੀ ਦੀ ਬਦਲੀ ਹੋਣ ਤੋਂ ਬਾਅਦ ਪੁਲੀਸ ਵਲੋਂ ਆਪਣੀ ਇਸ ਤਜਵੀਜ ਦੀ ਪੈਰਵੀ ਨਾ ਹੋਣ ਕਾਰਨ ਅਤੇ ਉਸ ਵੇਲੇ ਦੇ ਜਿਲ੍ਹਾ ਯੋਜਨਾ ਕਮੇਟੀ ਦੇ  ਚੇਅਰਮੈਨ ਵਲੋਂ ਮੁਹਾਲੀ ਦੀ ਥਾਂ ਜੀਰਕਪੁਰ ਵਿਧਾਨਸਭਾ ਹਲਕੇ ਤੋਂ ਚੋਣ ਲੜਣ ਦਾ ਫੈਸਲਾ ਕਰਨ ਅਤੇ ਉਸ ਪਾਸੇ ਧਿਆਨ ਕੇਂਦਰਿਤ ਕਰਨ ਨਾਲ ਇਹ ਤਜਵੀਜ ਗਮਾਡਾ ਦੀ ਕਾਗਜੀ ਕਾਰਵਾਈ ਵਿੱਚ ਹੀ ਉਲਝ ਕੇ ਰਹਿ ਗਈ ਸੀ|
ਢਾਈ ਕੁ ਸਾਲ ਪਹਿਲਾਂ ਜਦੋਂ ਪੰਜਾਬ ਸਰਕਾਰ ਵਲੋਂ ਐਸ ਐਸ ਪੀ ਸ੍ਰ. ਗੁਰਪ੍ਰੀਤ ਸਿੰਘ ਭੁੱਲਰ ਨੂੰ ਦੁਬਾਰਾ ਜਿਲ੍ਹੇ ਦਾ ਐਸ ਐਸ ਪੀ ਨਿਯੁਕਤ ਕੀਤਾ ਗਿਆ ਸੀ ਤਾਂ ਉਹਨਾਂ ਵਲੋਂ ਫਿਰ ਨਵੇਂ ਸਿਰੇ ਤੋਂ ਇਹ ਤਜਵੀਜ ਤਿਆਰ ਕਰਕੇ ਗਮਾਡਾ ਨੂੰ ਭੇਜੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਗਮਾਡਾ ਵਲੋਂ  ਸ਼ਹਿਰ ਦੇ ਵੱਖ ਵੱਖ ਟ੍ਰੈਫਿਕ ਲਾਈਟ ਪਾਇੰਟਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਏ ਜਾਣ ਸੰਬੰਧੀ ਪ੍ਰੋਜੈਕਟ ਨੂੰ ਮੰਜੂਰ ਕਰ ਲਿਆ ਗਿਆ ਸੀ| ਪਿਛਲੇ ਸਾਲ ਗਮਾਡਾ ਵਲੋਂ ਇਸ ਪ੍ਰੋਜੈਕਟ ਨੂੰ ਰਸਮੀ ਮੰਜੂਰੀ ਦਿੰਦਿਆਂ ਇਹ ਐਲਾਨ ਕੀਤਾ ਗਿਆ ਸੀ ਕਿ ਛੇਤੀ ਹੀ ਸ਼ਹਿਰ ਦੀਆਂ ਵੱਖ ਵੱਖ ਟ੍ਰੈਫਿਕ ਲਾਈਟਾਂ ਤੇ ਸੀ ਟੀ ਵੀ ਕੈਮਰੇ ਲਗਾਉਣ ਦਾ ਕੰਮ ਮੁਕੰਮਲ ਕਰ ਦਿੱਤਾ  ਜਾਵੇਗਾ ਅਤੇ ਅਖੀਰਕਾਰ ਇਹ ਕੰਮ ਚਾਲੂ ਹੋ ਗਿਆ ਹੈ|
ਸ਼ਹਿਰ ਵਿੱਚ ਮਹੱਤਵਪੂਰਨ ਥਾਵਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਇਹ ਕਾਰਵਾਈ ਸੁਆਗਤਯੋਗ ਹੈ ਅਤੇ ਇਹ ਸ਼ਹਿਰ ਵਿੱਚ ਵਾਪਰਦੇ ਅਪਰਾਧਾਂ ਨੂੰ ਕਾਬੂ ਕਰਨ ਵਿੱਚ ਸਹਾਇਕ   ਹੋਵੇਗੀ| ਇਸ ਨਾਲ ਜਿੱਥੇ ਸ਼ਹਿਰ ਵਿੱਚ ਵੱਡੀ ਪੱਧਰ ਤੇ ਹੋਣ ਵਾਲੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਕਾਰਵਾਈ ਤੇ ਲਗਾਮ ਕਸੀ ਜਾ ਸਕੇਗੀ ਉੱਥੇ ਇਸ ਵਿਵਸਥਾ ਦੇ ਲਾਗੂ ਹੋਣ ਨਾਲ ਸ਼ਹਿਰ ਵਿੱਚ ਵਾਪਰਦੇ ਅਪਰਾਧਾਂ ਦੀ ਦਰ ਵਿੱਚ ਵੀ ਕਮੀ ਆਏਗੀ| ਇਹਨਾਂ ਕੈਮਰਿਆਂ ਦੇ ਕੰਮ ਕਰਨ ਨਾਲ ਸ਼ਹਿਰ ਵਿੱਚ ਕਿਸੇ ਵੀ ਵਾਰਦਾਤ ਵਿੱਚ ਸ਼ਾਮਿਲ ਵਿਅਕਤੀਆਂ ਦੀ ਪਹਿਚਾਨ ਦੀ ਪੁਖਤਾ ਜਾਣਕਾਰੀ ਹਾਸਿਲ ਹੋਣ ਦੀ ਸੰਭਾਵਨਾ ਵੀ ਪਹਿਲਾਂ ਨਾਲੋਂ ਵੱਧ ਜਾਏਗੀ|
ਚਾਹੀਦਾ ਤਾਂ ਇਹ ਹੈ ਕਿ ਸ਼ਹਿਰ ਦੀਆਂ ਸਭਤੋਂ ਵੱਧ ਵਿਅਸਤ ਰਹਿਣ ਵਾਲੀਆਂ ਟ੍ਰੈਫਿਕ ਲਾਈਟਾਂ ਦੇ ਨਾਲ ਨਾਲ ਸ਼ਹਿਰ ਵਿੱਚਲੀਆਂ ਹੋਰਨਾਂ ਜਨਤਕ ਥਾਵਾਂ (ਜਿਵੇਂ ਵੱਖ ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ, ਵੱਡੇ ਪਾਰਕਾਂ ਅਤੇ ਸ਼ਹਿਰ ਵਿੱਚ ਦਾਖਿਲ ਹੋਣ ਵਾਲੇ ਮੁੱਖ ਐਂਟਰੀ ਪਾਇੰਟਾਂ) ਤੇ ਵੀ ਅਜਿਹੇ ਸੀ ਸੀ ਟੀ ਵੀ ਕੈਮਰੇ ਲਗਾਏ ਜਾਣ ਅਤੇ ਸ਼ਹਿਰ ਦੇ ਮਾਹੌਲ ਤੇ 24 ਘੰਟੇ ਨਿਗਰਾਨੀ ਦਾ ਪ੍ਰਬੰਧ ਕੀਤਾ ਜਾਵੇ| ਕਿਸੇ ਵੀ ਜੁਰਮ ਤੋਂ ਬਾਅਦ ਫੜੇ ਜਾਣ ਦਾ ਡਰ ਹੀ ਮੁਜਰਿਮ ਨੂੰ ਜੁਰਮ ਕਰਨ ਤੋਂ ਰੋਕਣ ਦਾ ਸਮਰਥ ਹੋ ਸਕਦਾ ਹੈ ਅਤੇ ਜੇਕਰ ਪ੍ਰਸ਼ਾਸ਼ਨ ਵਲੋਂ ਸ਼ਹਿਰ ਦੀ ਨਿਗਰਾਨੀ ਦਾ ਅਜਿਹਾ ਹਾਈਟੈਕ ਪ੍ਰਬੰਧ ਅਮਲ ਵਿੱਚ ਲਿਆ ਦਿੱਤਾ ਜਾਵੇ ਕਿ ਕੋਈ ਵੀ ਅਪਰਾਧੀ ਜੁਰਮ ਕਰਨ ਤੋਂ ਬਾਅਦ ਇਸ ਨਿਗਰਾਨੀ ਤੋਂ ਬਚਣ ਦੀ ਹਾਲਤ ਵਿੱਚ ਨਾ ਹੋਵੇ ਤਾਂ ਅਪਰਾਧਾਂ ਦੀ ਦਰ ਵਿੱਚ ਵੱਡੀ ਗਿਰਾਵਟ ਆ ਸਕਦੀ ਹੈ| ਅੱਜ ਦੇ ਹਾਈਟੈਕ ਸਮੇਂ ਵਿੱਚ ਜਦੋਂ ਅਪਰਾਧੀ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਖੁਦ ਦੇ ਬਚਣ ਦਾ ਪ੍ਰਬੰਧ ਕਰਨ ਵਿੱਚ ਸਫਲ ਹੋ ਜਾਂਦੇ ਹਨ, ਮੁਜਰਿਮਾਂ ਨੂੰ ਕਾਬੂ ਕਰਨ ਲਈ ਵੀ ਹਾਈ ਟੈਕ ਪ੍ਰਬੰਧ ਕੀਤੇ ਜਾਣੇ ਬਹੁਤ ਜਰੂਰੀ ਹਨ ਅਤੇ ਇਸ ਲਈ ਸ਼ਹਿਰ ਦੀਆਂ ਤਮਾਮ ਮਹੱਤਵਪੂਰਟ ਥਾਵਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਏ ਜਾਣੇ ਚਾਹੀਦੇ ਹਨ|

Leave a Reply

Your email address will not be published. Required fields are marked *