ਅਪਰਾਧੀਆਂ ਦੀ ਸ਼ਰਨਸਥਲੀ ਬਣ ਰਹੀ ਹੈ ਭਾਰਤੀ ਰਾਜਨੀਤੀ

ਅਪਰਾਧੀਆਂ ਦੀ ਸ਼ਰਨਸਥਲੀ ਬਣ ਰਹੀ ਹੈ ਭਾਰਤੀ ਰਾਜਨੀਤੀ
ਹਰ ਚੋਣਾਂ ਮੌਕੇ ਵਾਪਰਦੀਆਂ ਹਨ ਹਿੰਸਕ ਘਟਨਾਵਾਂ
ਐਸ ਏ ਐਸ ਨਗਰ, 10 ਜਨਵਰੀ (ਸ.ਬ.) ਭਾਰਤ ਦੀ ਰਾਜਨੀਤੀ ਹੁਣ ਅਪਰਾਧੀਆਂ ਦੀ ਸ਼ਰਨਸਥਲੀ ਬਣ ਗਈ ਹੈ| ਵੱਡੀ ਗਿਣਤੀ ਰਾਜਸੀ ਨੇਤਾਵਾਂ ਉਪਰ ਜਿੱਥੇ ਭ੍ਰਿਸ਼ਟਾਚਾਰ ਦੇ ਮਾਮਲੇ ਚੱਲ ਰਹੇ ਹਨ, ਉੱਥੇ ਉਹਨਾਂ ਖਿਲਾਫ ਅਪਰਾਧਿਕ ਮਾਮਲੇ ਵੀ ਚੱਲ ਰਹੇ ਹਨ| ਕਈ ਨੇਤਾ ਤਾਂ ਕਤਲ ਤੇ ਸਮੂਹਿਕ ਕਤਲੇਆਮ ਦੇ ਦੋਸ਼ਾਂ ਦਾ ਸਾਹਮਣਾ ਵੀ ਕਰ ਰਹੇ ਹਨ|
ਕੁਝ ਦਹਾਕੇ ਪਹਿਲਾਂ ਤਕ ਭਾਰਤ ਵਿੱਚ ਰਾਜਨੀਤੀ ਕੁਝ ਸਾਫ ਸੁਥਰੀ ਹੁੰਦੀ ਸੀ ਪਰ ਉਸ ਸਮੇਂ ਵੀ ਕੁਝ ਰਾਜਸੀ ਆਗੂਆਂ ਵਲੋਂ ਸੱਤਾ ਪ੍ਰਾਪਤੀ ਲਈ ਅਤੇ ਆਪਣੇ ਵਿਰੋਧੀਆਂ ਨੂੰ ਖੁੱਡੇ ਲਾਉਣ ਲਈ ਗੁੰਡਾ ਅਨਸਰਾਂ ਦਾ ਸਹਾਰਾ ਲਿਆ ਜਾਂਦਾ ਸੀ| ਬਾਅਦ ਵਿੱਚ ਗੁੰਡਾ ਅਨਸਰ ਅਤੇ ਅਪਰਾਧੀ ਖੁਦ ਚੋਣਾਂ ਵਿੱਚ ਹਿੱਸਾ ਲੈਣ ਲੱਗ ਪਏ ਅਤੇ ਇਹ ਗੁੰਡਾ ਅਨਸਰ ਇਸ ਸਮੇਂ ਭਾਰਤ ਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ| ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਹਰ ਕੇਂਦਰੀ ਸਰਕਾਰ ਦੇ ਮੁਕਾਬਲੇ ਗੁੰਡਾ ਅਨਸਰਾਂ ਦੀ ਆਪਣੀ ਵੱਖਰੀ ਸਰਕਾਰ ਵੀ ਗੈਰਕਾਨੂੰਨੀ ਤਰੀਕੇ ਨਾਲ ਚੱਲ ਰਹੀ ਹੈ, ਜਿਸ ਨੂੰ ਰੋਕਣ ਦਾ ਜਿਗਰਾ ਅਜੇ ਤੱਕ ਕੋਈ ਨਹੀਂ ਵਿਖਾ ਸਕਿਆ|
ਵੱਡੀ ਗਿਣਤੀ ਰਾਜਸੀ ਆਗੂ ਬਾਹੁਬਲੀ ਤੇ ਅਪਰਾਧਿਕ ਪਿਛੋਕੜ ਵਾਲੇ ਹਨ, ਜੋ ਕਿ ਕਿਸੇ ਨਾ ਕਿਸੇ ਮਾਮਲੇ ਵਿੱਚ ਦੋਸ਼ੀ ਵੀ ਪਾਏ ਜਾਂਦੇ ਹਨ ਪਰ ਉਚੀ ਰਾਜਸੀ ਪਹੁੰਚ ਕਾਰਨ ਉਹ ਸਜਾ ਤੋਂ ਬਚਦੇ ਰਹਿੰਦੇ ਹਨ| ਅਕਸਰ ਹੀ ਰਾਜਸੀ ਪਾਰਟੀਆਂ ਵੀ ਅਜਿਹੇ ਅਪਰਾਧੀ ਪਿਛੋਕੜ ਵਾਲੇ ਗੁੰਡਾ ਅਨਸਰਾਂ ਨੂੰ ਪਾਲ ਕੇ ਰੱਖਦੀਆਂ ਹਨ ਤਾਂ ਕਿ ਚੋਣਾਂ ਵੇਲੇ ਇਹਨਾਂ ਦੀ ਸਹਾਇਤਾ ਲਈ ਜਾ ਸਕੇ| ਇਹ ਕਾਰਨ ਹੈ ਕਿ ਭਾਰਤ ਦੇ ਹਰ ਇਲਾਕੇ ਵਿੱਚ ਬੂਥਾਂ ਉਪਰ ਕਬਜੇ, ਵਿਰੋਧੀਆਂ ਉਪਰ ਹਮਲੇ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ|
ਪੰਜਾਬ ਵਿੱਚ ਕੁਝ ਦਿਨ ਪਹਿਲਾਂ ਹੋਈਆਂ ਪੰਚਾਇਤ ਚੋਣਾਂ ਦੌਰਾਨ ਵੀ ਗੁੰਡਾ ਅਨਸਰਾਂ ਵਲੋਂ ਖੁਲ੍ਹੀ ਖੇਡ ਖੇਡੀ ਗਈ ਹੈ| ਆਪਣੇ ਰਾਜਸੀ ਆਕਾਵਾਂ ਦੇ ਹੁਕਮ ਤੇ ਇਹਨਾਂ ਗੁੰਡਾ ਅਨਸਰਾਂ ਵਲੋਂ ਵਿਰੋਧੀ ਉਮੀਦਵਾਰਾਂ ਉਪਰ ਹਮਲੇ ਕਰਨ ਤੱਕ ਦੀਆਂ ਘਟਨਾਵਾਂ ਵਾਪਰੀਆਂ ਹਨ| ਇਹ ਕੰਮ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਜਾਰੀ ਰਿਹਾ| ਬਰਨਾਲਾ ਜਿਲ੍ਹੇ ਵਿੱਚ ਇਕ ਪਿੰਡ ਵਿੱਚ ਜਿੱਤੇ ਅਕਾਲੀ ਸਰਪੰਚ ਦੀਆਂ ਗੁੰਡਾ ਅਨਸਰਾਂ ਨੇ ਕੁਟਮਾਰ ਕਰਕੇ ਲੱਤਾਂ ਬਾਹਾਂ ਤੋੜ ਦਿੱਤੀਆਂ, ਜਿਸ ਤੋਂ ਪਤਾ ਚੱਲ ਜਾਂਦਾ ਹੈ ਕਿ ਰਾਜਨੀਤੀ ਵਿੱਚ ਅਪਰਾਧੀਪੁਣਾ ਕਿੰਨਾ ਵੱਧ ਗਿਆ ਹੈ|
ਰਾਜਨੀਤੀ ਵਿੱਚ ਵੱਧ ਰਿਹਾ ਅਪਰਾਧੀਪੁਣਾ ਲੋਕਤੰਤਰ ਲਈ ਗੰਭੀਰ ਖਤਰਾ ਹੈ ਪਰ ਹਰ ਰਾਜਸੀ ਪਾਰਟੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਨਾਲ ਜੁੜੀ ਹੋਈ ਹੈ ਅਤੇ ਇਸ ਵਿੱਚ ਕਮੀ ਆਉਣ ਦੀ ਦੂਰ ਦੂਰ ਤਕ ਕੋਈ ਸੰਭਾਵਨਾ ਨਹੀਂ ਹੈ|

Leave a Reply

Your email address will not be published. Required fields are marked *