ਅਫਗਾਨਿਸਤਾਨ ਨੂੰ ਮੁੜ ਅੱਤਵਾਦੀਆਂ ਦਾ ਅੱਡਾ ਨਹੀਂ ਬਣਨ ਦੇਵਾਂਗੇ : ਅਮਰੀਕਾ

ਵਾਸ਼ਿੰਗਟਨ, 29 ਜਨਵਰੀ (ਸ.ਬ.) ਵ੍ਹਾਈਟ ਹਾਊਸ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਟਰੰਪ ਪ੍ਰਸ਼ਾਸਨ ਦੀ ਤਰਜੀਹ ਯੁੱਧ ਖਤਮ ਕਰਨਾ ਹੈ| ਇਸ ਦੇ ਨਾਲ ਹੀ ਇਹ ਯਕੀਨੀ ਕਰਨਾ ਹੈ ਕਿ ਗ੍ਰਹਿ ਯੁੱਧ ਨਾਲ ਬਰਬਾਦ ਹੋਇਆ ਇਹ ਦੇਸ਼ ਮੁੜ ਅੱਤਵਾਦੀਆਂ ਦਾ ਅੱਡਾ ਨਾ ਬਣੇ| ਵ੍ਹਾਈਟ ਹਾਊਸ ਨੇ ਇਹ ਬਿਆਨ ਅਮਰੀਕਾ ਦੀ ਤਾਲਿਬਾਨ ਨਾਲ ਵਾਰਤਾ ਨੂੰ ਲੈ ਕੇ ਆ ਰਹੀਆਂ ਖਬਰਾਂ ਦੌਰਾਨ ਦਿੱਤਾ ਹੈ|
ਵ੍ਹਾਈਟ ਹਾਊਸ ਦੀ ਬੁਲਾਰਨ ਸਾਰਾ ਸੈਂਡਰਸ ਨੇ ਪੱਤਰਕਾਰਾਂ ਨੂੰ ਦੱਸਿਆ,”ਸਾਡੀ ਤਰਜੀਹ ਅਫਗਾਨਿਸਤਾਨ ਵਿਚ ਯੁੱਧ ਖਤਮ ਕਰਨਾ ਅਤੇ ਇਹ ਯਕੀਨੀ ਕਰਨਾ ਹੈ ਕਿ ਉਹ ਮੁੜ ਅੱਤਵਾਦੀਆਂ ਦਾ ਅੱਡਾ ਨਾ ਬਣੇ|” ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਗੱਲਬਾਤ ਜਾਰੀ ਹੈ| ਇਸ ਤੋਂ ਪਹਿਲਾਂ ਇਕ ਅੰਗਰੇਜ਼ੀ ਅਖਬਾਰ ਨੇ ਖਬਰ ਦਿੱਤੀ ਸੀ ਕਿ ਅਮਰੀਕਾ ਅਤੇ ਤਾਲਿਬਾਨ ਅਫਗਾਨਿਸਤਾਨ ਵਿਚ ਸ਼ਾਂਤੀ ਲਈ ਸਿਧਾਂਤਕ ਰੂਪ ਨਾਲ ਸਮਝੌਤੇ ਤੇ ਪਹੁੰਚ ਚੁੱਕੇ ਹਨ|
ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਪੈਟ੍ਰਿਕ ਸ਼ੈਨਹੇਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤਾਲਿਬਾਨ ਨਾਲ ਹੋਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਜ਼ਲਮਯ ਖਲੀਲਜ਼ਾਦ ਦੀ ਗੱਲਬਾਤ ਉਤਸ਼ਾਹਿਤ ਕਰਨ ਵਾਲੀ ਰਹੀ| ਉਨ੍ਹਾਂ ਨੇ ਕਿਹਾ ਕਿ ਪੇਂਟਾਗਨ ਨੂੰ ਅਫਗਾਨਿਤਾਨ ਵਿਚੋਂ ਪੂਰੀ ਤਰ੍ਹਾਂ ਫੌਜੀਆਂ ਦੀ ਵਾਪਸੀ ਲਈ ਨਹੀਂ ਕਿਹਾ ਗਿਆ| ਨਾਟੋ ਦੇ ਜਨਰਲ ਸਕੱਤਰ ਸਟੋਲਨਬਰਗ ਨੇ ਪੇਂਟਾਗਨ ਨੂੰ ਕਿਹਾ ਕਿ ਨਾਟੋ ਅਫਗਾਨਿਸਤਾਨ ਵਿਚ ਅਮਰੀਕਾ ਨਾਲ ਹੈ| ਉਨ੍ਹਾਂ ਨੇ ਕਿਹਾ,”ਅਸੀਂ ਤਾਲਿਬਾਨ ਨਾਲ ਗੱਲਬਾਤ ਦਾ ਸਵਾਗਤ ਕਰਦੇ ਹਾਂ| ਖਲੀਲਜ਼ਾਦ ਨੇ ਕੁਝ ਹਫਤੇ ਪਹਿਲਾਂ ਇਸ ਸਬੰਧ ਵਿਚ ਗਠਜੋੜ ਵਾਲੇ ਸਾਰੇ ਸਾਥੀਆਂ ਨੂੰ ਜਾਣੂ ਕਰਵਾਇਆ ਸੀ|”

Leave a Reply

Your email address will not be published. Required fields are marked *