ਅਫਗਾਨਿਸਤਾਨ ਵਿੱਚ ਵੱਧ ਰਹੀ ਹਿੰਸਾ ਚਿੰਤਾ ਦਾ ਵਿਸ਼ਾ

ਅਫਗਾਨਿਸਤਾਨ ਵਿੱਚ ਰਾਜਧਾਨੀ ਕਾਬਲ ਸਮੇਤ ਦੇਸ਼ ਦੇ ਤਿੰਨ ਸ਼ਹਿਰਾਂ ਵਿੱਚ ਹੋਏ ਲੜੀਵਾਰ ਹਮਲਿਆਂ ਨੇ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ| 50 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈਣ ਵਾਲੇ ਇਹ ਹਮਲੇ ਅਜਿਹੇ ਸਮੇਂ ਵਿੱਚ ਹੋਏ ਹਨ, ਜਦੋਂ ਅਮਰੀਕਾ ਵਿੱਚ ਸੱਤਾ ਤਬਦੀਲੀ ਹੋ ਰਹੀ ਹੈ| ਇੱਕ ਦਿਨ ਦੇ ਫਰਕ ਨਾਲ ਜਾਣ ਵਾਲੇ ਰਾਸ਼ਟਰਪਤੀ ਦੇ ਵਿਦਾਈ ਭਾਸ਼ਣ ਅਤੇ ਆ ਰਹੇ ਰਾਸ਼ਟਰਪਤੀ ਦੇ ਨੀਤੀ ਬਿਆਨ ਦੇ  ਠੀਕ ਵਿਚਾਲੇ ਇਹਨਾਂ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ ਹੈ| ਸੰਭਵ ਹੈ, ਤਾਲਿਬਾਨ ਨੇ ਇਹ ਕਾਰਵਾਈ ਨਵੇਂ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਕੋਈ ਸੁਨੇਹਾ    ਦੇਣ ਲਈ ਕੀਤੀ ਹੋਵੇ|
ਟਰੰਪ ਦੀਆਂ ਚੁਣਾਵੀ ਗੱਲਾਂ ਨਾਲ ਅਜਿਹਾ ਆਭਾਸ ਹੋ ਰਿਹਾ ਹੈ ਕਿ ਉਹ ਵਿਦੇਸ਼ੀ ਮਾਮਲਿਆਂ ਵਿੱਚ ਜ਼ਿਆਦਾ ਸਮੱਸਿਆ ਖੜ੍ਹੀ ਕਰਨਗੇ ਅਤੇ ਆਪਣੀ ਸਰਗਰਮੀ, ਜਿੱਥੇ ਤੱਕ ਹੋ ਸਕੇ, ਅਮਰੀਕਾ ਤੱਕ ਹੀ ਸੀਮਿਤ ਰੱਖਣਗੇ| ਤਾਲਿਬਾਨੀ ਸੰਭਵ ਤੌਰ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਨਾਲ ਅਮਰੀਕਾ ਵਿਵੇਚਿਤ ਅਫਗਾਨ ਹੁਕੂਮਤ ਨੂੰ ਵੀ ਦੱਸਣਾ ਚਾਹੁੰਦੇ ਹਨ ਕਿ ਅਫਗਾਨਿਸਤਾਨ ਵਿੱਚ ਅਮਨ ਕਾਇਮ ਕਰਨ ਦਾ ਅਮਰੀਕੀ ਅਭਿਆਨ ਫਲਾਪ ਹੋ ਚੁੱਕਿਆ ਹੈ, ਅਤੇ ਨਵੇਂ ਹਾਲਾਤ ਵਿੱਚ ਉੱਥੋਂ ਜੋ ਤਾਲਿਬਾਨੀ ਚਾਹੁਣਗੇ, ਉਹੀ           ਹੋਵੇਗਾ| ਅਫਗਾਨਿਸਤਾਨ ਤੋਂ ਨਾਟੋ ਫੌਜਾਂ ਦੀ ਪੂਰੀ ਵਾਪਸੀ ਤੋਂ ਬਾਅਦ ਉੱਥੇ ਅਸ਼ਾਂਤੀ ਵੱਧਦੀ ਜਾ ਰਹੀ ਹੈ|
ਰਾਸ਼ਟਰਪਤੀ ਅਸ਼ਰਫ ਗਨੀ ਹਲਾਤਾਂ ਨੂੰ ਸੰਭਾਲਣ ਵਿੱਚ ਕਾਮਯਾਬ ਨਹੀਂ ਹੋ ਪਾ ਰਹੇ ਹਨ| ਉਨ੍ਹਾਂ ਵਿੱਚ       ਦੇਸ਼ ਦੇ ਵੱਖ-ਵੱਖ ਕਬੀਲਾਈ ਸਮੂਹਾਂ ਨੂੰ ਸਾਧੇ ਰੱਖਣ ਦੀ ਉਸ ਤਰ੍ਹਾਂ ਦੀ ਸਮਰੱਥਾ ਨਹੀਂ ਹੈ, ਜਿਹੋ ਜਿਹੀ ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਵਿੱਚ ਸੀ| ਸ਼ੁਰੂ ਵਿੱਚ ਉਨ੍ਹਾਂ ਨੇ ਸੋਚਿਆ ਕਿ ਪਾਕਿਸਤਾਨ ਨੂੰ ਵਿਸ਼ਵਾਸ ਵਿੱਚ ਲੈ ਲਿਆ ਜਾਵੇ, ਤਾਂ ਤਾਲਿਬਾਨੀ ਆਸਾਨੀ ਨਾਲ ਕਾਬੂ ਵਿੱਚ ਆ ਜਾਣਗੇ ਅਤੇ ਉਨ੍ਹਾਂ ਨੂੰ ਮਨਮਰਜੀ ਨਾਲ ਸਮਝੌਤਾ ਹੋ ਜਾਵੇਗਾ| ਪਰ ਅਜਿਹਾ ਨਹੀਂ ਹੋਇਆ| ਉਹ ਸਮਝ ਨਹੀਂ ਸਕੇ ਕਿ ਉਨ੍ਹਾਂ ਦੇ ਦੇਸ਼ ਵਿੱਚ ਪਾਕਿਸਤਾਨ ਦਾ ਆਪਣਾ ਵੱਖਰਾ      ਏਜੰਡਾ ਹੈ| ਉਹ ਭਾਰਤ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਅਫਗਾਨ ਨੀਤੀ ਤੈਅ ਕਰਦਾ ਹੈ ਅਤੇ ਸਾਰੇ ਤਾਲਿਬਾਨ ਗੁਟ ਉਸਦੇ ਕਹਿਣ ਵਿੱਚ ਵੀ ਨਹੀਂ| ਮੁੱਲਾ ਉਮਰ ਦੀ ਮੌਤ ਤੋਂ ਬਾਅਦ ਤਾਲਿਬਾਨੀ ਰਾਜਨੀਤੀ ਵਿੱਚ ਜੋ ਬਿਖਰਾਓ ਆਇਆ, ਉਸਦੀ ਵੱਖਰੀ ਸਿਰਦਰਦੀ ਹੈ| ਮੁੱਲਾ ਅਖਤਰ ਮੰਸੂਰ ਨੇ ਖੁਦ ਨੂੰ ਨੇਤਾ ਐਲਾਨ ਦਿੱਤਾ ਹੈ ਪਰ ਉਸਦੇ ਕਈ ਜੰਗੀ ਆਈ ਐਸ ਆਈ ਐਸ ਵਿੱਚ ਸ਼ਾਮਿਲ ਹੋ ਗਏ ਹਨ ਅਤੇ ਕੁੱਝ ਨੇ ਆਪਣਾ ਵੱਖਰਾ ਗੁਟ ਖੜਾ ਕਰ ਲਿਆ ਹੈ|
ਅਜਿਹੇ ਵਿੱਚ ਮੁੱਲਾ ਮੰਸੂਰ ਲਈ ਆਪਣੀ ਤਾਕਤ ਦਿਖਾਉਣਾ ਜਰੂਰੀ ਹੋ ਗਿਆ ਹੈ, ਤਾਂ ਕਿ ਉਸਦਾ ਪ੍ਰਭਾਵ ਬਣਿਆ ਰਹੇ| ਅਫਗਾਨਿਸਤਾਨ ਵਿੱਚ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਨੂੰ ਰੋਕਣਾ ਅਫਗਾਨ ਫੌਜ ਅਤੇ ਪੁਲੀਸ ਲਈ ਸੰਭਵ ਨਹੀਂ ਰਹਿ ਗਿਆ ਹੈ| ਫਿਰ ਉਨ੍ਹਾਂ ਨੂੰ ਕੌਣ ਰੋਕੇਗਾ, ਇਹ ਵੱਡਾ ਸਵਾਲ ਹੈ| ਜੇਕਰ ਟਰੰਪ ਸਚਮੁੱਚ ਬਾਹਰ ਖੜੇ ਤਮਾਸ਼ਾ ਵੇਖਦੇ ਰਹਿਣਗੇ, ਤਾਂ ਅਫਗਾਨਿਸਤਾਨ ਵਿੱਚ ਭਾਰੀ ਤਬਾਹੀ ਮਚੇਗੀ, ਜਿਸਦਾ ਨੁਕਸਾਨ ਭਾਰਤ ਵਰਗੇ ਗੁਆਂਢੀ    ਦੇਸ਼ਾਂ ਨੂੰ ਚੁੱਕਣਾ ਪਵੇਗਾ|
ਅਮਰੀਕਾ, ਭਾਰਤ ਅਤੇ ਹੋਰ ਦੇਸ਼ਾਂ ਨੇ ਉੱਥੇ ਜੋ ਵੀ ਪੁਨਰਨਿਰਮਾਣ ਦੇ ਕੰਮ ਸ਼ੁਰੂ ਕੀਤੇ ਹਨ, ਉਹ ਮਿੱਟੀ ਵਿੱਚ ਮਿਲ ਸਕਦੇ ਹਨ| ਸਮੱਸਿਆ ਇਹ ਹੈ ਕਿ ਅਸ਼ਰਫ ਗਨੀ ਦੀ ਸਰਕਾਰ ਆਪਣੀ ਕੋਈ ਆਜਾਦ ਛਵੀ ਨਹੀਂ ਬਣਾ ਰਹੀ ਹੈ| ਉਸਦੀ ਲੋਕਪ੍ਰਿਅਤਾ ਵੀ ਸੀਮਿਤ ਹੈ| ਇਸ ਲਈ ਅਸਲ ਚੁਣੌਤੀ ਉੱਥੇ ਇੱਕ ਅਜਿਹੀ ਸਰਕਾਰ ਬਣਾਉਣ ਦੀ ਹੈ, ਜਿਸ ਨੂੰ ਸਾਰੇ ਵਰਗਾਂ ਦਾ ਸਮਰਥਨ ਪ੍ਰਾਪਤ ਹੋਵੇ| ਨਿਸ਼ਚਿਤ ਰੂਪ ਨਾਲ ਅਫਗਾਨਿਸਤਾਨ ਨੂੰ ਉਸਦੇ ਹਾਲ ਤੇ ਨਹੀਂ ਛੱਡਿਆ ਜਾ ਸਕਦਾ| ਭਾਰਤ ਅਤੇ ਅਮਰੀਕਾ ਨੂੰ ਉੱਥੇ ਹਾਲਤ ਸੰਭਾਲਣ ਲਈ ਖਾਸ ਕੋਸ਼ਿਸ਼ ਕਰਨੀ ਹੋਵੇਗੀ|
ਦਿਲਪ੍ਰੀਤ

Leave a Reply

Your email address will not be published. Required fields are marked *